ਸ੍ਰੀ ਅਨੰਦਪੁਰ ਸਾਹਿਬ 23 ਫਰਵਰੀ (ਪੰਜਾਬੀ ਖ਼ਬਰਨਾਮਾ):ਹੋਲਾ ਮਹੱਲਾ 2024 ਦੀਆਂ ਅਗਾਓ ਤਿਆਰੀਆਂ ਅਤੇ ਪ੍ਰਬੰਧਾਂ ਸਬੰਧੀ ਵਿਚਾਰ ਵਟਾਂਦਰਾਂ ਕਰਨ ਲਈ ਅੱਜ ਡਾ.ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਅਤੇ ਗੁਲਨੀਤ ਸਿੰਘ ਖੁਰਾਨਾ ਐਸ.ਐਸ.ਪੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੇ ਜਿੱਥੇ ਉਨ੍ਹਾਂ ਨੇ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਅਤੇ ਮੈਨੇਜਰ ਗੁਰਦੀਪ ਸਿੰਘ ਰੋਡੇ ਨਾਲ ਹੋਲਾ ਮਹੱਲਾ ਪ੍ਰਬੰਧਾਂ ਸਬੰਧੀ ਵਿਚਾਰ ਵਟਾਂਦਰਾਂ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਡੀ.ਐਸ.ਪੀ ਅਜੇ ਸਿੰਘ, ਵਧੀਕ ਮੈਨੇਜਰ ਹਰਦੇਵ ਸਿੰਘ ਵੀ ਮੋਜੂਦ ਸਨ।

ਡਾ.ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੋਲਾ ਮਹੱਲਾ ਦੇ ਪ੍ਰਬੰਧਾਂ ਲਈ ਨਿਰੰਤਰ ਬੈਠਕਾਂ ਕੀਤੀਆ ਜਾ ਰਹੀਆਂ ਹਨ, ਜਿਲ੍ਹਾਂ ਪ੍ਰਸਾਸ਼ਨ ਅਗਾਓ ਸਾਰੀਆਂ ਤਿਆਰੀਆਂ ਕਰ ਰਿਹਾ ਹੈ। ਸੰਗਤਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ, ਵਿਆਪਕ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ, ਸਟਰੀਟ ਲਾਈਟ, ਸੜਕਾਂ ਦੀ ਮੁਰੰਮਤ, ਪੀਣ ਵਾਲਾ ਪਾਣੀ, ਪਖਾਨੇ, ਵਾਹਨਾਂ ਦੀ ਪਾਰਕਿੰਗ ਦੇ ਕੰਮ ਚੱਲ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਾਰ ਹੋਲਾ ਮਹੱਲਾ ਸਿੰਗਲ ਯੂਜ ਪਲਾਸਟਿਕ ਮੁਕਤ ਮਨਾਇਆ ਜਾਵੇਗਾ, ਇਸ ਦੇ ਲਈ ਸਿੰਘ ਸਾਹਿਬ ਸੰਗਤਾਂ ਨੂੰ ਅਪੀਲ ਕਰਨ ਤਾਂ ਜੋ ਗੁਰੂ ਨਗਰੀ ਨੂੰ ਪ੍ਰਦੂਸ਼ਣ ਮੁਕਤ ਸਾਫ ਸੁਥਰਾ ਰੱਖਿਆ ਜਾਵੇ। ਉਨ੍ਹਾਂ ਨੇ ਸਿੰਘ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਲੰਗਰ ਕਮੇਟੀਆਂ ਨੂੰ ਸਫਾਂਈ ਵਿਵਸਥਾ ਵਿਚ ਸਹਿਯੋਗ ਦੇਣ ਲਈ ਕਹਿਣ। ਸੰਗਤਾਂ ਦੀ ਸਹੂਲਤ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਡਿਪਟੀ ਕਮਿਸ਼ਨਰ ਨੇ ਵਿਸਥਾਰ ਵਿੱਚ ਜਾਣਕਾਰੀ ਸਾਝੀ ਕੀਤੀ।

ਗੁਲਨੀਤ ਸਿੰਘ ਖੁਰਾਨਾ ਐਸ.ਐਸ.ਪੀ ਰੂਪਨਗਰ ਨੇ ਕਿਹਾ ਕਿ ਹੋਲਾ ਮਹੱਲਾ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆਂ ਦੇ ਢੁਕਵੇ ਪ੍ਰਬੰਧ ਕੀਤੇ ਗਏ ਹਨ। ਸੁਚਾਰੂ ਟ੍ਰੈਫਿਕ ਵਿਵਸਥਾ ਬਹਾਲ ਰੱਖਣ ਲਈ ਬਦਲਵੇ ਰੂਟ ਬਣਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਿੰਘ ਸਾਹਿਬ ਸੰਗਤਾਂ ਨੂੰ ਅਪੀਲ ਕਰਨ ਕਿ ਵਾਹਨਾਂ ਉਤੇ ਸਟੰਟ ਕਰਨ ਤੋ ਪ੍ਰਹੇਜ਼ ਕਰਨ, ਟਰੈਕਟਰ ਅਤੇ ਮੋਟਰ ਸਾਈਕਲ ਦੇ ਸਾਈਲੈਸਰ ਖੋਲ ਕੇ ਮੇਲੇ ਵਿਚ ਨਾ ਆਉਣ, ਮੋਟਰਸਾਈਕਲਾਂ ਦੇ ਪਟਾਕੇ ਨਾ ਬਜਾਏ ਜਾਣ, ਟਰੈਕਟਰ, ਟਰਾਲੀਆਂ ਤੇ ਵਾਹਨ ਨਿਰਧਾਰਤ ਪਾਰਕਿੰਗ ਵਿਚ ਹੀ ਖੜ੍ਹੇ ਕਰਨ, ਉੱਚੀ ਅਵਾਜ ਵਿੱਚ ਲਾਊਡ ਸਪੀਕਰ ਵਜਾਉਣ ਤੋ ਪ੍ਰਹੇਜ਼ ਕੀਤਾ ਜਾਵੇ ਅਤੇ ਨਸ਼ਿਆ ਦੀ ਵਰਤੋਂ ਨਾ ਕਰਨ ਬਾਰੇ ਸਿੰਘ ਸਾਹਿਬ ਸਮੁੱਚੀ ਲੋਕਾਈ ਨੂੰ ਅਪੀਲ ਕਰਨ, ਉਨ੍ਹਾਂ ਦਾ ਸੰਗਤ ਤੇ ਵਧੇਰੇ ਪ੍ਰਭਾਵ ਹੈ, ਇਸ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਉਣਗੇ।

  ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੇ ਕਿਹਾ ਕਿ ਪ੍ਰਸਾਸ਼ਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹੋਲਾ ਮਹੱਲਾ ਤੋ ਪਹਿਲਾ ਪ੍ਰਸਾਸ਼ਨ ਸਾਰੇ ਪ੍ਰਬੰਧ ਮੁਕੰਮਲ ਕਰ ਲਵੇ, ਦੇਸ਼ ਵਿਦੇਸ਼ ਤੋ ਆਉਣ ਵਾਲੀਆਂ ਸੰਗਤਾਂ ਨੂੰ ਗੁਰੂ ਨਗਰੀ ਪਹੁੰਚਣ ਤੇ ਉਨ੍ਹਾਂ ਦਾ ਭਰਵਾ ਸਵਾਗਤ ਕੀਤਾ ਜਾਵੇਗਾ। ਗੁਰਦੀਪ ਸਿੰਘ ਰੋਡੇ ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੇ ਕਿਹਾ ਕਿ ਹੋਲਾ ਮਹੱਲਾ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਲੋੜੀਦੇ ਪ੍ਰਬੰਧ ਕਰਨ ਲਈ ਪ੍ਰਸਾਸ਼ਨ ਨਾਲ ਤਾਲਮੇਲ ਰੱਖਿਆ ਜਾਵੇਗਾ। ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੇ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ, ਐਸ.ਐਸ.ਪੀ ਗੁਲਨੀਤ ਸਿੰਘ ਖੁਰਾਨਾ, ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ ਅਤੇ ਹੋਲਾ ਮਹੱਲਾ ਸਮਾਗਮਾਂ ਨੂੰ ਸ਼ਰਧਾ ਭਾਵ ਨਾਲ ਕਰਵਾਉਣ ਦੀ ਅਰਦਾਸ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ, ਐਸ.ਐਸ.ਪੀ ਗੁਲਨੀਤ ਸਿੰਘ ਖੁਰਾਨਾ, ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਦਾ ਸਿਰਾਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾ ਤੋ ਇਲਾਵਾ ਨਾਇਬ ਤਹਿਸੀਲਦਾਰ ਵਿਕਾਸਦੀਪ, ਹਰਪ੍ਰੀਤ ਸਿੰਘ ਸੂਚਨਾ ਅਫਸਰ, ਹਰਦੇਵ ਸਿੰਘ ਸਹਾਇਕ, ਹਿੰਮਤ ਸਿੰਘ ਐਸ.ਐਚ.ਓ ਹਾਜ਼ਰ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।