Punjab government’s new IT policy

ਪੰਜਾਬ ਸਰਕਾਰ ਦੇ ਵਿਜ਼ਨ ਤਹਿਤ 55,000 ਨੌਕਰੀਆਂ ਪੈਦਾ ਕਰਨ ਲਈ ਨਵੀਂ ਆਈ.ਟੀ. ਨੀਤੀ ਹੋਵੇਗੀ ਲਾਗੂ

ਮੋਹਾਲੀ ਉੱਤਰੀ ਭਾਰਤ ਦੇ ਆਈ.ਟੀ. ਹੱਬ ਵਜੋਂ ਉਭਰੇਗਾ – ਪੰਜਾਬ ਦੇ ਪੰਜ ਫੋਕਲ ਪੁਆਇੰਟਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਵਾਲੇ ਰੋਲ ਮਾਡਲ ਵਜੋਂ ਕੀਤਾ ਜਾਵੇਗਾ ਵਿਕਸਤ

ਚੰਡੀਗੜ੍ਹ,: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਰਕਾਰ ਇੱਕ ਨਵੀਂ ਸੂਚਨਾ ਤਕਨਾਲੋਜੀ (ਆਈ.ਟੀ.) ਨੀਤੀ ਪੇਸ਼ ਕਰਨ ਲਈ ਤਿਆਰ ਹੈ ਜੋ ਸੂਬੇ ਦੇ ਉਦਯੋਗਿਕ ਅਤੇ ਤਕਨੀਕੀ ਦ੍ਰਿਸ਼ ਨੂੰ ਬਦਲਣ ਦਾ ਵਾਅਦਾ ਕਰਦੀ ਹੈ। ਇਸ ਨੀਤੀ ਨਾਲ ਲਗਭਗ 55,000 ਆਈ.ਟੀ. ਪੇਸ਼ੇਵਰਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ, ਜਿਸ ਨਾਲ ਮੋਹਾਲੀ ਉੱਤਰੀ ਭਾਰਤ ਦੇ ਅਗਲੇ ਆਈ.ਟੀ. ਹੱਬ ਵਜੋਂ ਉਭਰੇਗਾ।

ਉਦਯੋਗ ਤੇ ਵਣਜ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਇਹ ਜਾਣਕਾਰੀ ‘ਪੰਜਾਬ ਵਿੱਚ ਉਦਯੋਗ: ਵਿਕਾਸ ਵਿੱਚ ਚੁਣੌਤੀਆਂ’ ਵਿਸ਼ੇ ‘ਤੇ ‘ਵਿਜ਼ਨ ਪੰਜਾਬ-2047’ ਦੌਰਾਨ ਸਾਂਝੀ ਕੀਤੀ ਅਤੇ ਮਾਨ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ ਅਤੇ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵਿਕਾਸ ਲਈ ਉਤਪ੍ਰੇਰਕ ਵਜੋਂ ਕੰਮ ਕਰਨ ਲਈ ਆਪਣੀ ਉਦਯੋਗਿਕ ਨੀਤੀ ਵਿੱਚ ਵਪਾਰਕ ਪੱਖੀ ਸੁਧਾਰਾਂ ਨੂੰ ਲਾਗੂ ਕਰਨ ਲਈ ਸਾਹਸੀ ਕਦਮ ਚੁੱਕ ਰਹੀ ਹੈ।

ਰਿਕਾਰਡ ਤੋੜ ਨਿਵੇਸ਼ ਅਤੇ ਉਦਯੋਗ ਵਿਕਾਸ :

ਸੌਂਦ ਨੇ ਦੱਸਿਆ ਕਿ ਰਾਜ ਨੇ ਪਿਛਲੇ ਢਾਈ ਸਾਲਾਂ ਵਿੱਚ 86,000 ਕਰੋੜ ਰੁਪਏ ਤੋਂ ਵੱਧ ਨਿਵੇਸ਼ ਆਕਰਸ਼ਿਤ ਕੀਤਾ ਹੈ ਅਤੇ ਇਸ ਮੀਲ ਪੱਥਰ ਨੂੰ ਪਾਰ ਕਰਨ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ। ਪੰਜਾਬ ਦਾ “ਇਨਵੈਸਟ ਪੰਜਾਬ” ਪੋਰਟਲ ਦੇਸ਼ ਭਰ ਵਿੱਚ ਪਹਿਲੇ ਸਥਾਨ ‘ਤੇ ਹੈ, ਜਿਸ ਵਿੱਚ ਲਗਭਗ 58,000 ਛੋਟੇ ਅਤੇ ਦਰਮਿਆਨੇ ਉਦਯੋਗ ਰਜਿਸਟਰਡ ਹਨ ਜੋ ਕਿ ਇੱਕ ਰਿਕਾਰਡ ਪ੍ਰਾਪਤੀ ਹੈ।

ਪੰਜਾਬ ਦੇ 52 ਉਦਯੋਗਿਕ ਫੋਕਲ ਪੁਆਇੰਟਾਂ ਨੂੰ ਉੱਤਮਤਾ ਕੇਂਦਰਾਂ ਵਿੱਚ ਤਬਦੀਲ ਕਰਨ ਦੀਆਂ ਯੋਜਨਾਵਾਂ ਦੀ ਰੂਪ ਰੇਖਾ ਉਲੀਕੀ ਗਈ ਹੈ ਅਤੇ ਪਹਿਲੇ ਪੜਾਅ ਵਿੱਚ, ਪੰਜ ਸ਼ਹਿਰਾਂ ਦੇ ਫੋਕਲ ਪੁਆਇੰਟਾਂ ਨੂੰ ਅਤਿ-ਆਧੁਨਿਕ ਸਹੂਲਤਾਂ ਵਾਲੇ ਰੋਲ ਮਾਡਲ ਵਜੋਂ ਵਿਕਸਤ ਕੀਤਾ ਜਾਵੇਗਾ। ਇਹ ਪਹਿਲਕਦਮੀਆਂ ਪੰਜਾਬ ਨੂੰ ਭਾਰਤ ਦੇ ਉਦਯੋਗਿਕ ਲੈਂਡਸਕੇਪ ਵਿੱਚ ਮੋਹਰੀ ਸਥਾਨਾਂ ‘ਤੇ ਰੱਖਣਗੀਆਂ।

ਸੈਰ ਸਪਾਟਾ ਅਤੇ ਖੇਤੀ ਆਧਾਰਿਤ ਉਦਯੋਗ ਨੂੰ ਹੁਲਾਰਾ :

ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਹੋਣ ਦੇ ਨਾਤੇ ਮੰਤਰੀ ਸੌਂਦ ਨੇ ਸੂਬੇ ਭਰ ਵਿੱਚ ਸੈਰ ਸਪਾਟੇ ਨੂੰ ਹੁਲਾਰਾ ਦੇਣ ਲਈ ਭਵਿੱਖਮੁਖੀ ਯੋਜਨਾਵਾਂ ਦਾ ਜ਼ਿਕਰ ਵੀ ਕੀਤਾ। ਧਾਰਮਿਕ ਸੈਰ-ਸਪਾਟਾ ਅਤੇ ਖੇਤੀ-ਅਧਾਰਤ ਉਦਯੋਗ ਮੁੱਖ ਫੋਕਸ ਖੇਤਰ ਹਨ, ਜਿਸ ਰਾਹੀਂ ਪੰਜਾਬ ਦੀ ਸੱਭਿਆਚਾਰਕ ਅਤੇ ਕੁਦਰਤੀ ਵਿਰਾਸਤ ਦਾ ਵਿਆਪਕ ਪ੍ਰਚਾਰ ਹੁੰਦਾ ਹੈ। ਵਾਤਾਵਰਨ ਸਬੰਧੀ ਚਿੰਤਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫ਼ਾਈ ਅਤੇ ਸਵੱਛਤਾ ਬਹਾਲੀ ਦਾ ਕੰਮ ਆਪਣੇ ਅੰਤਿਮ ਪੜਾਅ ‘ਤੇ ਹੈ ਅਤੇ ਮਨਜ਼ੂਰੀ ਮਿਲਣ ਤੋਂ ਬਾਅਦ ਜਲਦੀ ਹੀ ਇਸ ਦੀ ਸ਼ੁਰੂਆਤ ਹੋ ਜਾਵੇਗੀ।

ਭਵਿੱਖ ਲਈ ਪੰਜਾਬ ਦੀ ਕਾਰਜਬਲ ਨੂੰ ਤਿਆਰ ਕਰਨਾ

ਰਾਜ ਵਿੱਚ ਤਕਨੀਕੀ ਸਿੱਖਿਆ ਨੂੰ ਉਦਯੋਗ ਦੀਆਂ ਮੰਗਾਂ ਨਾਲ ਜੋੜਨ ਦੇ ਯਤਨਾਂ ਜਾਰੀ ਹਨ। ਹੁਨਰਮੰਦ ਕਾਮਿਆਂ ਨੂੰ ਪ੍ਰਮਾਣਿਤ ਕਰਨ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਪ੍ਰਤੀਯੋਗੀ ਬਣੇ ਰਹਿਣ ਨੂੰ ਯਕੀਨੀ ਬਣਾਉਣ ਲਈ ਆਧੁਨਿਕ ਤਕਨਾਲੋਜੀ ਮੁਤਾਬਿਕ ਮੌਜੂਦਾ ਆਈ.ਟੀ ਆਈਜ ਵਿੱਚ ਨਵੇਂ ਟਰੇਡ ਤੇ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ।

ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਤਰੱਕੀ ਪੰਜਾਬ ਦੇ ਵਿਕਾਸ ਨਾਲ ਅੰਦਰੂਨੀ ਤੌਰ ‘ਤੇ ਜੁੜੀ ਹੋਈ ਹੈ ਅਤੇ ਪੰਜਾਬ ਰਾਜ ਭਾਰਤ ਦੇ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ ਅਤੇ ਇਸਦਾ ਵਿਕਾਸ ਦੇਸ਼ ਦੀ ਚਾਲ ਨੂੰ ਨਿਰਧਾਰਤ ਕਰਨ ਵਿੱਚ ਇੱਕ ਮਹੱਤਵਪੂਰਨ ਕਾਰਕ ਹੈ। ਉਨ੍ਹਾਂ ਸਨਅਤਕਾਰਾਂ ਨੂੰ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਨਵੇਂ ਉਦਯੋਗਾਂ ਦੀ ਸਥਾਪਨਾ ਲਈ ਸਰਕਾਰ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਵੀਂ ਆਈ.ਟੀ. ਨੀਤੀ ਅਤੇ ਪਰਿਵਰਤਨਸ਼ੀਲ ਪਹਿਲਕਦਮੀਆਂ ਦੀ ਸ਼ੁਰੂਆਤ ਨਾਲ, ਪੰਜਾਬ ਬੇਮਿਸਾਲ ਉਦਯੋਗਿਕ ਅਤੇ ਤਕਨੀਕੀ ਵਿਕਾਸ ਹਾਸਲ ਕਰਨ ਲਈ ਤਿਆਰ ਹੈ, ਜਿਸ ਨਾਲ ਸੂਬੇ ਅਤੇ ਇਸ ਦੇ ਲੋਕਾਂ ਦੇ ਉੱਜਲ ਭਵਿੱਖ ਨੂੰ ਯਕੀਨੀ ਬਣਾਇਆ ਜਾ ਸਕੇਗਾ।