NRI Assistance Centre at Delhi Airport

ਪੰਜਾਬ ਸਰਕਾਰ ਵੱਲੋਂ ਆਈ.ਜੀ.ਆਈ. ਏਅਰਪੋਰਟ 'ਤੇ ਐਨ.ਆਰ.ਆਈਜ਼ ਲਈ ਅਹਿਮ ਪਹਿਲਕਦਮੀ

ਦੁਨੀਆ ਭਰ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੂੰ ਵੱਡੀ ਸਹੂਲਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਨਵੀਂ ਦਿੱਲੀ ਦੇ ਇੰਦੀਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ, ਟਰਮੀਨਲ-3 ‘ਤੇ ਪੰਜਾਬ ਸਹਾਇਤਾ ਕੇਂਦਰ ਦੀ ਸ਼ੁਰੂਆਤ ਕੀਤੀ ਹੈ। ਇਸ ਕੇਂਦਰ ਦਾ ਉਦਘਾਟਨ 8 ਅਗਸਤ 2024 ਨੂੰ ਕੀਤਾ ਗਿਆ, ਜੋ ਦੁਨੀਆ ਭਰ ਤੋਂ ਭਾਰਤ ਵਿੱਚ ਆਉਣ ਵਾਲੇ ਐਨ.ਆਰ.ਆਈਜ਼ ਅਤੇ ਯਾਤਰੀਆਂ ਦੀ ਸਹਾਇਤਾ ਲਈ ਸ਼ੁਰੂ ਕੀਤਾ ਗਿਆ ਹੈ।ਇਸ ਕੇਂਦਰ ਦਾ ਉਦੇਸ਼ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਾਰਤ ਆਉਣ ਸਮੇਂ ਮਦਦ ਅਤੇ ਸਹਿਯੋਗ ਪ੍ਰਦਾਨ ਕਰਨਾ ਹੈ।

ਪੰਜਾਬ ਦੀ ਅਮੀਰ ਵਿਰਾਸਤ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਵਿੱਚ ਐਨ.ਆਰ.ਆਈਜ਼ ਵੱਲੋਂ ਨਿਭਾਈ ਜਾ ਰਹੀ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦਿੰਦਿਆਂ,

ਮਾਨ ਸਰਕਾਰ ਨੇ ਭਾਰਤ ਆਉਣ ਸਮੇਂ ਉਨ੍ਹਾਂ ਦੀਆਂ ਦਰਪੇਸ਼ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਸਿੱਧੀ ਸਹਾਇਤਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਪਿਛਲੀ ਸਰਕਾਰਾਂ ਨੇ ਇਨ੍ਹਾਂ ਮੁੱਦਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ, ਪਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਐਨ.ਆਰ.ਆਈਜ਼ ਦੀ ਮਦਦ ਅਤੇ ਸਹਿਯੋਗ ਲਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਇਸ ਕੇਂਦਰ ਰਾਹੀਂ ਯਾਤਰੀ ਆਪਣੀਆਂ ਉਡਾਣਾਂ ਸਬੰਧੀ ਜਾਣਕਾਰੀ, ਟੈਕਸੀ ਸੇਵਾਵਾਂ, ਗੁੰਮ ਹੋਏ ਬੈਗਾਂ (ਸਮਾਨ) ਸਬੰਧੀ ਬੇਨਤੀਆਂ ਅਤੇ ਹੋਰ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਲੋੜ ਪੈਣ ‘ਤੇ ਪੰਜਾਬ ਸਰਕਾਰ ਵੱਲੋਂ ਐਨ.ਆਰ.ਆਈਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਪੰਜਾਬ ਭਵਨ ਵਿੱਚ ਆਵਾਸ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਇਸਦੇ ਨਾਲ-ਨਾਲ, ਨਜ਼ਦੀਕੀ ਸਥਾਨਾਂ ਜਾਂ ਪੰਜਾਬ ਭਵਨ ਤੱਕ ਆਵਾਜਾਈ ਲਈ ਦੋ ਇਨੋਵਾ ਗੱਡੀਆਂ ਉਪਲਬਧ ਹਨ।

ਇਹ ਸੇਵਾਵਾਂ ਲੈਣ ਲਈ ਹੈਲਪ ਲਾਈਨ 011-61232182 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਹ ਹੈਲਪ ਲਾਈਨ ਦਿਨ-ਰਾਤ ਕਾਰਜਸ਼ੀਲ ਰਹਿੰਦੀ ਹੈ। ਇਹ ਪਹਿਲਕਦਮੀ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਦੀ ਸਹਾਇਤਾ ਅਤੇ ਭਾਰਤ ਵਾਪਸ ਆਉਣ ਸਮੇਂ ਉਨ੍ਹਾਂ ਨੂੰ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨ ਸਬੰਧੀ ਪੰਜਾਬ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦੀ ਹੈ।ਇਸ ਕੇਂਦਰ ਨੂੰ ਐਨ.ਆਰ.ਆਈਜ਼ ਵੱਲੋ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਆਸ ਪ੍ਰਗਟਾਈ ਗਈ ਹੈ ਕਿ ਇਹ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੀਆਂ ਯਾਤਰਾ ਸਬੰਧੀ ਚਿੰਤਾਵਾਂ ਨੂੰ ਬਹੁਤ ਘੱਟ ਕਰਕੇ ਉਨ੍ਹਾਂ ਨੂੰ ਲੋੜੀਂਦੀ ਸਹਾਇਤਾ ਅਤੇ ਸਹਿਯੋਗ ਪ੍ਰਦਾਨ ਕਰੇਗਾ।