ਚੰਡੀਗੜ੍ਹ 03 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ): ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਹਾਈਕਮਾਨ ਪੰਜਾਬ ’ਚ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਲੈ ਕੇ ਸੰਜੀਦਾ ਹੋਣ ਲੱਗੀ ਹੈ। ਇਹੀ ਕਾਰਨ ਹੈ ਕਿ ਹਾਈਕਮਾਨ ਨੇ ਇਕ ਹਫ਼ਤੇ ’ਚ ਲਗਾਤਾਰ ਦੋ ਵਾਰ ਪੰਜਾਬ ਦੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਛੇਤੀ ਪੰਜਾਬ ਕਾਂਗਰਸ ’ਚ ਵੱਡਾ ਬਦਲਾਅ ਹੋ ਸਕਦਾ ਹੈ। ਹਾਲਾਂਕਿ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਪੰਜਾਬ ਪ੍ਰਧਾਨ ਨੂੰ ਨਾਂ ਬਦਲਣ ਦੀ ਗੱਲ ਕਹਿ ਰਹੇ ਹਨ ਤੇ ਪ੍ਰਧਾਨ ਬਦਲਣ ਦੀ ਖ਼ਬਰ ਨੂੰ ਮੀਡੀਆ ਦੀ ਉਪਜ ਦੱਸ ਰਹੇ ਹਨ, ਪਰ ਪਾਰਟੀ ਦੇ ਸੀਨੀਅਰ ਆਗੂ ਤੇ ਵਰਕਰ ਇਹ ਮੰਨ ਕੇ ਚੱਲ ਰਹੇ ਹਨ ਕਿ ਜਥੇਬੰਦਕ ਢਾਂਚੇ ’ਚ ਬਦਲਾਅ ਕਿਸੇ ਵੇਲੇ ਵੀ ਸੰਭਵ ਹੈ। ਸੂਬਾਈ ਕਾਂਗਰਸ ਦੀ ਲੀਡਰਸ਼ਿਪ ਦੀਆਂ ਨਜ਼ਰਾਂ ਪਾਰਟੀ ਹਾਈਕਮਾਨ ਦੇ ਫ਼ੈਸਲੇ ’ਤੇ ਟਿਕੀਆਂ ਹੋਈਆਂ ਹਨ।

ਮੰਗਲਵਾਰ ਨੂੰ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ, ਵਿਰੋਧੀ ਧਿਰ ਦੇ ਨੇਤਾ ਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਪੰਜਾਬ ’ਚ ਕਾਂਗਰਸ ਦੇ ਭਵਿੱਖ ਤੇ ਸਰਗਰਮੀਆਂ ਨੂੰ ਲੈ ਕੇ ਮੀਟਿੰਗ ਕੀਤੀ। ਇਸ ਮੀਟਿੰਗ ’ਚ ਪੰਜਾਬ ਦੇ ਕਿਸੇ ਵੀ ਆਗੂ ਨੂੰ ਨਹੀਂ ਸੱਦਿਆ ਗਿਆ। ਮੀਟਿੰਗ ’ਚ ਕਾਂਗਰਸ ਬਾਰੇ ਸਰਵੇ ਕਰਨ ਵਾਲੇ ਰਣਨੀਤੀਕਾਰ ਸੁਨੀਲ ਕੌਲੂਗੋਲੂ ਤੇ ਪੰਜਾਬ ਕਾਂਗਰਸ ਵੱਲੋਂ ਕਰਵਾਏ ਗਏ ਸਰਵੇਖਣ ਦੀਆਂ ਰਿਪੋਰਟਾਂ ’ਤੇ ਆਹਮੋ-ਸਾਹਮਣੀ ਚਰਚਾ ਹੋਈ। ਪੰਜਾਬ ਕਾਂਗਰਸ ਵੱਲੋਂ ਕਰਵਾਏ ਗਏ ਸਰਵੇ ਤੇ ਸੁਨੀਲ ਕੌਲੂਗੋਲੂ ਦੀਆਂ ਰਿਪੋਰਟਾਂ ’ਚ ਕਾਫ਼ੀ ਫਰਕ ਸੀ। ਸੂਤਰਾਂ ਮੁਤਾਬਕ ਸੁਨੀਲ ਕੌਲੂਗੋਲੂ ਨੇ ਪਿੰਡਾਂ ਤੇ ਸ਼ਹਿਰਾਂ ਦੇ ਲੋਕ ਕਾਂਗਰਸ ਬਾਰੇ ਕੀ ਸੋਚ ਰੱਖਦੇ ਹਨ? ਕਿਸਾਨਾਂ, ਵਪਾਰੀਆਂ, ਮੁਲਾਜ਼ਮਾਂ ਤੇ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਲੋਕਾਂ ’ਚ ਕਾਂਗਰਸ ਤੇ ਕਾਂਗਰਸ ਦੇ ਕਿਹੜੇ ਨੇਤਾ ਬਾਰੇ ਕੀ ਰਾਇ ਹੈ? ਬਾਰੇ ਰਿਪੋਰਟ ਕਾਂਗਰਸ ਹਾਈ ਕਮਾਨ ਸਾਹਮਣੇ ਰੱਖੀ।

ਦੱਸਿਆ ਜਾਂਦਾ ਹੈ ਕਿ ਸਰਵੇ ਰਿਪੋਰਟਾਂ ’ਚ ਵੱਡਾ ਫ਼ਰਕ ਦੇਖ ਕੇ ਰਾਹੁਲ ਗਾਂਧੀ ਤੇ ਕਾਂਗਰਸ ਪ੍ਰਧਾਨ ਵੀ ਹੈਰਾਨ ਰਹਿ ਗਏ। ਇਕ ਸਰਵੇ ’ਚ ਮੌਜੂਦਾ ਸਮੇਂ ਦਾ ਹਵਾਲਾ ਦਿੰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨਾ ਬਦਲਣ ਦੀ ਗੱਲ ਕਹੀ ਗਈ ਹੈ। ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਜੇਕਰ ਚੋਣਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਾ ਹਟਾਇਆ ਜਾਂਦਾ ਤਾਂ 2022 ’ਚ ਕਾਂਗਰਸ ਮੁੜ ਸੱਤਾ ’ਚ ਆ ਸਕਦੀ ਸੀ। ਇਹ ਬਿਆਨ ਰਾਜਾ ਵੜਿੰਗ ਪਿਛਲੇ ਦਿਨ ਮੀਡੀਆ ਸਾਹਮਣੇ ਨਸ਼ਰ ਵੀ ਕਰ ਚੁੱਕੇ ਹਨ। ਪਰ ਇਕ ਸਰਵੇ ’ਚ ਸਪਸ਼ਟ ਕਿਹਾ ਗਿਆ ਹੈ ਕਿ ਜੇਕਰ ਪੰਜਾਬ ’ਚ ਕਾਂਗਰਸ ਨੂੰ ਮਜਬੂਤ ਕਰਨਾ ਹੈ ਤੇ ਸਰਕਾਰ ਬਣਾਉਣੀ ਹੈ ਤਾਂ ਲੀਡਰਸ਼ਿਪ ’ਚ ਬਦਲਾਅ ਕੀਤਾ ਜਾਣਾ ਚਾਹੀਦਾ ਹੈ ਤੇ ਇਹ ਬਦਲਾਅ ਜਲਦ ਕਰ ਦੇਣਾ ਚਾਹੀਦਾ ਹੈ।

ਇਕ ਸੀਨੀਅਰ ਕਾਂਗਰਸੀ ਨੇਤਾ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਮੀਟਿੰਗ ’ਚ ਪਾਰਟੀ ਵੱਲੋਂ ਅਗਾਮੀ ਚੋਣਾਂ ਦੇ ਮੱਦੇਨਜ਼ਰ ਕੀ ਰਣਨੀਤੀ ਬਣਾਈ ਜਾਣੀ ਹੈ? ਕਿਸ ਤਰ੍ਹਾਂ ਦੇ ਪ੍ਰੋਗਰਾਮ ਕਰਨੇ ਹਨ ਤੇ ਇਹ ਕਦੋਂ ਤੋਂ ਸ਼ੁਰੂ ਕੀਤੇ ਜਾਣੇ ਹਨ? ਬਾਰੇ ਵਿਚਾਰ ਚਰਚਾ ਕੀਤੀ ਗਈ। ਆਗੂ ਨੇ ਕਿਹਾ ਕਿ ਪਾਰਟੀ ’ਚ ਜਥੇਬੰਦਕ ਬਦਲਾਅ ਸੰਭਵ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਕਾਂਗਰਸ ਦੀ ਸਥਿਤੀ ਪਤਲੀ ਹੋਣ ਬਾਅਦ ਪਾਰਟੀ ਹਾਈਕਮਾਨ ਪੰਜਾਬ ਦੇ ਜਥੇਬੰਦਕ ਢਾਂਚੇ ਪ੍ਰਤੀ ਕਾਫ਼ੀ ਦਿਲਚਸਪੀ ਦਿਖਾ ਰਹੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।