ਕਪੂਰਥਲਾ, 20 ਫਰਵਰੀ (ਪੰਜਾਬੀ ਖ਼ਬਰਨਾਮਾ)
ਰਾਸ਼ਟਰੀ ਪਲਸ ਪੋਲਿਓ ਪ੍ਰੋਗਰਾਮ ਤਹਿਤ ਜ਼ਿਲ੍ਹੇ ਵਿਚ 3, 4 ਅਤੇ 5 ਮਾਰਚ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਿਆਰੀਆਂ ਸ਼ੁਰੂ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ 0 ਤੋਂ 5 ਸਾਲ ਉਮਰ ਦੇ ਬੱਚਿਆਂ ਨੂੰ ਖੁਰਾਕ ਲਾਜ਼ਮੀ ਪਿਲਾਈ ਜਾਵੇ।
ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਦੇ ਨਿਰਦੇਸ਼ਾਂ ’ਤੇ ਪਲਸ ਪੋਲੀਓ ਪ੍ਰੋਗਰਾਮ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਸ਼ਿਖਾ ਭਗਤ ਨੇ ਸਿਹਤ ਵਿਭਾਗ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਨਿਰਦੇਸ਼ ਦਿੱਤੇ ਕਿ ਪੋਲੀਓ ਦੀ ਰੋਕਥਾਮ ਲਈ ਸ਼ਹਿਰੀ ਅਤੇ ਦਿਹਾਤੀ ਵਸੋਂ ਦੇ ਸਹਿਯੋਗ ਨਾਲ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਸਫਲ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 0 ਤੋਂ 5 ਸਾਲ ਦੇ ਬੱਚਿਆਂ ਦੀ ਗਿਣਤੀ 86406 ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ 550 ਰੈਗੁਲਰ ਤੇ 21 ਟ੍ਰਾਂਜਿਟ ਬੂਥ ਸਥਾਪਿਤ ਕੀਤੇ ਜਾ ਰਹੇ ਹਨ ਤਾਂ ਜੋ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਇਆ ਜਾ ਸਕਣ।
ਵਧੀਕ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਪਿੰਡਾਂ ਵਿਚ ਪੰਚਾਇਤਾਂ, ਸਰਪੰਚਾਂ, ਸਮਾਜ ਸੇਵੀ ਸੰਸਥਾਵਾਂ, ਆਂਗਣਵਾੜੀ ਸੈਂਟਰਾਂ, ਸਕੂਲਾਂ ਦੀਆਂ ਪ੍ਰਬੰਧਕ ਕਮੇਟੀਆਂ ਆਦਿ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਲੋਕਾਂ ਵਿਚ ਰਾਸ਼ਟਰੀ ਪਲਸ ਪੋਲੀਓ ਪ੍ਰੋਗਰਾਮ ਬਾਰੇ ਜਾਣਕਾਰੀ ਪੁੱਜਦੀ ਕੀਤੀ ਜਾਵੇ ਤਾਂ ਜੋ 3, 4 ਅਤੇ 5 ਮਾਰਚ ਨੂੰ ਬੱਚਿਆਂ ਨੂੰ ਬੂੰਦਾਂ ਪਿਲਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਦੌਰਾਨ ਬੂੰਦਾਂ ਪਿਲਾਉਣ ਲਈ ਆਂਗਣਵਾੜੀ ਸੈਂਟਰ ਖੁੱਲ੍ਹੇ ਰੱਖੇ ਜਾਣਗੇ। ਉਨ੍ਹਾਂ ਦੱਸਿਆ ਕਿ ਸਰਕਾਰੀ ਅਤੇ ਗੈਰ-ਸਰਕਾਰੀ ਬੱਸਾਂ ਦੇ ਡਰਾਇਵਰਾਂ-ਕੰਡਕਟਰਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਨ੍ਹਾਂ ਦੇ ਰੂਟ ’ਤੇ ਜਿੱਥੇ ਵੀ ਟ੍ਰਾਂਜਿਟ ਬੂਥ ਲੱਗੇ ਹੋਏ ਓਥੇ ਬੱਸ ਰੋਕ ਕੇ 0 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿਚ 874 ਰੈਗੁਲਰ ਟੀਮਾਂ, 63 ਮੋਬਾਈਲ ਟੀਮਾਂ ਅਤੇ 21 ਟ੍ਰਾਂਜਿਟ ਟੀਮਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦੀ ਨਿਗਰਾਨੀ ਲਈ 98 ਸੂਪਰਵਾਈਜ਼ਰ ਲਾਏ ਗਏ ਹਨ ਤਾਂ ਜੋ ਵੱਖ-ਵੱਖ ਖੇਤਰਾਂ ਦੀਆਂ ਮੁੱਖ ਥਾਵਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਾ, ਭੱਠਿਆਂ, ਝੁੱਗੀਆਂ ਅਤੇ ਹੋਰਨਾਂ ਅਹਿਮ ਥਾਵਾਂ ’ਤੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾ ਸਕਣ।