ਗ੍ਰੇਟਰ ਨੋਇਡਾ 24 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ’ਚ ਯਮੁਨਾ ਐਕਸਪ੍ਰੈੱਸਵੇਅ ‘ਤੇ ਹੋਏ ਭਿਆਨਕ ਹਾਦਸੇ ’ਚ 9 ਲੋਕਾਂ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਕਈ ਲੋਕ ਜ਼ਖ਼ਮੀ ਵੀ ਹੋਏ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਅਤੇ ਜ਼ਖ਼ਮੀਆਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਪੀ.ਐੱਮ. ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ (X) ‘ਤੇ ਪੋਸਟ ਪਾ ਕੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਨਾਲ ਹੀ, ਉਨ੍ਹਾਂ ਨੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ ਹੈ।
ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣਗੇ 2-2 ਲੱਖ ਰੁਪਏ
ਪੀ.ਐੱਮ. ਮੋਦੀ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (PMNRF) ਵਿੱਚੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਹਾਦਸੇ ਨਾਲ ਜੁੜੀਆਂ ਮੁੱਖ ਗੱਲਾਂ
9 ਲੋਕਾਂ ਦੀ ਜ਼ਿੰਦਾ ਸੜ ਕੇ ਮੌਤ: ਯਮੁਨਾ ਐਕਸਪ੍ਰੈੱਸਵੇਅ ‘ਤੇ ਬੁੱਧਵਾਰ ਦੇਰ ਰਾਤ ਏਅਰਪੋਰਟ ਇੰਟਰਚੇਂਜ ਕੋਲ ਇੱਕ ਡਬਲ ਡੈਕਰ ਸਲੀਪਰ ਬੱਸ ਅਚਾਨਕ ਅੱਗ ਦਾ ਗੋਲਾ ਬਣ ਗਈ। ਹਾਦਸੇ ਵਿੱਚ ਬੱਸ ਅੰਦਰ ਫਸੇ 9 ਯਾਤਰੀਆਂ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ। ਮ੍ਰਿਤਕਾਂ ਵਿੱਚ ਬੱਚੇ, ਔਰਤਾਂ ਅਤੇ ਬਜ਼ੁਰਗ ਸ਼ਾਮਲ ਹਨ।
5 ਘੰਟੇ ਚੱਲਿਆ ਰਾਹਤ ਅਤੇ ਬਚਾਅ ਕਾਰਜ
ਅੱਗ ਇੰਨੀ ਭਿਆਨਕ ਸੀ ਕਿ ਲਾਸ਼ਾਂ ਬੁਰੀ ਤਰ੍ਹਾਂ ਸੜ ਕੇ ਕੰਕਾਲ ਵਿੱਚ ਬਦਲ ਗਈਆਂ। ਦੇਰ ਰਾਤ ਤੋਂ ਕਰੀਬ ਪੰਜ ਘੰਟੇ ਤੱਕ ਚੱਲੇ ਰੈਸਕਿਊ ਆਪ੍ਰੇਸ਼ਨ ਤੋਂ ਬਾਅਦ ਲਾਸ਼ਾਂ ਨੂੰ ਬੱਸ ਦੀ ਬਾਡੀ ਕੱਟ ਕੇ ਬਾਹਰ ਕੱਢਿਆ ਗਿਆ।
ਯਾਤਰੀਆਂ ਨੇ ਜਾਨ ਬਚਾਈ
‘ਰਾਜ ਕਲਪਨਾ ਟਰੈਵਲਜ਼’ ਦੀ ਇਹ ਬੱਸ ਦਿੱਲੀ ਤੋਂ ਮੋਹਬਾ ਜਾ ਰਹੀ ਸੀ। ਡਰਾਈਵਰ ਨੂੰ ਇੰਜਣ ਕੋਲ ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਉਸਨੇ ਬੱਸ ਨੂੰ ਸੋਲਡਰ ‘ਤੇ ਖੜ੍ਹਾ ਕਰ ਦਿੱਤਾ। ਹਫੜਾ-ਦਫੜੀ ਦੇ ਵਿਚਕਾਰ 20 ਤੋਂ ਵੱਧ ਯਾਤਰੀਆਂ ਨੇ ਬੱਸ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਪਰ 9 ਯਾਤਰੀ ਅੰਦਰ ਹੀ ਫਸ ਗਏ।
ਜ਼ਖ਼ਮੀ ਹਸਪਤਾਲ ਦਾਖ਼ਲ
ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਸਾਰੀਆਂ ਲਾਸ਼ਾਂ ਅਤੇ ਮਿਲੇ ਅੰਗਾਂ ਨੂੰ ਕੈਲਾਸ਼ ਹਸਪਤਾਲ ਭੇਜ ਦਿੱਤਾ ਗਿਆ ਹੈ।
