ਕਾਠਮੰਡ 24 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਨੇਪਾਲ ਦੇ ਡੋਲਪਾ ਜ਼ਿਲ੍ਹੇ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਟਲ ਗਿਆ। ਨੇਪਾਲਗੰਜ ਤੋਂ ਉਡਾਣ ਭਰਨ ਵਾਲੀ ਸੀਤਾ ਏਅਰਲਾਈਨਜ਼ ਦੀ ਇੱਕ ਛੋਟੀ ਉਡਾਣ ਜਦੋਂ ਜੁਫਾਲ ਏਅਰਪੋਰਟ ’ਤੇ ਲੈਂਡ ਕਰ ਰਹੀ ਸੀ, ਤਾਂ ਅਚਾਨਕ ਉਸਦਾ ਪਿਛਲਾ ਸੱਜਾ ਪਹੀਆ ਵੱਖ ਹੋ ਗਿਆ।

ਇਸ ਜਹਾਜ਼ ਵਿੱਚ ਕੁੱਲ 16 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 13 ਯਾਤਰੀ ਸ਼ਾਮਲ ਸਨ। ਇਨ੍ਹਾਂ 13 ਯਾਤਰੀਆਂ ਵਿੱਚ 7 ਵਿਦੇਸ਼ੀ ਨਾਗਰਿਕ ਵੀ ਸਨ। ਇਸ ਤੋਂ ਇਲਾਵਾ ਜਹਾਜ਼ ਵਿੱਚ 3 ਕ੍ਰੂ ਮੈਂਬਰ ਮੌਜੂਦ ਸਨ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਸਾਰੇ ਲੋਕ ਸੁਰੱਖਿਅਤ ਹਨ।

ਕਿਵੇਂ ਟਲਿਆ ਵੱਡਾ ਹਾਦਸਾ?

ਮਿਲੀ ਜਾਣਕਾਰੀ ਮੁਤਾਬਕ ਜਿਵੇਂ ਹੀ ਜਹਾਜ਼ ਦਾ ਪਹੀਆ ਨਿਕਲਿਆ ਅਤੇ ਜਹਾਜ਼ ਰਨਵੇ ’ਤੇ ਉਤਰਿਆ, ਪਾਇਲਟ ਨੇ ਤੁਰੰਤ ਇੰਜਣ ਬੰਦ ਕਰ ਦਿੱਤਾ। ਇਸ ਕਾਰਨ ਜਹਾਜ਼ ਕੁਝ ਹੀ ਦੂਰੀ ’ਤੇ ਰੁਕ ਗਿਆ ਅਤੇ ਕੋਈ ਵੱਡਾ ਹਾਦਸਾ ਹੋਣ ਤੋਂ ਬਚ ਗਿਆ।

ਜਹਾਜ਼ ਨੂੰ ਵੀ ਕੋਈ ਵੱਡਾ ਨੁਕਸਾਨ ਨਹੀਂ ਪਹੁੰਚਿਆ। ਜਹਾਜ਼ ਵਿੱਚ ਸਵਾਰ ਸਾਰੇ 16 ਯਾਤਰੀ ਅਤੇ ਕ੍ਰੂ ਮੈਂਬਰ ਸੁਰੱਖਿਅਤ ਬਾਹਰ ਕੱਢ ਲਏ ਗਏ।

ਏਅਰਪੋਰਟ ’ਤੇ ਉਡਾਣਾਂ ਦਾ ਸੰਚਾਲਨ ਰੁਕਿਆ

 ਜਹਾਜ਼ ਦੇ ਰਨਵੇ ’ਤੇ ਹੀ ਫਸੇ ਰਹਿਣ ਕਾਰਨ ਜੁਫਾਲ ਏਅਰਪੋਰਟ ’ਤੇ ਸਾਰੀਆਂ ਉਡਾਣਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਹਾਲਾਤ ਇਹ ਸਨ ਕਿ ਨੇਪਾਲ ਫੌਜ ਦਾ ਇੱਕ ਜਹਾਜ਼, ਜੋ ਏਅਰਪੋਰਟ ’ਤੇ ਲੈਂਡ ਕਰਨ ਵਾਲਾ ਸੀ, ਉਸਨੂੰ ਵੀ ਵਾਪਸ ਮੁੜਨਾ ਪਿਆ।

ਅਧਿਕਾਰੀਆਂ ਮੁਤਾਬਕ ਰਨਵੇ ਦੀ ਮੁਰੰਮਤ ਕਰਨ ਅਤੇ ਫਸੇ ਹੋਏ ਜਹਾਜ਼ ਨੂੰ ਹਟਾਉਣ ਲਈ ਹੈਲੀਕਾਪਟਰ ਰਾਹੀਂ ਇੱਕ ਤਕਨੀਕੀ ਟੀਮ ਨੂੰ ਮੌਕੇ ’ਤੇ ਭੇਜਿਆ ਗਿਆ ਹੈ। ਅਧਿਕਾਰੀਆਂ ਨੂੰ ਉਮੀਦ ਹੈ ਕਿ ਰਨਵੇ ਨੂੰ ਜਲਦ ਸਾਫ਼ ਕਰਕੇ ਜਹਾਜ਼ ਸੇਵਾਵਾਂ ਨੂੰ ਮੁੜ ਸੁਚਾਰੂ ਢੰਗ ਨਾਲ ਸ਼ੁਰੂ ਕਰ ਦਿੱਤਾ ਜਾਵੇਗਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।