ਨਵੀਂ ਦਿੱਲੀ 10 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਵਿਦੇਸ਼ੀ ਬ੍ਰੋਕਰੇਜ ਕੰਪਨੀ ਐਚਐਸਬੀਸੀ (HSBC) ਨੇ ਸ਼ੇਅਰ ਬਾਜ਼ਾਰ ‘ਚ ਹਾਲ ਹੀ ‘ਚ ਆਈ ਗਿਰਾਵਟ ਤੋਂ ਬਾਅਦ ਭਾਰਤੀ ਸ਼ੇਅਰਾਂ ਪ੍ਰਤੀ ਆਪਣਾ ਰੁਖ਼ ਸਕਾਰਾਤਮਕ ਕਰਦਿਆਂ ਸੋਮਵਾਰ ਨੂੰ ਉਨ੍ਹਾਂ ਦੀ ਰੇਟਿੰਗ ਵਧਾ ਕੇ ‘ਓਵਰਵੇਟ’ (ਮਿਆਰੀ ਪੱਧਰ ਤੋਂ ਵੱਧ ਨਿਵੇਸ਼ ਕਰਨ ਦੀ ਸਲਾਹ) ਕਰ ਦਿੱਤੀ ਹੈ, ਜਦੋਂਕਿ ਚੀਨ ਦੇ ਸ਼ੇਅਰਾਂ ਦੀ ਰੇਟਿੰਗ ਘਟਾ ਕੇ ‘ਨਿਊਟਰਲ’ (ਨਿਰਪੱਖ) ਕਰ ਦਿੱਤੀ ਹੈ।
ਐਚਐਸਬੀਸੀ ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਕਈ ਸਾਲਾਂ ਤੱਕ ਭਾਰਤੀ ਸ਼ੇਅਰਾਂ ਦੇ ਮੁੱਲਾਂਕਣ ‘ਚ ਨਰਮੀ ਅਤੇ ਉੱਭਰਦੇ ਬਾਜ਼ਾਰਾਂ ਦੇ ਮੁਕਾਬਲੇ ਉਨ੍ਹਾਂ ਦੇ ਕਮਜ਼ੋਰ ਪ੍ਰਦਰਸ਼ਨ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਭਾਰਤੀ ਸ਼ੇਅਰਾਂ ਦਾ ਮੁੱਲਾਂਕਣ ਹੁਣ ਵਧੇਰੇ ਉਚਿਤ ਪੱਧਰ ‘ਤੇ ਆ ਗਿਆ ਹੈ।
ਭਾਰਤ ‘ਚ ਕਰਜ਼ੇ ਦੀ ਵਿਕਾਸ ਦਰ ਮਜ਼ਬੂਤ
ਰਿਪੋਰਟ ਮੁਤਾਬਕ, ਐਚਐਸਬੀਸੀ ਨੂੰ ਉਮੀਦ ਹੈ ਕਿ ਭਾਰਤ ‘ਚ ਕਰਜ਼ੇ ਦੀ ਵਿਕਾਸ ਦਰ ਮਜ਼ਬੂਤ ਬਣੀ ਰਹੇਗੀ ਅਤੇ ਕੰਪਨੀਆਂ ਦੀ ਕਮਾਈ ‘ਚ ਸਥਿਰਤਾ ਰਹੇਗੀ। ਇਸ ਤੋਂ ਇਲਾਵਾ ਆਰਥਿਕ ਵਿਕਾਸ ਅਤੇ ਰੁਪਏ ਨੂੰ ਸਮਰਥਨ ਦੇਣ ਵਾਲੇ ਕਦਮ ਵੀ ਬਾਜ਼ਾਰ ਲਈ ਅਨੁਕੂਲ ਰਹਿਣਗੇ।
ਫਰਮ ਨੇ ਕਿਹਾ ਕਿ ਭਾਰਤ ਵਰਗੇ ਊਰਜਾ ਦਰਾਮਦ ਕਰਨ ਵਾਲੇ ਦੇਸ਼ ‘ਤੇ ਕੱਚੇ ਤੇਲ ਦੀਆਂ ਕੀਮਤਾਂ ‘ਚ ਉਤਾਰ-ਚੜ੍ਹਾਅ ਦਾ ਅਸਰ ਪੈਣਾ ਸੁਭਾਵਿਕ ਹੈ। ਹਾਲਾਂਕਿ, ਤੇਲ ਦੀਆਂ ਉੱਚੀਆਂ ਕੀਮਤਾਂ ਅਤੇ ਅਲ ਨੀਨੋ ਦੇ ਖ਼ਤਰੇ ਦੇ ਬਾਵਜੂਦ ਬਾਜ਼ਾਰ ਦੀ ਸਮੁੱਚੀ ਧਾਰਨਾ ‘ਤੇ ਇਨ੍ਹਾਂ ਦਾ ਖ਼ਾਸ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ।
ਬਾਜ਼ਾਰ ‘ਚ ਉਤਰਾਅ-ਚੜ੍ਹਾਅ ਵੀ ਘੱਟ
ਐਚਐਸਬੀਸੀ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਨਾਲ ਜੁੜੀਆਂ ਕੰਪਨੀਆਂ ਦੇ ਦਬਦਬੇ ਵਾਲੇ ਏਸ਼ੀਆਈ ਬਾਜ਼ਾਰਾਂ ‘ਚ ਭਾਰਤ ਨਿਵੇਸ਼ ‘ਚ ਵਿਭਿੰਨਤਾ ਲਿਆਉਣ ਦਾ ਬਦਲ ਉਪਲਬਧ ਕਰਵਾਉਂਦਾ ਹੈ। ਇਸ ਦੇ ਨਾਲ ਹੀ ਇੱਥੇ ਬਾਜ਼ਾਰ ‘ਚ ਉਤਾਰ-ਚੜ੍ਹਾਅ ਵੀ ਮੁਕਾਬਲਤਨ ਘੱਟ ਹੈ।
ਰਿਪੋਰਟ ਮੁਤਾਬਕ, ਉੱਚੀਆਂ ਵਿਆਜ ਦਰਾਂ ਅਤੇ ਕੱਚੇ ਤੇਲ ਦੀਆਂ ਕੀਮਤਾਂ ਸਮੇਤ ਵੱਖ-ਵੱਖ ਆਰਥਿਕ ਚੁਣੌਤੀਆਂ ਦੇ ਬਾਵਜੂਦ ਭਾਰਤ ਦੀ ਆਰਥਿਕ ਵਿਕਾਸ ਦਰ ਮਜ਼ਬੂਤ ਬਣੀ ਹੋਈ ਹੈ।
ਚੀਨ ਦੇ ਸ਼ੇਅਰਾਂ ਦੀ ਰੇਟਿੰਗ ਘਟਾਈ
ਚੀਨ ਦੇ ਸ਼ੇਅਰਾਂ ਦੀ ਰੇਟਿੰਗ ਘਟਾ ਕੇ ਨਿਰਪੱਖ ਕਰਨ ਦੇ ਫ਼ੈਸਲੇ ਬਾਰੇ ਐਚਐਸਬੀਸੀ ਨੇ ਕਿਹਾ ਕਿ ਉਸ ਨੂੰ ਅਜਿਹੇ ਕਾਰਕ ਸੀਮਤ ਨਜ਼ਰ ਆ ਰਹੇ ਹਨ, ਜੋ ਸ਼ੇਅਰਾਂ ਦੇ ਮੁੱਲਾਂਕਣ ‘ਚ ਲੰਬੇ ਸਮੇਂ ਤੱਕ ਸੁਧਾਰ ਲਿਆ ਸਕਣ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਚੀਨ ‘ਚ ਖਪਤਕਾਰਾਂ ਦਾ ਕਮਜ਼ੋਰ ਭਰੋਸਾ, ਰੀਅਲ ਅਸਟੇਟ ਬਾਜ਼ਾਰ ‘ਤੇ ਦਬਾਅ ਅਤੇ ਘਰੇਲੂ ਨਿਵੇਸ਼ ‘ਚ ਸੁਸਤੀ ਆਰਥਿਕ ਵਿਕਾਸ ਨੂੰ ਪ੍ਰਭਾਵਿਤ ਕਰ ਰਹੇ ਹਨ। ਇਸ ਤੋਂ ਇਲਾਵਾ, ਹਾਂਗਕਾਂਗ ਦੇ ਸ਼ੇਅਰ ਬਾਜ਼ਾਰ ‘ਚ ਮੁੱਖ ਭੂਮੀ ਚੀਨ ਦੇ ਨਿਵੇਸ਼ਕਾਂ ਦਾ ਨਿਵੇਸ਼ ਪ੍ਰਵਾਹ ਕਮਜ਼ੋਰ ਪੈਣ ਅਤੇ ਮਾਰਜਿਨ ‘ਤੇ ਕਰਜ਼ਾ ਲੈ ਕੇ ਸ਼ੇਅਰਾਂ ‘ਚ ਨਿਵੇਸ਼ ਘਟਣ ਨਾਲ ਵੀ ਨਿਵੇਸ਼ਕਾਂ ਦੀ ਘਟਦੀ ਦਿਲਚਸਪੀ ਦੇ ਸੰਕੇਤ ਮਿਲ ਰਹੇ ਹਨ।
