ਵਾਸ਼ਿੰਗਟਨ 09 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਵੀਕਾਰ ਕੀਤਾ ਹੈ ਕਿ ਮੱਧਕਾਲੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੀ ਹਾਰ ਪਿੱਛੇ ਈਰਾਨ ਨਾਲ ਹੋਈ ਜੰਗ ਵੀ ਇੱਕ ਮੁੱਖ ਕਾਰਨ ਸੀ। ਇਸ ਦੇ ਨਾਲ ਹੀ ਉਨ੍ਹਾਂ ਮੰਨਿਆ ਕਿ ਉਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਵਿੱਚੋਂ ਕੱਢਣ ਦੀ ਮੁਹਿੰਮ ਸ਼ਾਇਦ ਲੋੜ ਤੋਂ ਵੱਧ ਸਖ਼ਤ ਸੀ।

ਸੀਬੀਐਸ ਨਿਊਜ਼ ਮੁਤਾਬਕ, ਚੋਣਾਂ ਵਿੱਚ ਮਿਲੇ ਝਟਕੇ ਦਾ ਵਿਸ਼ਲੇਸ਼ਣ ਕਰਦਿਆਂ ਟਰੰਪ ਨੇ ਕਿਹਾ ਕਿ ਵੋਟਰ ਜੰਗ, ਪੈਟਰੋਲ ਦੀਆਂ ਵਧਦੀਆਂ ਕੀਮਤਾਂ ਅਤੇ ਇਜ਼ਰਾਈਲ ਨੂੰ ਲੈ ਕੇ ਵਧ ਰਹੀ ਨਾਰਾਜ਼ਗੀ ਕਾਰਨ ਅਸੰਤੁਸ਼ਟ ਸਨ। ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਵੀ ਈਰਾਨ ਜੰਗ ਨੂੰ ਪਾਰਟੀ ਦੀ ਹਾਰ ਦਾ ਕਾਰਨ ਦੱਸਿਆ ਸੀ।

ਇਸ ‘ਤੇ ਟਰੰਪ ਨੇ ਕਿਹਾ ਕਿ ਉਹ ਵੈਂਸ ਦੀ ਗੱਲ ਨਾਲ ਅਸਹਿਮਤ ਨਹੀਂ ਹਨ। ਹਾਲਾਂਕਿ, ਉਨ੍ਹਾਂ ਨੇ ਤਹਿਰਾਨ ਖ਼ਿਲਾਫ਼ ਫ਼ੌਜੀ ਕਾਰਵਾਈ ਦੇ ਆਪਣੇ ਫ਼ੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਕੀਮਤ ‘ਤੇ ਈਰਾਨ ਨੂੰ ਪਰਮਾਣੂ ਹਥਿਆਰ ਹਾਸਲ ਨਹੀਂ ਕਰਨ ਦੇ ਸਕਦੇ ਸਨ ਅਤੇ ਇਤਿਹਾਸ ਉਨ੍ਹਾਂ ਦੇ ਇਸ ਫ਼ੈਸਲੇ ਨੂੰ ਸਹੀ ਸਾਬਤ ਕਰੇਗਾ।

1.ਇਮੀਗ੍ਰੇਸ਼ਨ ਦੇ ਮੁੱਦੇ ‘ਤੇ ਡੈਮੋਕ੍ਰੇਟਸ ਨਾਲ ਸਮਝੌਤੇ ਦੇ ਸੰਕੇਤ

ਇਮੀਗ੍ਰੇਸ਼ਨ ਦੇ ਮੁੱਦੇ ‘ਤੇ ਟਰੰਪ ਨੇ ਕਿਹਾ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਕੀਤੀ ਗਈ ਸਖ਼ਤ ਕਾਰਵਾਈ ਨੇ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਨੂੰ ਫ਼ਾਇਦਾ ਵੀ ਪਹੁੰਚਾਇਆ ਅਤੇ ਨੁਕਸਾਨ ਵੀ ਕੀਤਾ।

ਉਨ੍ਹਾਂ ਕਿਹਾ ਕਿ ਸਰਹੱਦੀ ਸੁਰੱਖਿਆ ਅਤੇ ਅਪਰਾਧੀਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਲੋਕਾਂ ਦਾ ਭਾਰੀ ਸਮਰਥਨ ਮਿਲਿਆ। ਪਰ ਅਮਰੀਕਾ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਅਤੇ ਨੌਕਰੀਆਂ ਕਰ ਰਹੇ ਲੋਕਾਂ ਨੂੰ ਦੇਸ਼ ਵਿੱਚੋਂ ਕੱਢੇ ਜਾਣ ਕਾਰਨ ਲੋਕਾਂ ਵਿੱਚ ਚਿੰਤਾ ਪੈਦਾ ਹੋਈ।

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੀ ਦੇਸ਼ ਨਿਕਾਲੇ ਦੀ ਨੀਤੀ ਬਹੁਤ ਜ਼ਿਆਦਾ ਸਖ਼ਤ ਹੋ ਗਈ ਸੀ ਤਾਂ ਟਰੰਪ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਬਹੁਤ ਜ਼ਿਆਦਾ ਸਖ਼ਤ ਸੀ।”

ਟਰੰਪ ਨੇ ਸੰਕੇਤ ਦਿੱਤਾ ਕਿ ਉਹ ਡੈਮੋਕ੍ਰੇਟਸ ਨਾਲ ਸਮਝੌਤਾ ਕਰਨ ਲਈ ਤਿਆਰ ਹਨ। ਇਸ ਤਹਿਤ ਕਈ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਅਤੇ ਹੋਟਲਾਂ, ਰੈਸਟੋਰੈਂਟਾਂ ਜਾਂ ਬਾਗਬਾਨੀ ਵਰਗੇ ਖੇਤਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਕਾਨੂੰਨੀ ਤੌਰ ‘ਤੇ ਰਹਿਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਹਾਲਾਂਕਿ, ਗੰਭੀਰ ਅਪਰਾਧਾਂ ਅਤੇ ਨਸ਼ਿਆਂ ਦੀ ਤਸਕਰੀ ਵਿੱਚ ਸ਼ਾਮਲ ਲੋਕਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਦੀ ਕਾਰਵਾਈ ਜਾਰੀ ਰਹੇਗੀ।

ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਸੰਭਵ ਹੈ ਅਤੇ ਕਈ ਡੈਮੋਕ੍ਰੇਟਿਕ ਸੰਸਦ ਮੈਂਬਰਾਂ ਨੇ ਇਸ ਮੁੱਦੇ ‘ਤੇ ਮਿਲ ਕੇ ਕੰਮ ਕਰਨ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਮਝੌਤੇ ਲਈ ਲੋੜ ਪਈ ਤਾਂ ਉਹ ਅਗਲੇ ਛੇ ਮਹੀਨਿਆਂ ਤੱਕ ਡੈਮੋਕ੍ਰੇਟਿਕ ਸੰਸਦ ਮੈਂਬਰਾਂ ‘ਤੇ ਨਿੱਜੀ ਹਮਲੇ ਕਰਨ ਜਾਂ ਬਿਆਨਬਾਜ਼ੀ ਕਰਨ ਤੋਂ ਵੀ ਬਚਣਗੇ।

2. ਈਰਾਨ ਦਾ ਪਰਮਾਣੂ ਖ਼ਤਰਾ ਖ਼ਤਮ ਹੋਣ ਦਾ ਦਾਅਵਾ

ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਨੇ ਈਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਰੋਕ ਦਿੱਤਾ ਹੈ। ਹੁਣ ਉਹ ਇਸ ਸੰਘਰਸ਼ ਨੂੰ ਹੋਰ ਅੱਗੇ ਵਧਾਉਣ ਦੇ ਹੱਕ ਵਿੱਚ ਨਹੀਂ ਹਨ।

ਈਰਾਨ ਵਿੱਚ ਬਚੇ ਹੋਏ ਪਰਮਾਣੂ ਪਦਾਰਥਾਂ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਹੁਣ ਉੱਥੇ ਕੁਝ ਵੀ ਨਹੀਂ ਬਚਿਆ। ਸਭ ਕੁਝ ਹਜ਼ਾਰਾਂ ਟਨ ਚੱਟਾਨਾਂ ਹੇਠਾਂ ਦੱਬਿਆ ਹੋਇਆ ਹੈ।

 ਜ਼ੋਰ ਦੇ ਕੇ ਕਿਹਾ ਕਿ ਹੋਰਮੁਜ਼ ਜਲਡਮਰੂ ਖੁੱਲ੍ਹਾ ਹੈ ਅਤੇ ਉੱਥੋਂ ਜਹਾਜ਼ਾਂ ਦੀ ਆਵਾਜਾਈ ਜਾਰੀ ਹੈ।

ਪੱਛਮੀ ਏਸ਼ੀਆ ਵਿੱਚ ਅਮਰੀਕੀ ਫ਼ੌਜ ਦੀ ਮੌਜੂਦਗੀ ਦਾ ਬਚਾਅ ਕਰਦਿਆਂ ਉਨ੍ਹਾਂ ਕਿਹਾ ਕਿ ਜੰਗ ਦੌਰਾਨ ਜਿਨ੍ਹਾਂ ਦੇਸ਼ਾਂ ਦੀ ਅਮਰੀਕਾ ਨੇ ਰੱਖਿਆ ਕੀਤੀ ਹੈ, ਉਹ ਆਖ਼ਰਕਾਰ ਜੰਗ ‘ਤੇ ਹੋਏ ਪੂਰੇ ਖ਼ਰਚ ਦੀ ਭਰਪਾਈ ਅਮਰੀਕਾ ਨੂੰ ਕਰਨਗੇ।

ਟਰੰਪ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਇਸ ਜਲ ਮਾਰਗ ਨੂੰ ਖੁੱਲ੍ਹਵਾਉਣ ਲਈ ਅਮਰੀਕਾ ਨੂੰ ਕੋਈ ਸਮਝੌਤਾ ਕਰਨਾ ਪਿਆ।

3. ਰੂਸ-ਯੂਕਰੇਨ ਜੰਗ ‘ਤੇ ਜਲਦ ਸਮਝੌਤੇ ਦਾ ਦਾਅਵਾ

ਰੂਸ-ਯੂਕਰੇਨ ਜੰਗ ਬਾਰੇ ਗੱਲ ਕਰਦਿਆਂ ਟਰੰਪ ਨੇ ਕਿਹਾ ਕਿ ਜੰਗ ਖ਼ਤਮ ਕਰਨ ਲਈ ਸਮਝੌਤਾ ਬਹੁਤ ਨੇੜੇ ਹੈ। ਉਨ੍ਹਾਂ ਇੱਕ ਵਾਰ ਫਿਰ ਦੁਹਰਾਇਆ ਕਿ ਜੇਕਰ ਉਹ ਰਾਸ਼ਟਰਪਤੀ ਹੁੰਦੇ ਤਾਂ ਇਹ ਜੰਗ ਕਦੇ ਸ਼ੁਰੂ ਹੀ ਨਾ ਹੁੰਦੀ।

ਸਮਝੌਤੇ ਵਿੱਚ ਸਭ ਤੋਂ ਵੱਡੀ ਰੁਕਾਵਟ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਵਿਚਕਾਰ ਆਪਸੀ ਕੁੜੱਤਣ ਨੂੰ ਜ਼ਿੰਮੇਵਾਰ ਦੱਸਿਆ।

ਟਰੰਪ ਨੇ ਕਿਹਾ, “ਮੇਰਾ ਮੰਨਣਾ ਹੈ ਕਿ ਇਹ ਜੰਗ ਖ਼ਤਮ ਹੋਣ ਵਾਲੀ ਹੈ ਅਤੇ ਬਹੁਤ ਜਲਦੀ ਖ਼ਤਮ ਹੋਵੇਗੀ। ਇਸ ਦੇ ਖ਼ਤਮ ਹੋਣ ਦਾ ਇੱਕੋ-ਇੱਕ ਕਾਰਨ ਮੈਂ ਹੋਵਾਂਗਾ।”

ਉਨ੍ਹਾਂ ਦੋਵਾਂ ਨੇਤਾਵਾਂ ਵਿੱਚੋਂ ਕਿਸੇ ਇੱਕ ‘ਤੇ ਜ਼ਿਆਦਾ ਭਰੋਸਾ ਜਤਾਉਣ ਤੋਂ ਪਰਹੇਜ਼ ਕੀਤਾ ਪਰ ਇਸ ਗੱਲ ਤੋਂ ਇਨਕਾਰ ਕੀਤਾ ਕਿ ਪੁਤਿਨ ਗੱਲਬਾਤ ਵਿੱਚ ਦੇਰੀ ਕਰ ਰਹੇ ਹਨ।

ਸੰਭਾਵਿਤ ਸ਼ਾਂਤੀ ਸਮਝੌਤੇ ਦੀਆਂ ਸ਼ਰਤਾਂ ਬਾਰੇ ਉਨ੍ਹਾਂ ਕਿਹਾ ਕਿ ਇਸ ਜੰਗ ਤੋਂ ਬਾਅਦ ਯੂਕਰੇਨ ਦਾ ਸਰੂਪ ਕੁਝ ਵੱਖਰਾ ਹੋਵੇਗਾ।

4. ਕੈਬਨਿਟ ਵਿੱਚ ਹੋ ਸਕਦਾ ਹੈ ਫੇਰਬਦਲ

ਮੱਧਕਾਲੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪ੍ਰਸ਼ਾਸਨ ਵਿੱਚ ਬਦਲਾਅ ਦੇ ਸੰਕੇਤ ਦਿੰਦਿਆਂ ਟਰੰਪ ਨੇ ਕਿਹਾ ਕਿ ਭਾਵੇਂ ਉਹ ਆਪਣੀ ਕੈਬਨਿਟ ਦੇ ਕੰਮਕਾਜ ਤੋਂ ਸੰਤੁਸ਼ਟ ਹਨ ਫਿਰ ਵੀ ਕੁਝ ਬਦਲਾਅ ਕੀਤੇ ਜਾ ਸਕਦੇ ਹਨ।

ਉਨ੍ਹਾਂ ਨੇ ਰੱਖਿਆ ਮੰਤਰੀ ਪੀਟ ਹੇਗਸੇਥ ‘ਤੇ ਪੂਰਾ ਭਰੋਸਾ ਜਤਾਇਆ। ਈਰਾਨ ਸੰਘਰਸ਼ ਨਾਲ ਨਜਿੱਠਣ ਦੇ ਉਨ੍ਹਾਂ ਦੇ ਤਰੀਕਿਆਂ ਨੂੰ ਲੈ ਕੇ ਆਲੋਚਨਾ ਹੋ ਰਹੀ ਸੀ।

5. AI ਦੀ ਦੌੜ ‘ਚ ਚੀਨ ਨਾਲ ਮੁਕਾਬਲਾ

ਆਰਟੀਫਿਸ਼ੀਅਲ ਇੰਟੈਲੀਜੈਂਸ (AI) ਬਾਰੇ ਗੱਲ ਕਰਦਿਆਂ ਟਰੰਪ ਨੇ ਕਿਹਾ ਕਿ ਇਹ ਚੀਨ ਨਾਲ ਮੁਕਾਬਲੇ ਦਾ ਬੇਹੱਦ ਮਹੱਤਵਪੂਰਨ ਖੇਤਰ ਹੈ। ਅਮਰੀਕਾ ਇਸ ਮਾਮਲੇ ਵਿੱਚ ਬੀਜਿੰਗ ਤੋਂ ਪਿੱਛੇ ਨਹੀਂ ਰਹਿ ਸਕਦਾ।

ਉਨ੍ਹਾਂ ਕਿਹਾ, “ਜੋ ਇਸ ਦੌੜ ਨੂੰ ਜਿੱਤੇਗਾ, ਉਹੀ ਅੱਗੇ ਰਹੇਗਾ।”

ਟਰੰਪ ਨੇ ਮੰਨਿਆ ਕਿ AI ਨਾਲ ਜੁੜੇ ਖ਼ਤਰੇ ਓਨੇ ਗੰਭੀਰ ਨਹੀਂ ਹਨ, ਜਿੰਨੇ ਕੁਝ ਉਦਯੋਗਪਤੀ ਦੱਸ ਰਹੇ ਹਨ ਅਤੇ ਇਨ੍ਹਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਉਹ AI ਦੀ ਸੁਰੱਖਿਆ ਨਾਲ ਜੁੜੇ ਨਿਯਮਾਂ ਦੇ ਖ਼ਿਲਾਫ਼ ਨਹੀਂ ਹਨ ਪਰ ਅਜਿਹੇ ਸਖ਼ਤ ਨਿਯਮ ਨਹੀਂ ਬਣਾਏ ਜਾਣੇ ਚਾਹੀਦੇ, ਜਿਨ੍ਹਾਂ ਕਾਰਨ ਚੀਨ ਦੇ ਮੁਕਾਬਲੇ ਅਮਰੀਕਾ ਪਿੱਛੇ ਰਹਿ ਜਾਵੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।