ਚੰਡੀਗੜ੍ਹ 12 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਲੁਧਿਆਣਾ ਦੇ ਵਿਧਾਇਕ ਵੱਲੋਂ ਆਪਣੇ ਨਿੱਜੀ ਸਹਾਇਕ ਦੇ ਬੈਂਕ ਖ਼ਾਤੇ ਵਰਤ ਕੇ ਮਨੀ ਲਾਂਡਰਿੰਗ ਸਮੇਤ ਭ੍ਰਿਸ਼ਟਾਚਾਰ ਕਰਨ ਦੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਲੁਧਿਆਣਾ ਦੇ ਆਪ ਦੇ ਵਿਧਾਇਕ ਨੇ ਆਪਣੇ ਨਿੱਜੀ ਸਹਾਇਕ ਨਿਖਿਲ ਸਭਰਵਾਲ ਨੂੰ ਮੋਹਰਾ ਬਣਾ ਕੇ 87 ਵਿਅਕਤੀ ਜਿਨ੍ਹਾਂ ਨੂੰ ਨਗਰ ਨਿਗਮ ਲੁਧਿਆਣਾ ’ਚ ਠੇਕੇ ’ਤੇ ਰੱਖਿਆ ਗਿਆ ਅਤੇ 39 ਵਿਅਕਤੀ ਜਿਨ੍ਹਾਂ ਨੂੰ ਕਲਰਕ ਵਜੋਂ ਰੱਖਿਆ ਗਿਆ ਤੋਂ 1.10 ਕਰੋੜ ਰੁਪਏ ਇਕੱਠੇ ਕੀਤੇ। ਉਨ੍ਹਾਂ ਦੱਸਿਆ ਕਿ ਜਾਅਲੀ ਲਿਸਟਾਂ ਬਣਾ ਕੇ ਦਰਸਾਇਆ ਗਿਆ ਕਿ ਇਹ ਉਮੀਦਵਾਰ ਚੁਣੇ ਗਏ ਹਨ ਪਰ ਜਦੋਂ ਘੁਟਾਲੇ ਦਾ ਪਰਦਾਫਾਸ਼ ਹੋਇਆ ਤਾਂ ਐੱਮਐੱਲਏ ਨੇ ਆਪਣੇ ਪੀਏ ਨੂੰ ਆਖਿਆ ਕਿ ਉਹ ਸ਼ਹਿਰ ਛੱਡ ਜਾਵੇ ਨਹੀਂ ਤਾਂ ਉਹ ਮਾਰਿਆ ਜਾਵੇਗਾ।

ਮਜੀਠੀਆ ਨੇ ਕਿਹਾ ਕਿ ਐੱਮਐੱਲਏ ਨੇ ਦੋ ਵਾਰ ਆਪਣੇ ਪੀਏ ਦੇ ਖਾਤੇ ’ਚ ਪੈਸੇ ਮੰਗਵਾਏ ਤੇ ਫਿਰ ਉਸਦੇ ਪਰਿਵਾਰਕ ਮੈਂਬਰਾਂ ਰਾਹੀਂ ਇਹ ਕੱਢਵਾ ਲਏ। ਉਨ੍ਹਾਂ ਕਿਹਾ ਕਿ ਪਹਿਲਾ ਮਾਮਲਾ 8 ਮਾਰਚ 2024 ਦਾ ਹੈ ਜਦੋਂ ਐੱਮ ਐੱਲਏ ਨੇ ਕੈਨੇਡਾ ਤੋਂ ਆਪਣੇ ਪੀਏ ਦੇ ਖ਼ਾਤੇ ’ਚ 90 ਲੱਖ ਰੁਪਏ ਮੰਗਵਾਏ। ਉਨ੍ਹਾਂ ਕਿਹਾ ਕਿ ਉਸ ਦਿਨ 40 ਲੱਖ ਰੁਪਏ ਐੱਮਐੱਲਏ ਦੀ ਪਤਨੀ ਦੇ ਖ਼ਾਤੇ ਵਿਚ ਟਰਾਂਸਫਰ ਕਰਵਾ ਲਏ ਗਏ ਤੇ ਅਗਲੇ ਦਿਨ 10 ਲੱਖ ਰੁਪਏ ਤੇ 25 ਲੱਖ ਰੁਪਏ ਮੀਨੂੰ ਪ੍ਰਾਸ਼ਰ ਦੇ ਖ਼ਾਤੇ ਵਿਚ ਟਰਾਂਸਫਰ ਕਰਵਾਏ ਗਏ।

ਮਜੀਠੀਆ ਨੇ ਦੱਸਿਆ ਕਿ 24 ਅਪ੍ਰੈਲ 2025 ਨੂੰ ਲੁਧਿਆਣਾ ਦੇ ਇਕ ਬਿਲਡਿੰਗ ਇੰਸਪੈਕਟਰ ਹਰਮਿੰਦਰ ਸਿੰਘ ਮੱਕੜ ਨੇ ਐੱਮਐੱਲਏ ਦੇ ਪੀਏ ਦੇ ਖ਼ਾਤੇ ’ਚ 30 ਲੱਖ ਰੁਪਏ ਜਮ੍ਹਾਂ ਕਰਵਾਏ। ਉਨ੍ਹਾਂ ਦੱਸਿਆ ਕਿ ਪਹਿਲਾਂ ਵਾਲੇ ਤਰੀਕੇ ਨਾਲ ਐੱਮਐੱਲਏ ਨੇ ਅਗਲੇ ਦਿਨ 15 ਲੱਖ ਰੁਪਏ ਆਪਣੇ ਖ਼ਾਤੇ ’ਚ ਟਰਾਂਸਫਰ ਕਰਵਾ ਲਏ ਅਤੇ 99,000 ਰੁਪਏ ਐੱਮਐੱਲਏ ਦੇ ਪੁੱਤਰ ਦੇ ਖ਼ਾਤੇ ਵਿਚ ਟਰਾਂਸਫਰ ਕੀਤੇ। ਉਹਨਾਂ ਕਿਹਾ ਕਿ ਬਾਕੀ ਪੈਸੇ ਜਾਅਲੀ ਬਿੱਲਾਂ ਦੇ ਸਹਾਰੇ ਵਰਤੇ ਗਏ।

ਮਜੀਠੀਆ ਨੇ ਕਿਹਾ ਕਿ ਬਿਲਡਿੰਗ ਇੰਸਪੈਕਟਰ ਹਰਮਿੰਦਰ ਮੱਕੜ ਨਾਲ ਆਪਣੀ ਨੇੜਤਾ ਉਦੋਂ ਜ਼ਾਹਰ ਕਰ ਦਿੱਤੀ ਜਦੋਂ ਉਹਨਾਂ ਨੇ ਮੱਕੜ ਦੇ ਜਲੰਧਰ ਤਬਾਦਲੇ ਨੂੰ ਰੱਦ ਕਰਨ ਵਾਸਤੇ ਸਿਫਾਰਸ਼ੀ ਪੱਤਰ ਲਿਖਿਆ ਅਤੇ ਇਹ ਰੱਦ ਕਰਵਾ ਵੀ ਲਈ। ਉਹਨਾਂ ਨੇ ਇਹ ਸਿਫਾਰਸ਼ੀ ਪੱਤਰ ਵੀ ਮੀਡੀਆ ਨੂੰ ਵਿਖਾਇਆ।

ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਉਹਨਾਂ ਨੂੰ ਕੇਸ ਦਾ ਪਤਾ ਲੱਗਾ ਅਤੇ ਉਹਨਾਂ ਨੇ ਇਸ ਬਾਰੇ ਟਵੀਟ ਕੀਤਾ ਤਾਂ ਐੱਮਐੱਲਏ ਨੇ ਨਿਖਿਲ ਸਭਰਵਾਲ ਖਿਲਾਫ ਝੂਠਾ ਕੇਸ ਦਰਜ ਕਰਵਾ ਦਿੱਤਾ ਜਦੋਂ ਕਿ ਸਭਰਵਾਲ ਦੋ ਸਾਲ ਪਹਿਲਾਂ ਹੀ ਆਪਣੀ ਨੌਕਰੀ ਛੱਡ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਲੁਧਿਆਣਾ ਪੁਲਿਸ ਨਿਖਿਲ ਦੇ ਘਰ ’ਤੇ ਛਾਪੇਮਾਰੀ ਕਰ ਰਹੀ ਹੈ।

ਨਿਖਿਲ ਸਭਰਵਾਲ ਨੇ ਇਸ ਮੌਕੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ 2022 ਵਿਚ 13000 ਰੁਪਏ ਪ੍ਰਤੀ ਮਹੀਨਾ ਤਨਖਾਹ ’ਤੇ ਪੀਏ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ ਤੇ ਐੱਮਐੱਲਏ ਨੇ ਉਸਨੂੰ ਕਿਹਾ ਸੀ ਕਿ ਉਹ ਅਜਿਹੇ ਬੰਦੇ ਲੱਭੇ ਜਿਹੜੇ ਨਗਰ ਨਿਗਮ ’ਚ ਨੌਕਰੀ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਇਨ੍ਹਾਂ ਲੋਕਾਂ ਤੋਂ 1.10 ਕਰੋੜ ਰੁਪਏ ਲੈ ਲਏ ਗਏ ਤੇ ਉਨ੍ਹਾਂ ਨੂੰ ਕੋਈ ਨੌਕਰੀ ਨਹੀਂ ਮਿਲੀ ਤਾਂ ਉਹ ਉਸਦੇ ਪਿੱਛੇ ਪੈ ਗਏ, ਜਿਸ ਕਾਰਨ ਉਸਨੂੰ ਆਪਣਾ ਘਰ ਵੇਚਣਾ ਪਿਆ ਤੇ ਉਸਨੇ 30 ਲੱਖ ਰੁਪਏ ਵਾਪਸ ਮੋੜੇ।

ਉਨ੍ਹਾਂ ਦੱਸਿਆ ਕਿ ਐੱਮਐੱਲਏ ਨੇ ਉਹਨਾਂ ਨੂੰ ਧਮਕੀ ਦਿੱਤੀ ਕਿ ਉਸਦੀ ਨੌਕਰੀ ਪ੍ਰਾਈਵੇਟ ਹੈ। ਉਨ੍ਹਾਂ ਕਿਹਾ ਕਿ ਹੁਣ ਉਹਨਾਂ ਨੂੰ ਪਤਾ ਲੱਗਾ ਹੈ ਕਿ ਪੁਲਿਸ ਨੇ ਉਹਨਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਉਹ ਮੰਗ ਕਰਦੇ ਹਨ ਕਿ ਇਹ ਕੇਸ ਲੁਧਿਆਣਾ ਪੁਲਿਸ ਤੋਂ ਤਬਦੀਲ ਕਰ ਕੇ ਕਿਸੇ ਕੇਂਦਰੀ ਏਜੰਸੀ ਨੂੰ ਦਿੱਤਾ ਜਾਵੇ ਤਾਂ ਜੋ ਸਾਰੀ ਜਾਂਚ ਹੋ ਸਕੇ। ਉਹਨਾਂ ਦੱਸਿਆ ਕਿ ਉਹਨਾਂ ਤੋਂ ਉਹਨਾਂ ਦਾ ਮੋਬਾਈਲ ਫੋਨ ਵੀ ਖੋਹ ਲਿਆ ਗਿਆ ਤੇ ਕੁੱਟਮਾਰ ਵੀ ਕੀਤੀ ਗਈ ਪਰ ਇਸਦੇ ਬਾਵਜੂਦ ਉਹ ਵਿਧਾਇਕ ਦੇ ਭ੍ਰਿਸ਼ਟਾਚਾਰ ਨੂੰ ਬੇਨਕਾਬ ਕਰਨ ਵਾਸਤੇ ਸਾਰੇ ਸਬੂਤ ਦੇਣ ਲਈ ਤਿਆਰ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।