ਪਟਿਆਲਾ 10 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਦੀਵਾਲੀ ਦੀ ਰਾਤ ਪਟਾਕਿਆਂ ਦੀ ਆੜ ’ਚ ਕਿਸਾਨਾਂ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਵੱਡੇ ਪੱਧਰ ’ਤੇ ਅੰਜਾਮ ਦਿੱਤਾ। ਨਿਗਰਾਨ ਏਜੰਸੀਆਂ ਦੀ ਗ਼ੈਰ-ਮੌਜੂਦਗੀ ਦਰਮਿਆਨ ਦੀਵਾਲੀ ਵਾਲੇ ਦਿਨ ਹੀ ਸੂਬੇ ’ਚ ਪਰਾਲੀ ਸਾੜਨ ਦੇ ਰਿਕਾਰਡ 1,152 ਨਵੇਂ ਮਾਮਲੇ ਦਰਜ ਹੋਏ, ਜਿਸ ਕਾਰਨ ਸਮੁੱਚਾ ਸੂਬਾ ਜ਼ਹਿਰੀਲੀ ਧੁੰਦ ਦੀ ਲਪੇਟ ’ਚ ਆ ਗਿਆ।

ਪਰਾਲੀ ਸਾੜਨ ਦੇ ਮਾਮਲਿਆਂ ’ਚ ਸੰਗਰੂਰ 194 ਘਟਨਾਵਾਂ ਨਾਲ ਸਭ ਤੋਂ ਅੱਗੇ ਰਿਹਾ, ਜਦਕਿ ਫ਼ਿਰੋਜ਼ਪੁਰ ’ਚ 157, ਬਠਿੰਡਾ ’ਚ 132, ਪਟਿਆਲਾ ’ਚ 92 ਤੇ ਬਰਨਾਲਾ ’ਚ 91 ਥਾਵਾਂ ’ਤੇ ਅੱਗ ਲਗਾਈ ਗਈ। ਇਸ ਨਾਲ ਸੀਜ਼ਨ ਦੇ ਕੁੱਲ ਮਾਮਲੇ 3,300 ਨੂੰ ਪਾਰ ਕਰ ਗਏ ਹਨ।

ਮਾਹਰਾਂ ਮੁਤਾਬਕ, ਨਵੰਬਰ ’ਚ ਉੱਤਰੀ ਭਾਰਤ ਮੌਸਮੀ ਤਬਦੀਲੀ ਦੇ ਦੌਰ ’ਚੋਂ ਲੰਘਦਾ ਹੈ। ਇਸ ਦੌਰਾਨ ਰਾਤ ਤੇ ਸਵੇਰ ਵੇਲੇ ਜ਼ਮੀਨੀ ਹਵਾਵਾਂ ਕਮਜ਼ੋਰ ਤੇ ਅਸਥਿਰ ਹੁੰਦੀਆਂ ਹਨ, ਜਿਸ ਕਾਰਨ ਧੂੰਆਂ ਤੇ ਪ੍ਰਦੂਸ਼ਕ ਕਣ ਉੱਪਰ ਉੱਠਣ ਦੀ ਬਜਾਏ ਜ਼ਮੀਨ ਦੀ ਸਤ੍ਹਾ ਨੇੜੇ ਹੀ ਫਸ ਜਾਂਦੇ ਹਨ। ਇਹੋ ਕਾਰਨ ਹੈ ਕਿ ਸਿੰਧੂ-ਗੰਗਾ ਦੇ ਮੈਦਾਨੀ ਖੇਤਰਾਂ ’ਚ ਸੰਘਣੀ ਸਮੌਗ ਬਣ ਜਾਂਦੀ ਹੈ।

ਵਾਢੀ ਪੱਛੜਣ ਨਾਲ ਕਿਸਾਨਾਂ ਕੋਲ ਸਮਾਂ ਘਟਿਆ

ਅਕਤੂਬਰ ’ਚ ਮੌਸਮ ਖ਼ਰਾਬ ਰਹਿਣ ਕਾਰਨ ਝੋਨੇ ਦੀ ਵਾਢੀ 15 ਦਿਨ ਪੱਛੜ ਗਈ ਸੀ। ਕਣਕ ਦੀ ਬਿਜਾਈ ਲਈ 1 ਤੋਂ 15 ਨਵੰਬਰ ਦਾ ਸਮਾਂ ਚੰਗਾ ਮੰਨਿਆ ਜਾਂਦਾ ਹੈ, ਜਿਸ ਕਾਰਨ ਕਿਸਾਨਾਂ ਕੋਲ ਫ਼ਸਲ ਵੇਚਣ ਤੇ ਪਰਾਲੀ ਸਾਂਭਣ ਲਈ ਬਹੁਤ ਘੱਟ ਸਮਾਂ ਬਚਿਆ ਹੈ। ਹਾਲਾਂਕਿ, ਸਾਲ 2021 ’ਚ ਦਰਜ ਹੋਏ 87,162 ਮਾਮਲਿਆਂ ਦੇ ਮੁਕਾਬਲੇ 2025 ’ਚ ਇਹ ਘਟ ਕੇ 5,574 ਰਹਿ ਗਏ ਸਨ, ਜੋ ਦਰਸਾਉਂਦਾ ਹੈ ਕਿ ਜਾਗਰੂਕਤਾ ਕਾਰਨ ਪਰਾਲੀ ਹੁਣ ਉਦਯੋਗਾਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ।

ਸਿਹਤ ਮਾਹਰਾਂ ਦੀ ਸਲਾਹ

ਸਿਹਤ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਜ਼ਹਿਰੀਲੀ ਹਵਾ ਨਾਲ ਦਮਾ, ਸਾਹ ਤੇ ਦਿਲ ਦੇ ਮਰੀਜ਼ਾਂ ਦੀਆਂ ਤਕਲੀਫ਼ਾਂ ਵਧ ਸਕਦੀਆਂ ਹਨ। ਅੱਖਾਂ ਤੇ ਗਲ਼ੇ ਦੀ ਐਲਰਜੀ ਤੋਂ ਬਚਣ ਲਈ ਬੱਚਿਆਂ, ਬਜ਼ੁਰਗਾਂ ਤੇ ਮਰੀਜ਼ਾਂ ਨੂੰ ਸਵੇਰ ਦੀ ਸੈਰ ਤੋਂ ਗੁਰੇਜ਼ ਕਰਨ ਤੇ ਬਾਹਰ ਨਿਕਲਣ ਸਮੇਂ ਮਾਸਕ ਪਹਿਨਣ ਦੀ ਸਲਾਹ ਦਿੱਤੀ ਗਈ ਹੈ।

ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦਾ ਵੱਧ ਤੋਂ ਵੱਧ ਏਕਿਊਆਈ

ਸ਼ਹਿਰ 7 ਨਵੰਬਰ 8 ਨਵੰਬਰ 9 ਨਵੰਬਰ

ਅੰਮ੍ਰਿਤਸਰ 153 500 ਤੋਂ ਵੱਧ 474

ਜਲੰਧਰ 322 500 ਤੋਂ ਵੱਧ 333

ਲੁਧਿਆਣਾ 334 500 ਤੋਂ ਵੱਧ 500

ਪਟਿਆਲਾ 305 427 ਤੋਂ ਵੱਧ 478

ਮੰਡੀ ਗੋਬਿੰਦਗੜ੍ਹ 344 477 483

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।