ਨਵੀਂ ਦਿੱਲੀ 16 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ) ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉੱਭਰਦੀ ਹੋਈ ਸਟਾਰ ਆਲਰਾਊਂਡਰ ਸ਼੍ਰੇਅੰਕਾ ਪਾਟਿਲ ਨੇ ਹਾਲ ਹੀ ਵਿੱਚ ਆਪਣੀ ਜ਼ਿੰਦਗੀ ਦੇ ਸਭ ਤੋਂ ਬੁਰੇ ਦੌਰ ਨੂੰ ਲੈ ਕੇ ਇੱਕ ਵੱਡਾ ਖ਼ੁਲਾਸਾ ਕੀਤਾ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਉਹ ਆਪਣੀ ਸੱਟ ਕਾਰਨ ਇੰਨੀ ਜ਼ਿਆਦਾ ਪਰੇਸ਼ਾਨ ਹੋ ਗਈ ਸੀ ਕਿ ਉਹ ਡਿਪ੍ਰੈਸ਼ਨ ਵਿੱਚ ਚਲੀ ਗਈ ਸੀ ਅਤੇ ਉਨ੍ਹਾਂ ਨੇ ਕ੍ਰਿਕਟ ਨੂੰ ਛੱਡਣ ਤੱਕ ਦਾ ਮਨ ਬਣਾ ਲਿਆ ਸੀ। ਉਨ੍ਹਾਂ ਨੇ ਪਾਕਿਸਤਾਨ ਖ਼ਿਲਾਫ਼ ਐਤਵਾਰ ਨੂੰ ਖੇਡੇ ਗਏ ਮਹਿਲਾ ਟੀ-20 ਵਰਲਡ ਕੱਪ ਮੈਚ ਵਿੱਚ ਕਮਾਲ ਦੀ ਗੇਂਦਬਾਜ਼ੀ ਕੀਤੀ ਅਤੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

ਸ਼੍ਰੇਅੰਕਾ ਪਾਟਿਲ ਦਾ ਦਮਦਾਰ ਕਮਬੈਕ

ਦਰਅਸਲ, ਸ਼੍ਰੇਅੰਕਾ ਪਾਟਿਲ ਦੀਆਂ ਮੁਸ਼ਕਲਾਂ ਉਦੋਂ ਸ਼ੁਰੂ ਹੋਈਆਂ ਜਦੋਂ ਮਹਿਲਾ ਏਸ਼ੀਆ ਕੱਪ ਦੌਰਾਨ ਉਨ੍ਹਾਂ ਦੀ ਉਂਗਲ ਵਿੱਚ ਫ੍ਰੈਕਚਰ ਹੋ ਗਿਆ। ਹਾਲਾਂਕਿ, ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ ਅਤੇ ਯੂਏਈ ਵਿੱਚ ਕਰਵਾਏ ਗਏ ਮਹਿਲਾ ਟੀ-20 ਵਰਲਡ ਕੱਪ 2024 ਲਈ ਭਾਰਤੀ ਟੀਮ ਵਿੱਚ ਜਗ੍ਹਾ ਬਣਾਈ ਪਰ ਟੂਰਨਾਮੈਂਟ ਤੋਂ ਬਾਅਦ ਉਨ੍ਹਾਂ ਦੇ ਦੋਵਾਂ ਪੈਰਾਂ ਦੀਆਂ ਪਿੰਡਲੀਆਂ ਵਿੱਚ ਵੀ ਪਰੇਸ਼ਾਨੀ ਹੋ ਗਈ। ਫਿਰ ਉਨ੍ਹਾਂ ਦਾ ਅੰਗੂਠਾ ਵੀ ਫ੍ਰੈਕਚਰ ਹੋ ਗਿਆ ਸੀ। ਇਸ ਗੰਭੀਰ ਸੱਟ ਕਾਰਨ ਉਹ ਮਹੀਨਿਆਂ ਤੱਕ ਕ੍ਰਿਕਟ ਦੇ ਮੈਦਾਨ ਤੋਂ ਦੂਰ ਹੋ ਗਈ ਸੀ।

ਹੁਣ ਮਹਿਲਾ ਟੀ-20 ਵਰਲਡ ਕੱਪ 2026 ਵਿੱਚ ਪਾਕਿਸਤਾਨ ਖ਼ਿਲਾਫ਼ ਮੈਚ ਤੋਂ ਬਾਅਦ ਸ਼੍ਰੇਅੰਕਾ ਨੇ ਜੀਓ ਹੌਟਸਟਾਰ ਨਾਲ ਗੱਲਬਾਤ ਵਿੱਚ ਆਪਣੇ ਦਿਲ ਦਾ ਦਰਦ ਬਿਆਨ ਕੀਤਾ। ਸ਼੍ਰੇਅੰਕਾ ਨੇ ਕਿਹਾ, “ਜੇ ਮੈਂ ਕਹਾਂ ਕਿ ਮੈਂ ਡਿਪ੍ਰੈਸ਼ਨ ਵਿੱਚ ਨਹੀਂ ਸੀ ਜਾਂ ਮੈਂ ਕ੍ਰਿਕਟ ਛੱਡਣ ਬਾਰੇ ਨਹੀਂ ਸੋਚਿਆ ਸੀ ਤਾਂ ਇਹ ਝੂਠ ਹੋਵੇਗਾ। ਸੱਟ ਦੇ ਸ਼ੁਰੂਆਤੀ ਦੌਰ ਵਿੱਚ ਮੈਂ ਬਿਲਕੁਲ ਅਜਿਹਾ ਹੀ ਮਹਿਸੂਸ ਕਰ ਰਹੀ ਸੀ ਪਰ ਮੇਰੇ ਅੰਦਰੋਂ ਇੱਕ ਆਵਾਜ਼ ਆਈ ਕਿ ਚਾਹੇ ਕੁਝ ਵੀ ਹੋ ਜਾਵੇ, ਮੈਨੂੰ ਇਸ ਖੇਡ ਨਾਲ ਪਿਆਰ ਹੈ। ਮੈਂ ਇੱਥੇ ਸਿਰਫ਼ ਇਸ ਲਈ ਹਾਂ ਕਿਉਂਕਿ ਮੈਨੂੰ ਕ੍ਰਿਕਟ ਖੇਡਣਾ ਪਸੰਦ ਹੈ।”

ਉਨ੍ਹਾਂ ਨੇ ਅੱਗੇ ਕਿਹਾ,”ਮੈਂ ਉਸ ਚੀਜ਼ ਨੂੰ ਨਹੀਂ ਛੱਡ ਸਕਦੀ ਸੀ ਜਿਸ ਨੂੰ ਮੈਂ ਇੰਨਾ ਪਿਆਰ ਕਰਦੀ ਹਾਂ। ਮੈਂ ਆਪਣਾ ਸਿਰ ਹਮੇਸ਼ਾ ਉੱਚਾ ਰੱਖਿਆ। ਮੇਰੇ ਪਿਤਾ ਲਗਾਤਾਰ ਮੇਰੇ ਨਾਲ ਗੱਲ ਕਰਦੇ ਰਹੇ ਅਤੇ ਮੇਰੇ ਪਰਿਵਾਰ ਨੇ ਮੇਰਾ ਪੂਰਾ ਸਾਥ ਦਿੱਤਾ। ਮੇਰੇ ਆਲੇ-ਦੁਆਲੇ ਦਾ ਮਾਹੌਲ ਅਤੇ ਮੇਰਾ ਸਪੋਰਟ ਸਿਸਟਮ ਬਹੁਤ ਮਜ਼ਬੂਤ ਸੀ, ਜਿਸ ਨੇ ਮੈਨੂੰ ਹਮੇਸ਼ਾ ਅੱਗੇ ਵਧਣ ਦੀ ਹਿੰਮਤ ਦਿੱਤੀ।”

ਦੱਸ ਦੇਈਏ ਕਿ ਪਾਕਿਸਤਾਨ ਖ਼ਿਲਾਫ਼ ਸ਼੍ਰੇਅੰਕਾ ਨੇ ਤਿੰਨ ਓਵਰਾਂ ਵਿੱਚ ਮਹਿਜ਼ 17 ਦੌੜਾਂ ਦਿੱਤੀਆਂ, ਪਰ ਕੋਈ ਵੀ ਵਿਕਟ ਆਪਣੇ ਨਾਂ ਨਹੀਂ ਕਰ ਸਕੀ। ਹਾਲਾਂਕਿ, ਉਨ੍ਹਾਂ ਦੀ ਕਿਫ਼ਾਇਤੀ ਗੇਂਦਬਾਜ਼ੀ ਨੇ ਪਾਕਿਸਤਾਨ ‘ਤੇ ਦਬਾਅ ਜ਼ਰੂਰ ਬਣਾਇਆ। ਉਨ੍ਹਾਂ ਦੇ ਇਸ ਪ੍ਰਦਰਸ਼ਨ ਦਾ ਭਾਰਤ ਨੂੰ ਫਾਇਦਾ ਹੋਇਆ ਅਤੇ ਟੀਮ ਇੰਡੀਆ ਨੇ ਪਾਕਿਸਤਾਨ ‘ਤੇ 64 ਦੌੜਾਂ ਨਾਲ ਜਿੱਤ ਹਾਸਲ ਕੀਤੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।