ਬਠਿੰਡਾ, 22 ਫਰਵਰੀ (ਪੰਜਾਬੀ ਖ਼ਬਰਨਾਮਾ) : ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਨਾਲ ਮਿਲ ਕੇ ਕੋਟਸ਼ਮੀਰ ਵਿਖੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਵੱਲੋਂ ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ੍ਰੀਮਤੀ ਇਨਾਯਤ ਦੀ ਹਾਜ਼ਰੀ ਵਿੱਚ ਆਫ਼ਤ ਪ੍ਰਬੰਧਨ ਸਬੰਧੀ ਮੌਕ ਡਰਿੱਲ ਕਰਵਾਈ ਗਈ।
ਇਸ ਮੌਕੇ ਐਚਪੀਸੀਐਲ ਦੇ ਡਿਪਟੀ ਜਨਰਲ ਮੈਨੇਜਰ ਸ੍ਰੀ ਅਜੈਪਾਲ ਸਰੋਹਾ ਨੇ ਕਿਹਾ ਕਿ ਇਹ ਪਾਈਪਲਾਈਨ ਇੱਕ ਰਾਸ਼ਟਰੀ ਸੰਪਤੀ ਹੈ ਅਤੇ ਇਸ ਦੀ ਸੁਰੱਖਿਆ ਲਈ ਜ਼ਿਲ੍ਹਾ ਪੱਧਰ ‘ਤੇ ਅਜਿਹੇ ਅਭਿਆਸ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਤੇਲ ਪਾਈਪਲਾਈਨਾਂ ਬਹੁਤ ਜ਼ਿਆਦਾ ਜਲਣਸ਼ੀਲ ਪੈਟਰੋਲੀਅਮ ਪਦਾਰਥਾਂ ਦੀ ਸੁਰੱਖਿਅਤ ਢੰਗ ਨਾਲ ਢੋਆ-ਢੁਆਈ ਕਰਦੀਆਂ ਹਨ। ਸਮਾਜ ਵਿਰੋਧੀ ਅਨਸਰਾਂ ਵੱਲੋਂ ਪਾਈਪ ਲਾਈਨ ਨਾਲ ਛੇੜਛਾੜ ਕਰਨ ਨਾਲ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਸਕਦਾ ਹੈ | ਅਜਿਹੀ ਘਟਨਾ ਨੂੰ ਧਿਆਨ ਵਿਚ ਰੱਖਦੇ ਹੋਏ ਆਫ਼ਤ ਪ੍ਰਬੰਧਨ ਅਭਿਆਸ ਘੱਟ ਤੋਂ ਘੱਟ ਨੁਕਸਾਨ ਨੂੰ ਯਕੀਨੀ ਬਣਾਉਂਦਾ ਹੈ ਅਤੇ ਮੁੜ ਸੰਚਾਲਨ ਵਿਚ ਮਦਦ ਕਰਦਾ ਹੈ। ਉਨ੍ਹਾਂ ਕਿਹਾ ਕਿ ਪੀ.ਐਂਡ.ਐੱਮ.ਪੀ.ਐਕਟ ਵਿੱਚ ਅਜਿਹੇ ਨੁਕਸਾਨ ਲਈ ਉਮਰ ਕੈਦ ਅਤੇ ਮੌਤ ਦੀ ਸਜ਼ਾ ਦਾ ਪ੍ਰਾਵਧਾਨ ਤੋਂ ਇਲਾਵਾ ਪੁਲਿਸ ਵੱਲੋਂ ਕਿਸੇ ਵੀ ਜੁਰਮ ਵਿੱਚ ਗੈਰ-ਜ਼ਮਾਨਤੀ ਗ੍ਰਿਫਤਾਰੀ ਦੀ ਵਿਵਸਥਾ ਹੈ।
ਐਸ.ਡੀ.ਐਮ ਸ਼੍ਰੀਮਤੀ ਇਨਾਇਤ ਜੀ ਵੱਲੋਂ ਡਰਿੱਲ ਦਾ ਨਿਰੀਖਣ ਕਰਨ ਉਪਰੰਤ ਅਧਿਕਾਰੀਆਂ ਨਾਲ ਅਹਿਮ ਨੁਕਤਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਅਤੇ ਐਚ.ਪੀ.ਸੀ.ਐਲ ਵੱਲੋਂ ਪਾਈਪ ਲਾਈਨ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਨਿਰੰਤਰ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਦੀ ਸੁਰੱਖਿਆ ਵਿੱਚ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਸੀਨੀਅਰ ਮੈਨੇਜਰ ਸ਼੍ਰੀ ਸਿਧਾਰਥ ਦੁਆ ਨੇ ਨੇ ਐਚ.ਪੀ.ਸੀ.ਐਲ ਦੁਆਰਾ ਜਿਲ੍ਹੇ ਵਿੱਚ ਸੀ.ਐਸ.ਆਰ ਪ੍ਰੋਜੈਕਟ ਤਹਿਤ ਕੀਤੇ ਜਾ ਰਹੇ ਕੰਮਾਂ ਦਾ ਵਿਸਥਾਰਪੂਰਵਕ ਵੇਰਵਾ ਦਿੱਤਾ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਪਾਈਪਲਾਈਨ ਖੇਤਰ ਵਿੱਚ ਸ਼ੱਕੀ ਗਤੀਵਿਧੀ ਦਾ ਪਤਾ ਲੱਗਦਾ ਹੈ ਤਾਂ ਉਹ ਤੁਰੰਤ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਟੋਲ-ਫ੍ਰੀ ਨੰਬਰ 1800-180-1276 ‘ਤੇ ਸੂਚਿਤ ਕਰਨ।
ਇਸ ਮੌਕੇ ਚੌਕੀ ਇੰਚਾਰਜ ਕੋਟਸ਼ਮੀਰ ਸ੍ਰੀ ਪ੍ਰਮਜੀਤ ਸਿੰਘ, ਐਨ.ਡੀ.ਆਰ.ਐਫ ਦੇ ਇੰਸਪੈਕਟਰ ਸ੍ਰੀ ਅਮਰ ਪ੍ਰਤਾਪ ਸਿੰਘ,
ਇੰਡੀਅਨ ਆਇਲ ਦੀ ਤਰਫੋਂ ਸ੍ਰੀ ਅੰਕਿਤ ਗਰਗ (ਮੁੱਖ ਪ੍ਰਬੰਧਕ), ਸ੍ਰੀ ਰਮੇਸ਼ ਸਿੰਘ ਬੰਗਰਾੜੀ (ਸੀਨੀਅਰ ਮੈਨੇਜਰ), ਐੱਚ.ਪੀ.ਸੀ.ਐੱਲ. ਦੀ ਤਰਫੋਂ ਸ਼੍ਰੀ ਸਿਧਾਰਥ ਕੁਮਾਰ (ਸੀਨੀਅਰ ਮੈਨੇਜਰ), ਸ਼੍ਰੀ ਆਸ਼ੂਤੋਸ਼ ਆਦਿਤਿਆ (ਸੀਨੀਅਰ ਮੈਨੇਜਰ), ਸ਼੍ਰੀ ਵਸੀਮ ਰਾਜਾ (ਪ੍ਰਬੰਧਕ), ਅਦਿੱਤਿਆ ਸੋਮ (ਡਿਪਟੀ ਮੈਨੇਜਰ) ਅਤੇ ਸ਼੍ਰੀ ਅਮਿਤ ਕੁਮਾਰ ਗੌਤਮ (ਡਿਪਟੀ ਮੈਨੇਜਰ), ਪਿੰਡ ਕੋਟਸ਼ਮੀਰ ਦੇ ਸਰਪੰਚ ਸ.ਬਲਦੀਪ ਸਿੰਘ ਅਤੇ ਫਾਇਰ ਸਰਵਿਸ, ਜ਼ਿਲ੍ਹਾ ਸਿਹਤ ਸੇਵਾਵਾਂ ਆਦਿ ਵਿਭਾਗਾਂ ਦੇ ਨਾਲ-ਨਾਲ ਪਿੰਡ ਕੋਟਸ਼ਮੀਰ ਦੇ ਵਸਨੀਕਾਂ ਨੇ ਵੀ ਸ਼ਮੂਲੀਅਤ ਕੀਤੀ।