06 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਅਡਾਨੀ ਗਰੁੱਪ ਦੀ ਕੰਪਨੀ ਅਡਾਨੀ ਪਾਵਰ (Adani Power) ਨੇ ਭੂਟਾਨ ਦੀ ਸਰਕਾਰੀ ਬਿਜਲੀ ਕੰਪਨੀ ਡਰੁਕ ਗ੍ਰੀਨ ਪਾਵਰ ਕਾਰਪੋਰੇਸ਼ਨ (DGPC) ਨਾਲ ਇੱਕ ਅਹਿਮ ਸਮਝੌਤਾ ਕੀਤਾ ਹੈ। ਇਹ ਐਗਰੀਮੈਂਟ 770 ਮੈਗਾਵਾਟ (MW) ਦੇ ਚਮਖਾਰਛੂ-I ਹਾਈਡ੍ਰੋਪਾਵਰ ਪ੍ਰੋਜੈਕਟ ਦੀ ਸਥਾਪਨਾ ਨਾਲ ਸਬੰਧਤ ਹੈ। ਇਹ ਸਮਝੌਤਾ ਭੂਟਾਨ ਦੀ ਰਾਜਧਾਨੀ ਥਿੰਫੂ ’ਚ ਹੋਇਆ। ਇਸ ਮੌਕੇ ਭੂਟਾਨ ਦੇ ਪ੍ਰਧਾਨ ਮੰਤਰੀ ਲਿਓਨਛੇਨ ਦਾਸ਼ੋ ਸ਼ੇਰਿੰਗ ਤੋਬਗੇ, ਵਿੱਤ ਮੰਤਰੀ, ਊਰਜਾ ਤੇ ਕੁਦਰਤੀ ਸਰੋਤ ਮੰਤਰੀ ਤੇ ਦੋਵਾਂ ਕੰਪਨੀਆਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

ਪਾਰਟਨਰਸ਼ਿਪ ਮਾਡਲ ’ਤੇ ਆਧਾਰਿਤ ਪ੍ਰੋਜੈਕਟ

ਇਹ ਪ੍ਰੋਜੈਕਟ ਪਾਰਟਨਰਸ਼ਿਪ ਮਾਡਲ ’ਤੇ ਆਧਾਰਿਤ ਹੈ। ਇਸ ’ਚ 49:51 ਦੀ ਇਕਵਿਟੀ ਹਿੱਸੇਦਾਰੀ ਹੋਵੇਗੀ। ਅਡਾਨੀ ਪਾਵਰ ਕੋਲ 49% ਤੇ DGPC ਕੋਲ 51% ਹਿੱਸੇਦਾਰੀ ਰਹੇਗੀ। ਇਹ ਪ੍ਰੋਜੈਕਟ BOOT (Build, Own, Operate and Transfer) ਮਾਡਲ ਤਹਿਤ ਤਿਆਰ ਕੀਤਾ ਜਾਵੇਗਾ। ਇਸ ਦਾ ਕਨਸੈਸ਼ਨ ਪੀਰੀਅਡ ਕਮਰਸ਼ੀਅਲ ਓਪਰੇਸ਼ਨ ਸ਼ੁਰੂ ਹੋਣ ਦੀ ਤਾਰੀਖ ਤੋਂ 30 ਸਾਲ ਦਾ ਹੋਵੇਗਾ। ਇਹ ਪ੍ਰੋਜੈਕਟ ਮੱਧ ਭੂਟਾਨ ਦੇ ਝੇਮਗਾਂਗ (Zhemgang) ਜ਼ਿਲ੍ਹੇ ’ਚ ਚਮਖਾਰਛੂ ਨਦੀ ’ਤੇ ਸਥਿਤ ਹੈ। ਨਿਰਮਾਣ ਕਾਰਜ 2027 ਦੀ ਪਹਿਲੀ ਛਿਮਾਹੀ ’ਚ ਸ਼ੁਰੂ ਹੋਵੇਗਾ ਤੇ ਸ਼ਿਲਾਨਿਆਸ ਤੋਂ 6 ਸਾਲ ਦੇ ਅੰਦਰ ਇਸ ਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਊਰਜਾ ਸਪਲਾਈ ਨਾਲ ਜੁੜੇ ਕੀ ਹੋਣਗੇ ਲਾਭ?

ਇਹ ਪਲਾਂਟ ਸਰਦੀਆਂ ਦੌਰਾਨ ਭੂਟਾਨ ਦੀ ਬਿਜਲੀ ਦੀ ਲੋੜ ਪੂਰੀ ਕਰੇਗਾ, ਜਦਕਿ ਗਰਮੀਆਂ ਦੇ ਮੌਸਮ ’ਚ ਵਾਧੂ ਗ੍ਰੀਨ ਪਾਵਰ ਭਾਰਤ ਨੂੰ ਨਿਰਯਾਤ ਕੀਤੀ ਜਾਵੇਗੀ। ਇਹ ਸਮਝੌਤਾ ਅਡਾਨੀ ਗਰੁੱਪ ਤੇ ਭੂਟਾਨ ਸਰਕਾਰ ਵਿਚਕਾਰ ਮਈ 2025 ’ਚ ਹੋਏ 5,000 ਮੈਗਾਵਾਟ ਦੇ ਵਿਆਪਕ ਹਾਈਡ੍ਰੋਪਾਵਰ ਵਿਕਾਸ ਸਮਝੌਤੇ ਦਾ ਹਿੱਸਾ ਹੈ। ਇਸ ਤੋਂ ਪਹਿਲਾਂ ਸਤੰਬਰ 2025 ’ਚ ਦੋਵਾਂ ਧਿਰਾਂ ਨੇ 570 ਮੈਗਾਵਾਟ ਦੇ ਵਾਂਗਛੂ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਲਈ ਵੀ ਕਰਾਰ ਕੀਤਾ ਸੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।