ਨਵੀਂ ਦਿੱਲੀ 05 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) – ਤਿਉਹਾਰਾਂ ਤੋਂ ਪਹਿਲਾਂ ਪਿਆਜ਼ ਦੀਆਂ ਕੀਮਤਾਂ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਸ਼ੁਰੂ ਹੋ ਗਈ ਹੈ। ਮਹਾਰਾਸ਼ਟਰ ਦੇ ਨਾਸਿਕ ‘ਚ ਪਿਆਜ਼ ਦੇ ਥੋਕ ਭਾਅ ‘ਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ। ਲਾਸਲਗਾਂਵ ਮੰਡੀ ‘ਚ ਚੰਗੀ ਕੁਆਲਿਟੀ ਵਾਲੇ ਪਿਆਜ਼ ਦੀ ਕੀਮਤ ₹55 ਪ੍ਰਤੀ ਕਿਲੋ ਤੋਂ ਘਟ ਕੇ ₹46 ਪ੍ਰਤੀ ਕਿਲੋ ਰਹਿ ਗਈ ਹੈ। ਮੰਡੀ ਦੇ ਜਾਣਕਾਰਾਂ ਮੁਤਾਬਕ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਤੋਂ ਨਵੀਂ ਖਰੀਫ਼ ਫਸਲ ਵਾਲੇ ਪਿਆਜ਼ ਦੀ ਆਮਦ ਸ਼ੁਰੂ ਹੋ ਗਈ ਹੈ, ਜਿਸ ਕਾਰਨ ਨਾਸਿਕ ਦੇ ਪਿਆਜ਼ ਦੀਆਂ ਕੀਮਤਾਂ ‘ਚ ਕਮੀ ਦੇਖਣ ਨੂੰ ਮਿਲੀ ਹੈ।

ਪਿਆਜ਼ ਦੀਆਂ ਕੀਮਤਾਂ ‘ਚ ₹9 ਦੀ ਗਿਰਾਵਟ

ਲਾਸਲਗਾਂਵ ਮੰਡੀ ‘ਚ ਪਿਛਲੇ ਕਰੀਬ ਇੱਕ ਮਹੀਨੇ ਤੋਂ ਪਿਆਜ਼ ਦੇ ਭਾਅ ਉੱਚੇ ਬਣੇ ਹੋਏ ਸਨ। ਮੀਡੀਆ ਰਿਪੋਰਟਾਂ ਮੁਤਾਬਕ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਵਰਗੇ ਪ੍ਰਮੁੱਖ ਖੇਤੀਬਾੜੀ ਉਤਪਾਦਕ ਸੂਬਿਆਂ ਤੋਂ ਖਰੀਫ਼ ਸੀਜ਼ਨ ਵਾਲੇ ਨਵੇਂ ਪਿਆਜ਼ ਦੀ ਆਮਦ ਸ਼ੁਰੂ ਹੋ ਗਈ ਹੈ, ਜਿਸ ਤੋਂ ਬਾਅਦ ਥੋਕ ਭਾਅ ‘ਚ ਕਮੀ ਆਈ ਹੈ।

ਖੇਤੀਬਾੜੀ ਉਪਜ ਮਾਰਕੀਟ ਕਮੇਟੀ (APMC) ਦੇ ਅਧਿਕਾਰੀਆਂ ਮੁਤਾਬਕ, ਦੋਵਾਂ ਸੂਬਿਆਂ ਤੋਂ ਨਵਾਂ ਖਰੀਫ਼ ਪਿਆਜ਼ ਬਾਜ਼ਾਰ ‘ਚ ਆਉਣ ਨਾਲ ਖਰੀਦਦਾਰਾਂ ਕੋਲ ਪਿਆਜ਼ ਖਰੀਦਣ ਲਈ ਵਧੇਰੇ ਵਿਕਲਪ ਹੋ ਗਏ ਹਨ। ਇਸ ਦਾ ਸਿੱਧਾ ਅਸਰ ਨਾਸਿਕ ਦੇ ਪਿਆਜ਼ ਦੀ ਮੰਗ ਅਤੇ ਕੀਮਤਾਂ ’ਤੇ ਪਿਆ ਹੈ।

ਮਿਸਰ ਤੋਂ ਪਿਆਜ਼ ਦੀ ਦਰਾਮਦ ਦਾ ਵੀ ਅਸਰ

ਪਿਆਜ਼ ਦੀ ਸਪਲਾਈ ਬਣਾਈ ਰੱਖਣ ਅਤੇ ਕੀਮਤਾਂ ਨੂੰ ਕਾਬੂ ‘ਚ ਰੱਖਣ ਲਈ ਮਿਸਰ ਤੋਂ ਪਿਆਜ਼ ਦਰਾਮਦ ਕਰਨਾ ਪਿਆ ਹੈ। ਦਰਾਮਦ ਕੀਤੇ ਪਿਆਜ਼ ਕਾਰਨ ਘਰੇਲੂ ਮੰਡੀਆਂ ‘ਚ ਵੀ ਥੋਕ ਕੀਮਤਾਂ ’ਤੇ ਅਸਰ ਪਿਆ ਹੈ।

APMC ਅਧਿਕਾਰੀਆਂ ਮੁਤਾਬਕ, ਮਿਸਰ ਤੋਂ ਪਿਆਜ਼ ਆਉਣ ਕਾਰਨ ਬਾਜ਼ਾਰ ‘ਚ ਉਪਲਬਧਤਾ ਵਧੀ ਹੈ। ਇਸ ਨਾਲ ਲਾਸਲਗਾਂਵ ਮੰਡੀ ‘ਚ ਪਿਆਜ਼ ਦੀਆਂ ਕੀਮਤਾਂ ’ਤੇ ਦਬਾਅ ਬਣਿਆ ਹੋਇਆ ਹੈ। ਲਾਸਲਗਾਂਵ APMC ਦੇ ਡਾਇਰੈਕਟਰ ਪ੍ਰਵੀਣ ਕਦਮ ਨੇ ਮੀਡੀਆ ਨੂੰ ਦੱਸਿਆ ਕਿ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਤੋਂ ਪਿਆਜ਼ ਦੀ ਵਧੀ ਹੋਈ ਆਮਦ ਮੌਜੂਦਾ ਗਿਰਾਵਟ ਦਾ ਮੁੱਖ ਕਾਰਨ ਹੈ।

ਆਮ ਗਾਹਕ ਨੂੰ ਰਾਹਤ ਨਹੀਂ

ਲਾਸਲਗਾਂਵ ਮੰਡੀ ‘ਚ ਪਿਆਜ਼ ਦੇ ਥੋਕ ਭਾਅ ‘ਚ ਭਾਰੀ ਗਿਰਾਵਟ ਦੇ ਬਾਵਜੂਦ ਖੁਦਰਾ ਬਾਜ਼ਾਰਾਂ ‘ਚ ਇਸ ਦਾ ਅਸਰ ਦਿਖਾਈ ਨਹੀਂ ਦੇ ਰਿਹਾ। ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਵਰਗੇ ਪ੍ਰਮੁੱਖ ਸ਼ਹਿਰਾਂ ‘ਚ ਅਜੇ ਵੀ ਪਿਆਜ਼ ਦੀ ਖੁਦਰਾ ਕੀਮਤ ਔਸਤਨ ₹65 ਪ੍ਰਤੀ ਕਿਲੋ ਬਣੀ ਹੋਈ ਹੈ।

ਹਾਲਾਂਕਿ ਨਵਰਾਤਰੀ ਤੋਂ ਪਹਿਲਾਂ ਕੋਲਕਾਤਾ ਅਤੇ ਆਸ-ਪਾਸ ਦੇ ਸ਼ਹਿਰਾਂ ਲਈ ਸਰਕਾਰ ਵੱਲੋਂ ‘ਕਾਂਦਾ ਐਕਸਪ੍ਰੈੱਸ’ ਰਾਹੀਂ ਸਸਤੇ ਭਾਅ ਵਾਲਾ ਪਿਆਜ਼ ਭੇਜਿਆ ਜਾ ਚੁੱਕਾ ਹੈ। ਇਹ ਰਿਆਇਤੀ ਦਰਾਂ ’ਤੇ ਮਿਲਣ ਵਾਲਾ ਪਿਆਜ਼ NAFED ਅਤੇ NCCF ਵਰਗੀਆਂ ਏਜੰਸੀਆਂ ਰਾਹੀਂ ਮੋਬਾਈਲ ਵੈਨਾਂ ਅਤੇ ਆਊਟਲੈਟਾਂ ਦੇ ਜ਼ਰੀਏ ਵੇਚਿਆ ਜਾ ਰਿਹਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।