ਜਲੰਧਰ, 14 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਬ੍ਰਾਂਚ ਵੱਲੋਂ ਸ਼ਹਿਰ ਦੀਆਂ ਸਾਰੀਆਂ ਪ੍ਰਾਪਰਟੀਆਂ ’ਤੇ ਲਗਾਈਆਂ ਗਈਆਂ ਯੂਨੀਕ ਆਈਡੀ ਨੰਬਰ ਪਲੇਟਾਂ ਦਾ ਡਾਟਾ ਹੁਣ ਪ੍ਰਾਪਰਟੀ ਟੈਕਸ ਭਰਨ ਵਾਲਿਆਂ ਦੇ ਡਾਟੇ ਨਾਲ ਜੋੜਿਆ ਜਾਵੇਗਾ। ਇਸ ਲਈ ਨਗਰ ਨਿਗਮ ਵੱਲੋਂ ਇੱਕ ਕੰਪਨੀ ਨੂੰ ਜ਼ਿੰਮੇਵਾਰੀ ਦੇਣ ਲਈ ਟੈਂਡਰ ਲਾਇਆ ਗਿਆ ਹੈ, ਜੋ ਕਿਸੇ ਵੀ ਸਮੇਂ ਫਾਈਨਲ ਹੋ ਸਕਦਾ ਹੈ। ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਬ੍ਰਾਂਚ ਨੇ ਸ਼ਹਿਰ ਦੀਆਂ ਸਾਰੀਆਂ ਪ੍ਰਾਪਰਟੀਆਂ ‘ਤੇ ਯੂਨੀਕ ਆਈਡੀ ਨੰਬਰ ਪਲੇਟਾਂ ਲਗਾ ਦਿੱਤੀਆਂ ਹਨ ਅਤੇ ਇਸ ਨਾਲ ਸਬੰਧਤ ਡਾਟਾ ਨਿਗਮ ਕੋਲ ਮੌਜੂਦ ਹੈ। ਇਸ ਦੇ ਨਾਲ ਹੀ ਨਗਰ ਨਿਗਮ ਵੱਲੋਂ ਸਾਰੀਆਂ ਪ੍ਰਾਪਰਟੀਆਂ ਦਾ ਸਰਵੇ ਵੀ ਕਰਵਾਇਆ ਜਾ ਚੁੱਕਾ ਹੈ। ਹੁਣ ਯੂਨੀਕ ਆਈਡੀ ਨੰਬਰ ਅਤੇ ਸਰਵੇ ਡਾਟੇ ਨੂੰ ਆਪਸ ਵਿੱਚ ਲਿੰਕ ਕੀਤਾ ਜਾਣਾ ਹੈ।
ਇਸ ਨਾਲ ਇਹ ਸਪੱਸ਼ਟ ਹੋ ਜਾਵੇਗਾ ਕਿ ਕਿਹੜੇ ਲੋਕਾਂ ਨੇ ਆਪਣਾ ਪ੍ਰਾਪਰਟੀ ਟੈਕਸ ਭਰਿਆ ਹੈ ਅਤੇ ਕਿਹੜੇ ਲੋਕ ਅਜੇ ਤੱਕ ਟੈਕਸ ਜਮ੍ਹਾਂ ਨਹੀਂ ਕਰਵਾ ਰਹੇ। ਇਸ ਨਾਲ ਟੈਕਸ ਨਾ ਭਰਨ ਵਾਲੇ ਡਿਫਾਲਟਰਾਂ ਦੀ ਪਛਾਣ ਕਰਨਾ ਆਸਾਨ ਹੋ ਜਾਵੇਗਾ। ਡਾਟਾ ਲਿੰਕ ਹੋਣ ਤੋਂ ਬਾਅਦ ਨਿਗਮ ਨੂੰ ਇਕ ਕਲਿੱਕ ‘ਚ ਇਹ ਜਾਣਕਾਰੀ ਮਿਲ ਜਾਵੇਗੀ ਕਿ ਕਿਹੜੇ ਲੋਕਾਂ ਨੇ ਟੈਕਸ ਭਰਿਆ ਹੈ ਅਤੇ ਜਿਨ੍ਹਾਂ ਨੇ ਨਹੀਂ ਭਰਿਆ, ਉਨ੍ਹਾਂ ਦੀ ਸੂਚੀ ਵੀ ਤਿਆਰ ਹੋ ਜਾਵੇਗੀ।
ਟੈਕਸ ਨਾ ਦੇਣ ਵਾਲਿਆਂ ਨੂੰ ਚਿਤਾਵਨੀ ਸੰਦੇਸ਼ ਭੇਜੇ ਜਾ ਸਕਣਗੇ ਤੇ ਲੋੜ ਪੈਣ ’ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਵੀ ਸ਼ੁਰੂ ਕੀਤੀ ਜਾਵੇਗੀ। ਇਸ ਦਾ ਫਾਇਦਾ ਇਹ ਹੋਵੇਗਾ ਕਿ ਨਗਰ ਨਿਗਮ ਡਿਫਾਲਟਰਾਂ ਦੀ ਸੂਚੀ ਦੇ ਆਧਾਰ ’ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ’ਤੇ ਧਿਆਨ ਕੇਂਦਰਿਤ ਕਰ ਸਕੇਗਾ। ਮੌਜੂਦਾ ਸਮੇਂ ਨਿਗਮ ਕੋਲ ਮੌਜੂਦ ਡਾਟਾ ਸਪੱਸ਼ਟ ਨਹੀਂ ਹੈ, ਜਿਸ ਕਾਰਨ ਇਹ ਪਛਾਣ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਕਿਹੜੇ ਲੋਕਾਂ ਨੇ ਟੈਕਸ ਨਹੀਂ ਭਰਿਆ। ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਬ੍ਰਾਂਚ ਲਈ ਇਸ ਸਾਲ ਰੈਵੀਨਿਊ ਕਲੇਕਸ਼ਨ ਦਾ ਟਾਰਗੇਟ 75 ਕਰੋੜ ਰੁਪਏ ਹੈ ਪਰ ਹੁਣ ਤੱਕ ਸਿਰਫ਼ 45 ਕਰੋੜ ਰੁਪਏ ਹੀ ਇਕੱਠੇ ਹੋਏ ਹਨ। ਇਸ ਸਥਿਤੀ ‘ਚ ਟਾਰਗੇਟ ਪੂਰਾ ਹੋਣਾ ਮੁਸ਼ਕਲ ਦਿਖਾਈ ਦੇ ਰਿਹਾ ਹੈ।
ਅੱਧੇ ਸ਼ਹਿਰ ਦਾ ਵੀ ਕਰਵਾਇਆ ਜਾਵੇਗਾ ਅਪਡੇਟ ਸਰਵੇ
ਨਗਰ ਨਿਗਮ ਵੱਲੋਂ ਪਹਿਲਾਂ ਪੂਰੇ ਸ਼ਹਿਰ ਦਾ ਸਰਵੇ ਕਰਵਾਇਆ ਗਿਆ ਸੀ ਅਤੇ ਉਸੇ ਦੇ ਆਧਾਰ ‘ਤੇ ਡਾਟਾ ਲਿੰਕ ਕੀਤਾ ਜਾਣਾ ਹੈ ਪਰ ਸਰਵੇ ਪੁਰਾਣਾ ਹੋਣ ਕਰਕੇ ਹੁਣ ਅਪਡੇਟ ਸਰਵੇ ਕਰਵਾਇਆ ਜਾ ਰਿਹਾ ਹੈ। ਨਗਰ ਨਿਗਮ ਨੇ ਸ਼ਹਿਰ ਨੂੰ 20 ਸੈਕਟਰਾਂ ਵਿੱਚ ਵੰਡਿਆ ਹੋਇਆ ਹੈ, ਜਿਨ੍ਹਾਂ ‘ਚੋਂ 11 ਸੈਕਟਰਾਂ ਵਿੱਚ ਅਪਡੇਟ ਸਰਵੇ ਪੂਰਾ ਹੋ ਚੁੱਕਾ ਹੈ। ਹੁਣ ਨਿਗਮ ਬਾਕੀ 9 ਸੈਕਟਰਾਂ ਅਤੇ ਸ਼ਹਿਰ ਦੀ ਹੱਦ ਵਿੱਚ ਆਉਂਦੇ ਕੈਂਟ ਵਿਧਾਨ ਸਭਾ ਖੇਤਰ ਦੇ 11 ਪਿੰਡਾਂ ਦਾ ਅਪਡੇਟ ਸਰਵੇ ਕਰਵਾਏਗਾ। ਇਸ ਲਈ ਟੀਮਾਂ ਨਿਯੁਕਤ ਕੀਤੀਆਂ ਗਈਆਂ ਹਨ। 9 ਸੈਕਟਰਾਂ ਅਤੇ 11 ਪਿੰਡਾਂ ਦਾ ਸਰਵੇ ਪੂਰਾ ਹੋਣ ਤੋਂ ਬਾਅਦ ਇਸ ਡਾਟੇ ਨੂੰ ਵੀ ਯੂਨੀਕ ਆਈਡੀ ਨੰਬਰ ਨਾਲ ਜੋੜਿਆ ਜਾਵੇਗਾ।
ਇਕ ਲੱਖ ਲੋਕ ਨਹੀਂ ਦੇ ਰਹੇ ਪ੍ਰਾਪਰਟੀ ਟੈਕਸ
ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਬ੍ਰਾਂਚ ਦੇ ਸੁਪਰਡੈਂਟ ਮਹੀਪ ਸਰੀਨ, ਰਾਜੀਵ ਰਿਸ਼ੀ ਅਤੇ ਭੁਪਿੰਦਰ ਸਿੰਘ ਬੜਿੰਗ ਨੇ ਕਿਹਾ ਕਿ ਯੂਨੀਕ ਆਈਡੀ ਨੰਬਰ ਨਾਲ ਸਰਵੇ ਡਾਟਾ ਜੋੜਨ ਨਾਲ ਪ੍ਰਾਪਰਟੀ ਟੈਕਸ ਬ੍ਰਾਂਚ ਦੀ ਆਮਦਨ ਵਿੱਚ ਵਾਧਾ ਹੋਵੇਗਾ। ਸਾਰੇ ਲੋਕਾਂ ਤੋਂ ਟੈਕਸ ਵਸੂਲਿਆ ਜਾ ਸਕੇਗਾ ਅਤੇ ਡਿਫਾਲਟਰਾਂ ਖ਼ਿਲਾਫ਼ ਕਾਰਵਾਈ ਸੰਭਵ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਸ਼ਹਿਰ ਵਿੱਚ ਸਿਰਫ਼ 85 ਹਜ਼ਾਰ ਲੋਕ ਹੀ ਪ੍ਰਾਪਰਟੀ ਟੈਕਸ ਭਰ ਰਹੇ ਹਨ, ਜਦਕਿ ਲਗਪਗ ਇਕ ਲੱਖ ਲੋਕ ਟੈਕਸ ਜਮ੍ਹਾ ਨਹੀਂ ਕਰਵਾ ਰਹੇ। ਇਨ੍ਹਾਂ ਇਕ ਲੱਖ ਡਿਫਾਲਟਰਾਂ ਵਿੱਚੋਂ ਜ਼ਿਆਦਾਤਰ ਰਿਹਾਇਸ਼ੀ ਪ੍ਰਾਪਰਟੀਆਂ ਨਾਲ ਸਬੰਧਤ ਹਨ। ਸਿਰਫ਼ 10 ਤੋਂ 15 ਫ਼ੀਸਦੀ ਹੀ ਵਪਾਰਕ ਪ੍ਰਾਪਰਟੀਆਂ ਅਜਿਹੀਆਂ ਹਨ, ਜਿਨ੍ਹਾਂ ਤੋਂ ਟੈਕਸ ਨਹੀਂ ਮਿਲ ਰਿਹਾ।
ਰਿਹਾਇਸ਼ੀ ਪ੍ਰਾਪਰਟੀਆਂ ‘ਤੇ ਵੀ ਕਾਰਵਾਈ ਦੀ ਤਿਆਰੀ
ਪ੍ਰਾਪਰਟੀ ਟੈਕਸ ਬ੍ਰਾਂਚ ਦੇ ਅਧਿਕਾਰੀਆਂ ਨੇ ਕਿਹਾ ਕਿ ਜਲਦੀ ਹੀ ਰਿਹਾਇਸ਼ੀ ਪ੍ਰਾਪਰਟੀਆਂ ਖ਼ਿਲਾਫ਼ ਵੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਸ ਲਈ ਸ਼ਹਿਰ ਦੇ 20 ਸੈਕਟਰਾਂ ਵਿੱਚ ਹਰ ਸੈਕਟਰ ਲਈ ਇਕ-ਇਕ ਕਰਮਚਾਰੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਕਰਮਚਾਰੀ ਡੋਰ-ਟੂ-ਡੋਰ ਸਰਵੇ ਦੇ ਤਹਿਤ ਘਰ-ਘਰ ਜਾ ਕੇ ਉਹਨਾਂ ਘਰਾਂ ਦੀ ਜਾਂਚ ਕਰਨਗੇ, ਜਿਨ੍ਹਾਂ ਦਾ ਪ੍ਰਾਪਰਟੀ ਟੈਕਸ ਅਜੇ ਤੱਕ ਜਮ੍ਹਾਂ ਨਹੀਂ ਹੋਇਆ। ਪਹਿਲਾਂ ਇਹ ਕੰਮ ਸਟਾਫ ਦੀ ਘਾਟ ਕਾਰਨ ਔਖਾ ਸੀ ਪਰ ਹੁਣ ਹੋਰ ਬ੍ਰਾਂਚਾਂ ਤੋਂ ਕਰਮਚਾਰੀਆਂ ਦੀ ਤਬਾਦਲੇ ਰਾਹੀਂ ਪ੍ਰਾਪਰਟੀ ਟੈਕਸ ਬ੍ਰਾਂਚ ਵਿੱਚ ਤਾਇਨਾਤੀ ਕੀਤੀ ਗਈ ਹੈ ਅਤੇ ਸਾਰਿਆਂ ਨੂੰ ਕੰਮ ਵੰਡਿਆ ਗਿਆ ਹੈ। ਹਰ ਕਰਮਚਾਰੀ ਲਈ ਟਾਰਗੇਟ ਵੀ ਤੈਅ ਕੀਤੇ ਜਾ ਰਹੇ ਹਨ।
ਸੰਖੇਪ:
