ਬਰਨਾਲਾ, 20 ਫਰਵਰੀ (ਪੰਜਾਬੀ ਖ਼ਬਰਨਾਮਾ)

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਨੂੰ ਉਤਪਾਦਕ ਕਿਸਾਨਾਂ ਦੀ ਸਹਾਇਤਾ ਲਈ ਪੰਜਾਬ ਐਗਰੋ ਰਾਹੀਂ ਕਿਨੂੰ ਦੀ ਖਰੀਦ ਕਰਕੇ ਇਹ ਕਿਨੂੰ ਮਿਡ ਡੇ ਮੀਲ ਵਿੱਚ ਵਿਦਿਆਰਥੀਆਂ ਨੂੰ ਦੇਣ ਦੇ ਫੈਸਲਾ ਕੀਤਾ ਗਿਆ। ਇਸ ਤਹਿਤ ਅੱਜ ਜ਼ਿਲ੍ਹਾ ਬਰਨਾਲਾ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਮਿਡ ਡੇ ਮੀਲ ਵਿੱਚ ਵਿਦਿਆਰਥੀਆਂ ਨੂੰ ਕਿਨੂੰ ਦਿੱਤਾ ਗਿਆ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਖੇਡ ਅਤੇ ਯੁਵਾ ਮਾਮਲੇ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ 33000 ਵਿਦਿਆਰਥੀਆਂ ਨੂੰ ਅੱਜ ਇਹ ਪੌਸ਼ਟਿਕ ਫਲ ਵੰਡਿਆ ਗਿਆ ਅਤੇ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ 31 ਮਾਰਚ ਤੱਕ ਹਰ ਹਫ਼ਤੇ ਮੰਗਲਵਾਰ ਨੂੰ ਕਿਨੂੰ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ‘ਚ ਕੁੱਲ 182 ਪ੍ਰਾਇਮਰੀ ਸਕੂਲ, 115 ਸੈਕੰਡਰੀ ਸਕੂਲ ਅਤੇ 4 ਐਡਡ ਸਕੂਲ ਹਨ ਜਿਨ੍ਹਾਂ ਨੂੰ ਅੱਜ ਇਹ ਫ਼ਲ ਵੰਡਿਆ ਗਿਆ ਹੈ। 

ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੰਗ ‘ਤੇ ਪੰਜਾਬ ਸਰਕਾਰ ਨੇ ਪੰਜਾਬ ਐਗਰੋ ਰਾਹੀਂ ਫਲਾਂ ਨੂੰ ਖਰੀਦਣ ਦਾ ਫੈਸਲਾ ਕੀਤਾ। ਇਸੇ ਤਰ੍ਹਾਂ ਮਿਡ ਡੇ ਮੀਲ ਵਿੱਚ ਵੀ ਵਿਦਿਆਰਥੀਆਂ ਨੂੰ ਫਲ ਵਜੋਂ ਕੇਲਾ ਦਿੱਤਾ ਜਾਂਦਾ ਸੀ ਜਿਸ ‘ਤੇ ਮੁੱਖ ਮੰਤਰੀ ਨੇ ਫੈਸਲਾ ਕੀਤਾ ਕਿ ਕੇਲਾ ਦੇਣ ਦੀ ਬਜਾਏ ਪੰਜਾਬ ਵਿੱਚ ਹੋਣ ਵਾਲਾ ਮੌਸਮੀ ਫਲ ਦਿੱਤਾ ਜਾਵੇ। ਇਸੇ ਦੇ ਮੱਦੇਨਜ਼ਰ ਹੀ ਸਕੂਲਾਂ ਵਿੱਚ ਕੇਲੇ ਦੀ ਥਾਂ ਤੇ ਕਿਨੂੰ ਦੇਣ ਦਾ ਫੈਸਲਾ ਕੀਤਾ ਗਿਆ ਸੀ। ਇਸ ਨਾਲ ਵਿਦਿਆਰਥੀਆਂ ਨੂੰ ਚੰਗਾ ਪੋਸ਼ਣ ਮਿਲੇਗਾ ਕਿਉਂਕਿ ਕਿਨੂੰ ਦੇ ਵਿੱਚ ਬਹੁਤ ਸਾਰੇ ਪੌਸ਼ਟਿਕ ਗੁਣ ਵੀ ਹੁੰਦੇ ਹਨ ।

ਇਸ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਦੱਸਿਆ ਕਿ ਬਰਨਾਲਾ, ਸਹਿਣਾ ਅਤੇ ਮਹਿਲ ਕਲਾਂ ਬਲਾਕ ਲਈ ਵੱਖ ਵੱਖ ਡਿਲੀਵਰੀ ਪੁਆਇੰਟ ਰੱਖੇ ਗਏ ਹਨ ਜਿੱਥੇ ਪੰਜਾਬ ਐਗਰੋ ਵੱਲੋਂ ਕਿਨੂੰ ਡਿਲੀਵਰ ਕੀਤੇ ਜਾਂਦੇ ਹਨ। ਬਰਨਾਲਾ ਬਲਾਕ ਲਈ ਡਿਲੀਵਰੀ ਪੁਆਇੰਟ ਬਰਨਾਲਾ ਅਤੇ ਧਨੌਲਾ ਹੈ, ਸਹਿਣਾ ਲਈ ਡਿਲੀਵਰੀ ਪੁਆਇੰਟ ਤਪਾ ਅਤੇ ਭਦੌੜ ਹੈ ਅਤੇ ਮਹਿਲ ਕਲਾਂ ਲਈ ਡਿਲੀਵਰੀ ਪੁਆਇੰਟ ਚੰਨਣਵਾਲ ਅਤੇ ਮਹਿਲ ਕਲਾਂ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।