ਚੰਡੀਗੜ੍ਹ 28 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਭਾਜਪਾ ਦੇ ਸੰਗਠਨ ਵਿੱਚ ਇੱਕ ਵੱਡਾ ਫੇਰਬਦਲ ਹੋਇਆ ਹੈ, ਜਿਸ ਤਹਿਤ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦੀ ਕਮਾਨ ਸੌਂਪੀ ਗਈ ਹੈ। ਇਸ ਦੌਰਾਨ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਨੇ ਆਪਣਾ ਕਾਰਜਕਾਲ ਸਫ਼ਲਤਾਪੂਰਵਕ ਪੂਰਾ ਹੋਣ ‘ਤੇ ਪਾਰਟੀ ਦੇ ਵਰਕਰਾਂ ਅਤੇ ਕੇਂਦਰੀ ਲੀਡਰਸ਼ਿਪ ਦਾ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਵਜੋਂ ਸੇਵਾ ਕਰਨਾ ਉਨ੍ਹਾਂ ਲਈ ਬਹੁਤ ਮਾਣ ਅਤੇ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਰਹੀ ਹੈ।
ਉਨ੍ਹਾਂ ਇਸ ਸਫ਼ਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਤਾਏ ਗਏ ਭਰੋਸੇ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮਿਲੇ ਨਿਰੰਤਰ ਮਾਰਗਦਰਸ਼ਨ ਨੂੰ ਆਪਣੀ ਤਾਕਤ ਦਾ ਮੁੱਖ ਸਰੋਤ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਸ੍ਰੀ ਬੀ. ਐਲ. ਸੰਤੋਸ਼ ਤੋਂ ਮਿਲੀ ਜਥੇਬੰਦਕ ਸਿੱਖਿਆ ਅਤੇ ਜਗਤ ਪ੍ਰਕਾਸ਼ ਨੱਡਾ ਤੇ ਮੌਜੂਦਾ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਤੋਂ ਮਿਲੇ ਸਹਿਯੋਗ ਲਈ ਵੀ ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਪ੍ਰਗਟਾਇਆ।
ਸਾਬਕਾ ਪ੍ਰਧਾਨ ਨੇ ਪੰਜਾਬ ਭਰ ਦੇ ਪਾਰਟੀ ਵਰਕਰਾਂ, ਆਗੂਆਂ ਅਤੇ ਸਮਰਥਕਾਂ ਦੀ ਵਫ਼ਾਦਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਹਿਯੋਗ ਹੀ ਇਸ ਕਾਰਜਕਾਲ ਨੂੰ ਯਾਦਗਾਰੀ ਬਣਾਉਣ ਵਿੱਚ ਸਭ ਤੋਂ ਵੱਡੀ ਤਾਕਤ ਰਿਹਾ ਹੈ। ਨਵੇਂ ਨਿਯੁਕਤ ਪ੍ਰਧਾਨ ਕੇਵਲ ਢਿੱਲੋਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਕਿਹਾ, “ਮੈਂ ਨਵੇਂ ਪ੍ਰਧਾਨ ਨੂੰ ਪੂਰਾ ਸਹਿਯੋਗ ਦੇਵਾਂਗਾ। ਮੈਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੀ ਅਗਵਾਈ ਵਿੱਚ ਸੰਗਠਨ ਹੋਰ ਮਜ਼ਬੂਤ ਹੋਵੇਗਾ ਤੇ ਪੰਜਾਬ ਦੀ ਸੇਵਾ ਹੋਰ ਵੀ ਸਮਰਪਣ ਭਾਵਨਾ ਨਾਲ ਅੱਗੇ ਵਧੇਗੀ।” ਉਨ੍ਹਾਂ ਅਖੀਰ ਵਿੱਚ ਸਪੱਸ਼ਟ ਕੀਤਾ ਕਿ ਪੰਜਾਬ, ਪੰਜਾਬ ਦੇ ਲੋਕਾਂ ਅਤੇ ਪਾਰਟੀ ਜਥੇਬੰਦੀ ਨਾਲ ਉਨ੍ਹਾਂ ਦਾ ਰਿਸ਼ਤਾ ਹਮੇਸ਼ਾ ਕਿਸੇ ਵੀ ਅਹੁਦੇ ਜਾਂ ਜ਼ਿੰਮੇਵਾਰੀ ਤੋਂ ਉੱਪਰ ਰਿਹਾ ਹੈ ਅਤੇ ਇਹ ਲਗਾਓ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਬਰਕਰਾਰ ਰਹੇਗਾ।
