ਨਵੀਂ ਦਿੱਲੀ 04 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਐੱਫਐੱਸਐੱਸਏਆਈ (ਭਾਰਤੀ ਖੁਰਾਕ ਸੁਰੱਖਿਆ ਅਤੇ ਮਾਨਕ ਅਥਾਰਟੀ) ਨੇ ਡਾਬਰ ਇੰਡੀਆ ਨੂੰ ਸ਼ਹਿਦ, ਗਊਆਂ ਦੇ ਘਿਓ ਅਤੇ ਖੁਰਾਕੀ ਤੇਲਾਂ ਵਰਗੇ ਕਈ ਉਤਪਾਦਾਂ ਨੂੰ ‘100 ਪ੍ਰਤੀਸ਼ਤ’ ਦੇ ਦਾਅਵੇ ਨਾਲ ਵੇਚਣ ਤੋਂ ਰੋਕ ਦਿੱਤਾ ਹੈ। ਐੱਫਐੱਸਐੱਸਏਆਈ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਲੇਬਲਿੰਗ ਕਾਨੂੰਨ ਦੇ ਖ਼ਿਲਾਫ਼ ਹੈ।
ਐੱਫਐੱਸਐੱਸਏਆਈ ਨੇ ਸੋਮਵਾਰ ਨੂੰ ਇੰਟਰਨੈੱਟ ਮੀਡੀਆ ’ਤੇ ਇਕ ਪੋਸਟ ਕਰ ਕੇ ਦੱਸਿਆ ਕਿ ਡਾਬਰ ਇੰਡੀਆ ਲਿਮਟਿਡ ਨੂੰ ‘100 ਪ੍ਰਤੀਸ਼ਤ’ ਦਾਅਵਿਆਂ ਵਾਲੇ ਖੁਰਾਕੀ ਪਦਾਰਥਾਂ ਦੀ ਵਿਕਰੀ ’ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਗਿਆ ਹੈ ਜਿਸ ਵਿਚ ਸ਼ਹਿਦ, ਤਿਲਾਂ ਦਾ ਤੇਲ, ਗਊਆਂ ਦਾ ਘੀ, ਨਾਰੀਅਲ ਦਾ ਪਾਣੀ ਅਤੇ ਹੋਰ ਸਾਮਾਨ ਸ਼ਾਮਲ ਹਨ।
ਐੱਫਐੱਸਐੱਸਏਆਈ ਨੇ ਡਾਬਰ ਨੂੰ ਹੁਕਮ ਦਿੱਤਾ ਹੈ ਕਿ ਉਹ ਨੋਟਿਸ ਵਿਚ ਦਰਸਾਏ ਗਏ ਫੂਡ ਪ੍ਰੋਡਕਟਸ ਅਤੇ ‘100 ਪ੍ਰਤੀਸ਼ਤ’ ਦੇ ਗੁਮਰਾਹ ਕਰਨ ਵਾਲੇ ਹੋਰ ਸਾਰੇ ਫੂਡ ਪ੍ਰੋਡਕਟਸ ਦੀ ਵਿਕਰੀ ’ਤੇ ਤੁਰੰਤ ਰੋਕ ਲਗਾਏ ਅਤੇ ਇਸ ਸਬੰਧ ਵਿਚ ਕੀਤੀ ਗਈ ਕਾਰਵਾਈ ਦੀ ਰਿਪੋਰਟ 15 ਦਿਨਾਂ ਦੇ ਅੰਦਰ ਜਮ੍ਹਾ ਕਰੇ।
ਐੱਫਐੱਸਐੱਸਏਆਈ ਨੇ ਕਿਹਾ ਕਿ ਕੰਪਨੀ ਦੀ ਵੈੱਬਸਾਈਟ ’ਤੇ ਵੇਚੇ ਜਾ ਰਹੇ ਖੁਰਾਕੀ ਪਦਾਰਥਾਂ ਵਿਚ ‘100 ਪ੍ਰਤੀਸ਼ਤ ਕੁਦਰਤੀ’, ‘100 ਪ੍ਰਤੀਸ਼ਤ ਸ਼ੁੱਧ’, ‘100 ਪ੍ਰਤੀਸ਼ਤ ਸ਼ੁੱਧਤਾ ਦੀ ਗਾਰੰਟੀ’, ‘100 ਪ੍ਰਤੀਸ਼ਤ ਜੈਵਿਕ’ ਅਤੇ ‘100 ਪ੍ਰਤੀਸ਼ਤ ਨਾਰੀਅਲ ਪਾਣੀ’ ਵਰਗੇ ਗੁਮਰਾਹ ਕਰਨ ਵਾਲੇ ਦਾਅਵੇ ਮਿਲੇ। ਰੈਗੂਲੇਟਰ ਨੇ ਸਪੱਸ਼ਟ ਕਿਹਾ ਕਿ 100 ਪ੍ਰਤੀਸ਼ਤ ਦੇ ਦਾਅਵੇ ਦਾ ਇਸਤੇਮਾਲ ਐਫਐੱਸਐੱਸ (ਇਸ਼ਤਿਹਾਰ ਅਤੇ ਦਾਅਵੇ) ਨਿਯਮ, 2018 ਦੀ ਉਲੰਘਣਾ ਹੈ ਕਿਉਂਕਿ ਇਹ ਅਸਪੱਸ਼ਟ, ਅਪ੍ਰਮਾਣਿਤ ਹਨ ਅਤੇ ਇਨ੍ਹਾਂ ਨਾਲ ਉਪਭੋਗਤਾਵਾਂ ਨੂੰ ਗੁਮਰਾਹ ਕੀਤਾ ਜਾ ਸਕਦਾ ਹੈ। ਐੱਫਐੱਸਐੱਸਏਆਈ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਡਾਬਰ ਨੂੰ ਨੋਟਿਸ ਜਾਰੀ ਕਰਕੇ ਗੁਮਰਾਹ ਕਰਨ ਵਾਲੇ ‘100 ਪ੍ਰਤੀਸ਼ਤ’ ਦੇ ਦਾਅਵਿਆਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਸੀ।
ਹਾਲਾਂਕਿ, ਡਾਬਰ ਵੱਲੋਂ ਕੋਈ ਤਸੱਲੀਬਖ਼ਸ਼ ਸੁਧਾਰਾਤਮਕ ਕਦਮ ਨਹੀਂ ਚੁੱਕੇ ਗਏ। ਐੱਫਐੱਸਐੱਸਏਆਈ ਦੇ ਨੋਟਿਸ ਤੋਂ ਬਾਅਦ, ਡਾਬਰ ਇੰਡੀਆ ਨੇ ਇਕ ਬਿਆਨ ਵਿਚ ਕਿਹਾ, ‘ਸਾਨੂੰ ਨੋਟਿਸ ਮਿਲਿਆ ਹੈ ਅਤੇ ਅਸੀਂ ਆਪਣੀ ਵੈੱਬਸਾਈਟ ’ਤੇ ਨੋਟਿਸ ਵਿਚ ਦਰਸਾਈ ਗਈ ਜਾਣਕਾਰੀ ਦੀ ਜਾਂਚ ਕਰ ਰਹੇ ਹਾਂ।’
