ਨਵੀਂ ਦਿੱਲੀ 15 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ) : ਬਿਜ਼ਨਸਮੈਨ ਅਤੇ ਮਾਡਲ ਮੋਹਸਿਨ ਅਖ਼ਤਰ ਨੂੰ ਇੱਕ ਵਾਰ ਫਿਰ ਪਿਆਰ ਮਿਲ ਗਿਆ ਹੈ। ਅਦਾਕਾਰਾ ਉਰਮਿਲਾ ਮਾਤੋਂਡਕਰ ਨਾਲ ਪਹਿਲਾਂ ਵਿਆਹ ਕਰਵਾ ਚੁੱਕੇ ਮੋਹਸਿਨ ਨੇ ਦੱਸਿਆ ਕਿ ਉਨ੍ਹਾਂ ਨੇ ਹੁਣ ਇੱਕ ਨਿੱਜੀ ਸਮਾਗਮ ਵਿੱਚ ‘ਨਿਧਾ ਭੱਟ’ ਨਾਲ ਵਿਆਹ ਕਰ ਲਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਨਾਲ ਹੀ ਇੱਕ ਦਿਲ ਨੂੰ ਛੂਹ ਲੈਣ ਵਾਲੀ ਪੋਸਟ ਵੀ ਲਿਖੀ, ਜਿਸ ਵਿੱਚ ਉਨ੍ਹਾਂ ਨੇ ਸ਼ੁਕਰਾਨੇ, ਜ਼ਿੰਦਗੀ ਵਿੱਚ ਅੱਗੇ ਵਧਣ ਅਤੇ ਨਵੀਂ ਸ਼ੁਰੂਆਤ ਬਾਰੇ ਗੱਲ ਕੀਤੀ।

ਮੋਹਸਿਨ ਨੇ ਰਚਾਇਆ ਦੂਜਾ ਵਿਆਹ

ਮੋਹਸਿਨ ਨੇ ਆਪਣੀ ਪਤਨੀ ਪ੍ਰਤੀ ਪਿਆਰ ਜਤਾਇਆ ਅਤੇ ਉਸ ਸਫ਼ਰ ਨੂੰ ਯਾਦ ਕੀਤਾ ਜੋ ਉਨ੍ਹਾਂ ਨੂੰ ਇਸ ਖ਼ੂਬਸੂਰਤ ਪਲ ਤੱਕ ਲੈ ਕੇ ਆਇਆ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, “ਨੇਕ ਇਰਾਦੇ, ਸੱਚਾ ਪਿਆਰ ਅਤੇ ਸਬਰ ਤੇ ਸ਼ੁਕਰ ਨਾਲ ਭਰਿਆ ਦਿਲ। ਆਪਣੀ ਰੂਹ ਨੂੰ ਪਾਕ ਰੱਖੋ, ਸਫ਼ਰ ਵਿੱਚ ਖ਼ੁਦ ਨੂੰ ਸੰਭਾਲੋ ਅਤੇ ਭਰੋਸਾ ਰੱਖੋ ਕਿ ਅੱਲ੍ਹਾ ਦੀ ਲਿਖੀ ਕਹਾਣੀ ਹਮੇਸ਼ਾ ਬਿਹਤਰ ਹੁੰਦੀ ਹੈ। ਸਹੀ ਸਮੇਂ ’ਤੇ, ਮੇਰੀ ਖ਼ੂਬਸੂਰਤ ਪਤਨੀ, ਉਨ੍ਹਾਂ ਨੇ ਮੈਨੂੰ ਤੁਹਾਡੀ ਸੱਚਾਈ ਦਾ ਤੋਹਫ਼ਾ ਦਿੱਤਾ ਅਤੇ ਮੇਰੇ ’ਤੇ ਆਪਣੀ ਰਹਿਮਤ ਵਰਸਾਈ। ਤੁਸੀਂ ਮੇਰੀ ਜ਼ਿੰਦਗੀ ਵਿੱਚ ਰੌਸ਼ਨੀ ਭਰ ਦਿੱਤੀ ਹੈ। ਸੋ ਸ਼ੁਕਰੀਆ ਮੇਰੀ ਜਾਨ।”

ਉਰਮਿਲਾ ਮਾਤੋਂਡਕਰ ਨਾਲ ਹੋਇਆ ਸੀ ਪਹਿਲਾ ਵਿਆਹ

ਮੋਹਸਿਨ ਦਾ ਪਹਿਲਾ ਵਿਆਹ ਅਦਾਕਾਰਾ ਉਰਮਿਲਾ ਮਾਤੋਂਡਕਰ ਨਾਲ ਹੋਇਆ ਸੀ। ਉਨ੍ਹਾਂ ਦੇ ਵਿਆਹ ਵਿੱਚ ਅਣਬਣ ਦੀਆਂ ਖ਼ਬਰਾਂ ਸਭ ਤੋਂ ਪਹਿਲਾਂ 2024 ਵਿੱਚ ਸਾਹਮਣੇ ਆਈਆਂ ਸਨ; ਬਾਅਦ ਵਿੱਚ ਅਜਿਹੀਆਂ ਖ਼ਬਰਾਂ ਆਈਆਂ ਕਿ ਉਰਮਿਲਾ ਨੇ ਉਸੇ ਸਾਲ ਸਤੰਬਰ ਵਿੱਚ ਮੁੰਬਈ ਦੀ ਇੱਕ ਅਦਾਲਤ ਵਿੱਚ ਤਲਾਕ ਦੀ ਅਰਜ਼ੀ ਦਾਇਰ ਕੀਤੀ ਸੀ।

ਦੋਵਾਂ ਦੀ ਉਮਰ ‘ਚ ਸੀ 10 ਸਾਲ ਦਾ ਫ਼ਰਕ

ਇਸ ਸਾਬਕਾ ਜੋੜੇ ਨੇ 4 ਫਰਵਰੀ 2016 ਨੂੰ ਇੱਕ ਨਿੱਜੀ ਸਮਾਗਮ ਵਿੱਚ ਵਿਆਹ ਕੀਤਾ ਸੀ। ਇਹ ਵਿਆਹ ਦੋ ਵੱਖ-ਵੱਖ ਧਰਮਾਂ ਦੇ ਲੋਕਾਂ ਵਿਚਕਾਰ ਹੋਣ ਅਤੇ ਦੋਵਾਂ ਦੀ ਉਮਰ ਵਿੱਚ 10 ਸਾਲ ਦਾ ਫ਼ਰਕ ਹੋਣ ਕਰਕੇ ਕਾਫ਼ੀ ਚਰਚਾ ਵਿੱਚ ਰਿਹਾ ਸੀ। ਉਸ ਸਮੇਂ ਉਰਮਿਲਾ 42 ਸਾਲ ਦੀ ਸੀ ਅਤੇ ਮੋਹਸਿਨ 32 ਸਾਲ ਦੇ ਸਨ। ਹਾਲਾਂਕਿ ਲਗਪਗ ਦਸ ਸਾਲ ਤੱਕ ਚੱਲਿਆ ਉਨ੍ਹਾਂ ਦਾ ਇਹ ਵਿਆਹ ਅਖ਼ੀਰ ਖ਼ਤਮ ਹੋ ਗਿਆ।

ਕਸ਼ਮੀਰ ਦੇ ਬਿਜ਼ਨਸਮੈਨ ਅਤੇ ਮਾਡਲ ਮੋਹਸਿਨ ਨਾਲ ਉਰਮਿਲਾ ਦੀ ਪਹਿਲੀ ਮੁਲਾਕਾਤ 2014 ਵਿੱਚ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਭਤੀਜੀ ਦੇ ਵਿਆਹ ਵਿੱਚ ਹੋਈ ਸੀ। 2016 ਵਿੱਚ ਹੋਏ ਉਨ੍ਹਾਂ ਦੇ ਪ੍ਰਾਈਵੇਟ ਵਿਆਹ ਵਿੱਚ ਸ਼ਾਮਲ ਹੋਏ ਚੋਣਵੇਂ ਮਹਿਮਾਨਾਂ ਵਿੱਚ ਮਨੀਸ਼ ਮਲਹੋਤਰਾ ਵੀ ਮੌਜੂਦ ਸਨ। ਨਿਕਾਹ ਤੋਂ ਪਹਿਲਾਂ ਇਹ ਜੋੜਾ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵੀ ਗਿਆ ਸੀ।

ਉਰਮਿਲਾ ਦਾ ਕਰੀਅਰ

ਦੂਜੇ ਪਾਸੇ, ਉਰਮਿਲਾ ਬਾਲੀਵੁੱਡ ਦੀਆਂ ਸਭ ਤੋਂ ਮਸ਼ਹੂਰ ਅਤੇ ਸਫ਼ਲ ਅਦਾਕਾਰਾਵਾਂ ਵਿੱਚੋਂ ਇੱਕ ਰਹੀ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ‘ਮਾਸੂਮ’ ਵਰਗੀਆਂ ਫ਼ਿਲਮਾਂ ਵਿੱਚ ਇੱਕ ਚਾਈਲਡ ਆਰਟਿਸਟ ਵਜੋਂ ਕੀਤੀ ਸੀ ਅਤੇ ਬਾਅਦ ਵਿੱਚ ‘ਰੰਗੀਲਾ’, ‘ਜੁਦਾਈ’, ‘ਸੱਤਿਆ’, ‘ਕੌਨ’, ‘ਪਿਆਰ ਤੂਨੇ ਕਿਆ ਕੀਆ’, ‘ਭੂਤ’ ਅਤੇ ‘ਏਕ ਹਸੀਨਾ ਥੀ’ ਵਰਗੀਆਂ ਫ਼ਿਲਮਾਂ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਬੇਹੱਦ ਪ੍ਰਸਿੱਧੀ ਹਾਸਲ ਕੀਤੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।