ਚੰਡੀਗੜ੍ਹ 26 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਚੰਡੀਗੜ੍ਹ ਪ੍ਰਸ਼ਾਸਨ ਅਧੀਨ ਸੇਵਾਵਾਂ ਨਿਭਾਅ ਰਹੇ ਮੁਲਾਜ਼ਮਾਂ ਲਈ ਰਾਹਤ ਭਰੀ ਖ਼ਬਰ ਹੈ। ਕੇਂਦਰ ਸਰਕਾਰ ਨੇ ਪੰਜਾਬ ਸੇਵਾ ਨਿਯਮਾਂ ਤਹਿਤ 31 ਮਾਰਚ 2022 ਤੱਕ ਮੁਲਾਜ਼ਮਾਂ ਦੇ ਛੁੱਟੀਆਂ ਵਾਲੇ ਖਾਤਿਆਂ ਵਿੱਚ ਜਮ੍ਹਾਂ ਅਰਧ-ਤਨਖ਼ਾਹ ਛੁੱਟੀ (ਹਾਫ਼ ਪੇ ਲੀਵ – HPL) ਦੇ ਲਾਭ ਨੂੰ ਲੈ ਕੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ।

ਇਸ ਤਹਿਤ ਮੁਲਾਜ਼ਮਾਂ ਨੂੰ ਪੰਜਾਬ ਪੈਟਰਨ ਅਨੁਸਾਰ ਜਮ੍ਹਾਂ ਅਰਧ-ਤਨਖ਼ਾਹ ਛੁੱਟੀ ਦਾ ਲਾਭ ਮਿਲੇਗਾ। ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਸਕੱਤਰ ਨੂੰ ਭੇਜੇ ਗਏ ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਮੁਲਾਜ਼ਮ 31 ਮਾਰਚ 2022 ਤੱਕ ਆਪਣੇ ਛੁੱਟੀਆਂ ਵਾਲੇ ਖਾਤਿਆਂ ਵਿੱਚ ਜਮ੍ਹਾਂ ਅਰਧ-ਤਨਖ਼ਾਹ ਛੁੱਟੀ ਦੇ ਲਾਭ ਦੇ ਹੱਕਦਾਰ ਹਨ।

ਕੇਂਦਰ ਸਰਕਾਰ ਦੇ ਇਸ ਸਪੱਸ਼ਟੀਕਰਨ ਨਾਲ ਉਨ੍ਹਾਂ ਮੁਲਾਜ਼ਮਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ, ਜਿਨ੍ਹਾਂ ਦੀਆਂ ਪੰਜਾਬ ਸੇਵਾ ਨਿਯਮਾਂ ਤਹਿਤ ਜਮ੍ਹਾਂ ਛੁੱਟੀਆਂ ਦਾ ਲਾਭ ਕੇਂਦਰੀ ਸੇਵਾ ਨਿਯਮ ਲਾਗੂ ਹੋਣ ਤੋਂ ਬਾਅਦ ਬੰਦ ਹੋ ਗਿਆ ਸੀ।

ਲੰਬੇ ਸੰਘਰਸ਼ ਤੋਂ ਬਾਅਦ ਮਿਲੀ ਰਾਹਤ

ਚੰਡੀਗੜ੍ਹ ਪ੍ਰਸ਼ਾਸਨ ਵਿੱਚ ਕੇਂਦਰੀ ਸੇਵਾ ਨਿਯਮ ਲਾਗੂ ਹੋਣ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਪੰਜਾਬ ਪੈਟਰਨ ਤਹਿਤ ਛੁੱਟੀਆਂ ਵਾਲੇ ਖਾਤਿਆਂ ਵਿੱਚ ਜਮ੍ਹਾਂ 300 ਛੁੱਟੀਆਂ ਤੱਕ ਦਾ ਲਾਭ ਮਿਲਦਾ ਸੀ। ਇਨ੍ਹਾਂ ਛੁੱਟੀਆਂ ਦੀ ਵਰਤੋਂ ਨਾ ਹੋਣ ‘ਤੇ ਨਿਯਮਾਂ ਅਨੁਸਾਰ ਇਨ੍ਹਾਂ ਦਾ ਬਣਦਾ ਭੱਤਾ (ਮਾਣ-ਭੱਤਾ) ਪ੍ਰਾਪਤ ਕਰਨ ਦੀ ਸਹੂਲਤ ਵੀ ਸੀ।

ਕੇਂਦਰੀ ਸੇਵਾ ਨਿਯਮ ਲਾਗੂ ਹੋਣ ਤੋਂ ਬਾਅਦ ਇਹ ਸਹੂਲਤ ਬੰਦ ਕਰ ਦਿੱਤੀ ਗਈ ਸੀ। ਇਸ ਫ਼ੈਸਲੇ ਦੇ ਵਿਰੋਧ ਵਿੱਚ ਮੁਲਾਜ਼ਮ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸਨ। ਮੁਲਾਜ਼ਮਾਂ ਦੀ ਮੰਗ ਸੀ ਕਿ ਕੇਂਦਰੀ ਸੇਵਾ ਨਿਯਮ ਲਾਗੂ ਹੋਣ ਤੋਂ ਪਹਿਲਾਂ ਪੰਜਾਬ ਸੇਵਾ ਨਿਯਮਾਂ ਤਹਿਤ ਕਮਾਈਆਂ ਛੁੱਟੀਆਂ ਦਾ ਲਾਭ ਉਨ੍ਹਾਂ ਨੂੰ ਦਿੱਤਾ ਜਾਵੇ।

ਹੁਣ ਕੇਂਦਰ ਸਰਕਾਰ ਦੇ ਪੱਤਰ ਤੋਂ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਸੇਵਾ ਨਿਯਮ ਲਾਗੂ ਰਹਿਣ ਦੌਰਾਨ 31 ਮਾਰਚ 2022 ਤੱਕ ਜਮ੍ਹਾਂ ਅਰਧ-ਤਨਖ਼ਾਹ ਛੁੱਟੀ ਦਾ ਲਾਭ ਮੁਲਾਜ਼ਮਾਂ ਨੂੰ ਮਿਲੇਗਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।