ਕਲਾਨੌਰ 11 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਐਤਵਾਰ ਦੀ ਰਾਤ ਨੂੰ ਆਏ ਤੇਜ਼ ਹਨੇਰੀ ਝੱਖੜ ਕਾਰਨ ਫ਼ਲਦਾਰ ਬੂਟੇ, ਦਰਖਤਾਂ ਤੇ ਬਿਜਲੀ ਦੇ ਖੰਬੇ ਅਤੇ ਤਾਰਾਂ ਟੁੱਟਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਉੱਥੇ ਇਸ ਦੌਰਾਨ ਹੋਈ ਮੋਹਲੇਧਾਰ ਬਾਰਸ਼ ਨਾਲ ਗਰਮੀ ਤੋਂ ਰਾਹਤ ਮਿਲਣ ਦੇ ਨਾਲ ਸੁੱਕੇ ਖੇਤਾਂ ਨੂੰ ਪਾਣੀ ਮਿਲਣ ਨਾਲ ਵੱਡੀ ਰਾਹਤ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਕਬਾਲ ਸਿੰਘ, ਬਲਵੰਤ ਸਿੰਘ ,ਹਰਭਜਨ ਸਿੰਘ ਆਦਿ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਤੇਜ ਹਨੇਰੀ, ਝੱਖੜ ਅਤੇ ਮੀਂਹ ਪੈਣ ਕਾਰਨ ਜਿੱਥੇ ਰਾਤ ਤੋਂ ਹੀ ਬਿਜਲੀ ਸਪਲਾਈ ਬੰਦ ਹੋ ਗਈ ਹੈ ਉਥੇ ਤੇਜ਼ ਹਨੇਰੀ ਨਾਲ ਫ਼ਲਦਾਰ ਬੂਟਿਆਂ ਦੇ ਫ਼ਲ ਡਿੱਗਣ ਤੋਂ ਇਲਾਵਾ ਵੱਡੇ ਪੱਧਰ ‘ਤੇ ਬੂਟਿਆਂ ਦੇ ਟਹਿਣੇ ਵੀ ਟੁੱਟ ਗਏ। ਇਸ ਸਬੰਧੀ ਪਾਵਰ ਕਾਮ ਦੇ ਜੇਈ ਸਰਜੀਤ ਸਿੰਘ ਨੇ ਦੱਸਿਆ ਕਿ ਤੇਜ਼ ਰਫ਼ਤਾਰ ਹਨੇਰੀ ਝੱਖੜ ਕਾਰਨ ਵੱਡੇ ਪੱਧਰ ‘ਤੇ ਟੁੱਟੇ ਦਰਖ਼ਤ ਬਿਜਲੀ ਦੇ ਖੰਬੇ ਅਤੇ ਤਾਰਾਂ ਤੇ ਡਿੱਗ ਪਏ ਹਨ ਅਤੇ ਬਿਜਲੀ ਕਰਮਚਾਰੀ ਵੱਖ-ਵੱਖ ਸਾਈਡਾਂ ਤੇ ਬਿਜਲੀ ਸਪਲਾਈ ਨੂੰ ਚਾਲੂ ਕਰਨ ਵਿੱਚ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਟੁੱਟੇ ਗਏ ਖੰਭਿਆਂ ਦਾ ਵੇਰਵਾ ਵੀ ਇਕੱਠਾ ਕੀਤਾ ਜਾ ਰਿਹਾ ਹੈ। ਤੇਜ਼ ਹਵਾ ਨਾਲ ਮੱਕੀ ਅਤੇ ਕਮਾਦ ਆਦਿ ਦੀਆਂ ਫਸਲਾਂ ਵੀ ਖੇਤਾਂ ਵਿੱਚ ਲੰਮੇ ਪੈ ਗਈਆਂ ਹਨ।
