ਬਰਨਾਲਾ 18 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ’ਚ ਹੋਏ ਕਰੋੜਾਂ ਰੁਪਏ ਦੇ ਕਥਿਤ ਜ਼ਮੀਨ ਖਰੀਦ ਘਪਲੇ ਦੇ ਸਬੰਧ ’ਚ ਦਾਇਰ ਰਿਟ ਪਟੀਸ਼ਨ (CWP-24817-2026) ’ਤੇ ਸੁਣਵਾਈ ਕਰਦਿਆਂ PCA ਦੇ ਪ੍ਰਧਾਨ ਅਮਰਜੀਤ ਮਹਿਤਾ, ਖਜ਼ਾਨਚੀ ਸੁਨੀਲ ਗੁਪਤਾ, ਸਕੱਤਰ ਗੁਰਮੀਤ ਸਿੰਘ ਮੀਤ ਹੇਅਰ, ਓਮਬਡਸਮੈਨ ਜਸਟਿਸ (ਰਿਟਾ.) ਜਸਪਾਲ ਸਿੰਘ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਸਮੇਤ ਹੋਰਨਾਂ ਧਿਰਾਂ ਨੂੰ ਨੋਟਿਸ ਆਫ ਮੋਸ਼ਨ ਜਾਰੀ ਕੀਤਾ ਹੈ।
ਅਦਾਲਤ ਨੇ ਸਾਰੀਆਂ ਧਿਰਾਂ ਨੂੰ 18 ਸਤੰਬਰ 2026 ਤੋਂ ਪਹਿਲਾਂ ਆਪਣੇ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਹਨ। ED ਵਲੋਂ ਪੇਸ਼ ਹੋਏ ਵਕੀਲ ਨੇ ਨੋਟਿਸ ਸਵੀਕਾਰ ਕਰਦਿਆਂ ਜਵਾਬ ਲਈ ਸਮਾਂ ਮੰਗਿਆ ਹੈ।
ਇਹ ਪਟੀਸ਼ਨ ਸਾਬਕਾ ਰਣਜੀ ਖਿਡਾਰੀ ਅਤੇ ਕਸਟਮਜ਼ ਵਿਭਾਗ ਦੇ ਸਾਬਕਾ ਅਧਿਕਾਰੀ ਰਾਕੇਸ਼ ਹਾਂਡਾ ਵਲੋਂ ਦਾਇਰ ਕੀਤੀ ਗਈ ਹੈ। ਪਟੀਸ਼ਨ ’ਚ ਦੋਸ਼ ਲਗਾਇਆ ਗਿਆ ਹੈ ਕਿ ਬਠਿੰਡਾ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ’ਚ PCA ਵਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਅਸਧਾਰਨ ਦਰਾਂ ’ਤੇ ਜ਼ਮੀਨ ਖਰੀਦੀ ਗਈ। ਬਠਿੰਡਾ ’ਚ 19.5 ਏਕੜ ਜ਼ਮੀਨ, ਜੋ ਵਿਚੋਲਿਆਂ ਨੇ ਕਿਸਾਨਾਂ ਤੋਂ ਲਗਪਗ 15 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਖਰੀਦੀ ਸੀ, ਮਹਿਜ਼ 3 ਤੋਂ 6 ਮਹੀਨਿਆਂ ਦੇ ਅੰਦਰ PCA ਨੂੰ ਲਗਭਗ ₹2.99 ਕਰੋੜ ’ਚ ਵੇਚ ਦਿੱਤੀ ਗਈ, ਜੋ ਅਸਲ ਕੀਮਤ ਨਾਲੋਂ 19.76 ਗੁਣਾ ਵੱਧ ਹੈ।
ਪਟੀਸ਼ਨਰ ਅਨੁਸਾਰ, ਜਦੋਂ ਉਨ੍ਹਾਂ ਨੇ ਇਸ ਘਪਲੇ ਦੀ ਸ਼ਿਕਾਇਤ ਓਮਬਡਸਮੈਨ ਕੋਲ ਕੀਤੀ ਤਾਂ PCA ਪ੍ਰਧਾਨ ਨੇ ਉਨ੍ਹਾਂ ਨੂੰ ਮੁਅੱਤਲ ਕਰਨ ਦਾ ਦਾਅਵਾ ਕਰ ਕੇ ਸ਼ਿਕਾਇਤ ਖਾਰਜ ਕਰਵਾ ਦਿੱਤੀ, ਜਦਕਿ ਰਿਕਾਰਡ ’ਤੇ ਮੁਅੱਤਲੀ ਦਾ ਕੋਈ ਹੁਕਮ ਮੌਜੂਦ ਨਹੀਂ ਸੀ।
ਪਟੀਸ਼ਨ ’ਚ PCA ਅਹੁਦੇਦਾਰਾਂ ਦੇ ਸੱਤਾਧਾਰੀ ਧਿਰ ਨਾਲ ਨਜ਼ਦੀਕੀ ਸਬੰਧਾਂ ਦਾ ਹਵਾਲਾ ਦਿੰਦਿਆਂ ਪਟੀਸ਼ਨਰ ਦੀ ਬਹਾਲੀ, ਰੋਕੀ ਗਈ ਪੈਨਸ਼ਨ ਵਿਆਜ ਸਮੇਤ ਜਾਰੀ ਕਰਨ, ਓਮਬਡਸਮੈਨ ਦੇ ਹੁਕਮ ਨੂੰ ਰੱਦ ਕਰਨ ਅਤੇ ਪੂਰੇ ਮਾਮਲੇ ਦੀ CBI ਤੇ ED ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ।
ਮੈਂ ਜ਼ਮੀਨ ਖਰੀਦਣ ਸਮੇਂ ਸਕੱਤਰ ਨਹੀਂ ਸੀ : ਮੀਤ ਹੇਅਰ
ਇਸ ਮਾਮਲੇ ਸਬੰਧੀ ਜਦ ‘ਪੰਜਾਬੀ ਜਾਗਰਣ’ ਦੀ ਟੀਮ ਨੇ ਮੈਂਬਰ ਪਾਰਲੀਮੈਂਟ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦ ਇਹ ਜ਼ਮੀਨ ਖਰੀਦੀ ਗਈ ਸੀ ਤਦ ਉਹ ਪੀ.ਸੀ.ਏ. ਦੇ ਸਕੱਤਰ ਨਹੀਂ ਸਨ। ਇਹ ਜੋ ਕੁਝ ਵੀ ਹੋਇਆ ਹੈ, ਉਨਾਂ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਬਣਨ ਤੋਂ ਪਹਿਲਾਂ ਦਾ ਹੈ। ਉਨ੍ਹਾਂ ਦੇ ਕਾਰਜਕਾਲ ਦੌਰਾਨ ਅਜਿਹਾ ਕਦੇ ਵੀ ਨਹੀਂ ਹੋਇਆ ਅਤੇ ਨਾ ਹੀ ਉਹ ਅਜਿਹਾ ਕੁਝ ਹੋਣ ਦੇਣਗੇ।
