ਗੁਰੂਹਰਸਹਾਏ 18 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਗੁਰੂਹਰਸਹਾਏ ਵਿਖੇ ਇੱਕ ਮਤਰੇਈ ਮਾਂ ਵਲੋਂ ਧੀ ਦਾ ਵਾਰਸਾਨਾ ਹੱਕ ਮਾਰ ਕੇ ਬੈਂਕ ਖਾਤਿਆਂ ’ਚੋਂ ਲਗਪਗ 50 ਲੱਖ ਰੁਪਏ ਦੀ ਰਕਮ ਧੋਖਾਧੜੀ ਨਾਲ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਗੁਰੂਹਰਸਹਾਏ ਪੁਲਿਸ ਵੱਲੋਂ ਦਿੱਤੀ ਗਈ ਦਰਖਾਸਤ ’ਤੇ ਜਾਂਚ ਤੋਂ ਬਾਅਦ ਉਕਤ ਦੋਸ਼ੀ ਖਿਲਾਫ 406 ਅਤੇ 120-ਬੀ ਤਹਿਤ ਦਰਜ ਕਰ ਲਿਆ ਹੈ।
ਪੁਲਿਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਸਾਨੀਆ ਹਾਂਡਾ ਪਤਨੀ ਸਮਰਾਟ ਵਾਸੀ ਪਿੰਡ ਬਾਜੇ ਕੇ, ਥਾਣਾ ਗੁਰੂਹਰਸਹਾਏ ਨੇ ਪੁਲਿਸ ਨੂੰ ਦਿੱਤੀ ਦਰਖਾਸਤ ਨੰਬਰ 784147 ’ਚ ਦੱਸਿਆ ਕਿ ਉਸ ਦੇ ਪਿਤਾ ਜੋਗਿੰਦਰ ਰਾਮ ਪੁੱਤਰ ਮਾਹਗਾ ਰਾਮ ਦੀ 28 ਸਤੰਬਰ 2022 ਨੂੰ ਇਕ ਸੜਕ ਹਾਦਸੇ ’ਚ ਮੌਤ ਹੋ ਗਈ ਸੀ।
ਮੌਤ ਤੋਂ ਬਾਅਦ ਕਾਨੂੰਨੀ ਵਾਰਸ ਵਜੋਂ ਸ਼ਿਕਾਇਤਕਰਤਾ ਅਤੇ ਉਸ ਦੀ ਸੌਤੇਲੀ ਮਾਂ ਸੁਮਿੱਤਰਾ ਰਾਣੀ ਦੋਵੇਂ ਹੀ ਬਰਾਬਰ ਦੀਆਂ ਹੱਕਦਾਰ ਸਨ। ਪੁਲਿਸ ਨੇ ਦੱਸਿਆ ਕਿ ਜਾਂਚ ਰਿਪੋਰਟ ਮੁਤਾਬਿਕ ਮ੍ਰਿਤਕ ਜੋਗਿੰਦਰ ਰਾਮ ਦੇ ਨਾਂ ’ਤੇ ਵੱਖ-ਵੱਖ ਬੈਂਕਾਂ ’ਚ 3 ਖਾਤੇ ਸਨ, ਜਿਨ੍ਹਾਂ ’ਚ ਕੁੱਲ ਮਿਲਾ ਕੇ ਲਗਪਗ 50 ਲੱਖ ਰੁਪਏ ਜਮ੍ਹਾ ਸਨ।
ਇਨ੍ਹਾਂ ਬੈਂਕ ਖਾਤਿਆਂ ’ਚ ਉਸ ਦੀ ਸੌਤੇਲੀ ਮਾਂ ਸੁਮਿੱਤਰਾ ਰਾਣੀ ਦਾ ਨਾਂ ਨੋਮੀਨੀ ਦਰਜ ਸੀ। ਸਾਨੀਆਂ ਨੇ ਦੱਸਿਆ ਕਿ ਸੁਮਿੱਤਰਾ ਰਾਣੀ ਨੇ ਦੋਸ਼ੀ ਰਮਨ ਕੁਮਾਰ ਪੁੱਤਰ ਸੋਹਣ ਲਾਲ, ਵਾਸੀ ਮੰਡੀ ਵਾਲ, ਗੁਰੂਹਰਸਹਾਏ ਨਾਲ ਮਿਲੀਭੁਗਤ ਕਰਕੇ ਪਿਤਾ ਦੀ ਮੌਤ ਤੋਂ ਪਹਿਲਾਂ ਹੀ ਬੈਂਕਾਂ ’ਚੋਂ ਸਾਰੇ ਪੈਸੇ ਗੈਰ-ਕਾਨੂੰਨੀ ਢੰਗ ਨਾਲ ਕਢਵਾ ਲਏ।ਸਾਨੀਆ ਨੇ ਦੱਸਿਆ ਕਿ ਪੈਸੇ ਹੜੱਪਣ ਤੋਂ ਬਾਅਦ ਉਸ ਨੂੰ ਬਣਦਾ ਜਾਇਜ਼ ਵਾਰਸਾਨਾ ਹੱਕ ਨਹੀਂ ਦਿੱਤਾ ਗਿਆ ਅਤੇ ਉਸ ਨਾਲ ਠੱਗੀ ਮਾਰੀ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਥਾਣਾ ਗੁਰੂਹਰਸਹਾਏ ਵਿਖੇ ਸੁਮਿੱਤਰਾ ਰਾਣੀ ਅਤੇ ਰਮਨ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
