ਸੇਂਟ ਲੁਈਸ 18 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਭਾਰਤੀ ਗਰੈਂਡਮਾਸਟਰ ਆਰ. ਪ੍ਰਗਨਾਨੰਦ ਨੇ ਗਰੈਂਡ ਚੈੱਸ ਟੂਰ ਦੇ ਤਹਿਤ ਖੇਡੇ ਜਾ ਰਹੇ ਸਿੰਕਫੀਲਡ ਕੱਪ ਦੇ ਛੇਵੇਂ ਦੌਰ ’ਚ ਅਮਰੀਕਾ ਦੇ ਗਰੈਂਡਮਾਸਟਰ ਲੇਵੋਨ ਅਰੋਨੀਅਨ ਵਿਰੁੱਧ ਬਾਜ਼ੀ ਡਰਾਅ ਖੇਡੀ। ਇਸ ਨਤੀਜੇ ਨਾਲ ਪ੍ਰਗਨਾਨੰਦ 3.5 ਅੰਕਾਂ ਨਾਲ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਬਣਿਆ ਹੋਇਆ ਹੈ। ਟੂਰਨਾਮੈਂਟ ’ਚ ਹੁਣ ਸਿਰਫ ਤਿੰਨ ਦੌਰ ਬਾਕੀ ਹਨ। ਅਮਰੀਕਾ ਦਾ ਵੈਸਲੀ ਸੋ ਚਾਰ ਅੰਕਾਂ ਨਾਲ ਟਾਪ ’ਤੇ ਹੈ। ਇਸ ਟੂਰਨਾਮੈਂਟ ’ਚ ਪੰਜ ਮੁਕਾਬਲਿਆਂ ’ਚੋਂ ਸਿਰਫ ਇਕ ਦਾ ਨਤੀਜਾ ਨਿਕਲਿਆ। ਸੋ ਨੇ ਫ਼ਰਾਂਸ ਦੇ ਮੈਕਸਿਸ ਵਾਚੀਅਰ-ਲਾਗਰੇਵ ਨਾਲ ਅੰਕ ਵੰਡੇ। ਪ੍ਰਗਨਾਨੰਦ ਤੋਂ ਇਲਾਵਾ ਵਾਚੀਅਰ-ਲਾਗਰੇਵ ਤੇ ਜਰਮਨੀ ਦੇ ਵਿਨਸੈਂਟ ਕੀਮਰ ਵੀ 3.5 ਅੰਕਾਂ ਨਾਲ ਸਾਂਝੇ ਦੂਜੇ ਸਥਾਨ ’ਤੇ ਹਨ। ਅਮਰੀਕਾ ਦੇ ਫੈਬੀਆਨੋ ਕਾਰੂਆਨਾ, ਸੇਵੀਅਨ ਸੈਮੂਅਲਸ ਤੇ ਅਰੋਨੀਅਨ ਤਿੰਨ-ਤਿੰਨ ਅੰਕਾਂ ਨਾਲ ਸਾਂਝੇ ਤੌਰ ’ਤੇ ਪੰਜਵੇਂ ਸਥਾਨ ’ਤੇ ਹਨ। ਨੀਦਰਲੈਂਡ ਦਾ ਅਨੀਸ਼ ਗਿਰੀ ਤੇ ਵਿਸ਼ਵ ਚੈਂਪੀਅਨਸ਼ਿਪ ਦਾ ਦਾਅਵੇਦਾਰ ਉਜ਼ਬੇਕਿਸਤਾਨ ਦੇ ਜਾਵੋਖਿਰ ਸਿੰਦਾਰੋਵ ਸੂਚੀ ’ਚ ਇਸ ਤੋਂ ਬਾਅਦ ਹੈ, ਜਦਕਿ ਨੀਦਰਲੈਂਡ ਦਾ ਜੋਰਡੇਨ ਵਾਨ ਫੋਰੈਸਟ ਇਕ ਅੰਕ ਨਾਲ ਸਭ ਤੋਂ ਹੇਠਲੇ ਸਥਾਨ ’ਤੇ ਹੈ। ਅਰੋਨੀਅਨ ਵਿਰੁੱਧ ਪ੍ਰਗਨਾਨੰਦ ਨੇ ਹਾਲਾਤ ਨੂੰ ਪੇਚੀਦਾ ਬਣਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਆਰਮੇਨੀਆ ਦੇ ਸਾਬਕਾ ਖਿਡਾਰੀ ਨੇ ਸ਼ਾਨਦਾਰ ਬਚਾਅ ਕੀਤਾ। ਦਿਨ ਦੀ ਇਕਮਾਤਰ ਫ਼ੈਸਲਾਕੁੰਨ ਬਾਜ਼ੀ ਅਨੀਸ਼ ਨੇ ਜਿੱਤੀ। ਉਸਨੇ ਹਮਵਤਨ ਵਾਨ ਫੋਰੈਸਟ ਵਿਰੁੱਧ ਜਿੱਤ ਹਾਸਲ ਕੀਤੀ।
