ਡੇਰਾਬੱਸੀ, 19 ਫਰਵਰੀ 2024 (ਪੰਜਾਬੀ ਖ਼ਬਰਨਾਮਾ)
‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਸਬ-ਡਵੀਜਨ ਡੇਰਾਬੱਸੀ ਦੇ ਪਿੰਡ ਜਿਊਲੀ, ਖੇਲਣ, ਝੁਆਸਾ, ਵਾਰਡ ਨੰਬਰ 13,14 ਢਕੋਲੀ ਜ਼ੀਰਕਪੁਰ ਵਿਚ ਲਾਏ ਕੈਂਪਾਂ ਦਾ ਜਾਇਜ਼ਾ ਲੈਂਦੇ ਸਮੇਂ ਹਲਕਾ ਵਿਧਾਇਕ ਡੇਰਾਬੱਸੀ ਸ:ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਅਥਾਹ ਖੁਸ਼ੀ ਹੋਈ ਹੈ ਕਿ ਲੋਕਾਂ ਦੇ ਕੰਮ ਕਰਨ ਲਈ ਸਾਰੇ ਦਫ਼ਤਰ ਇੱਕ ਥਾਂ ਬੈਠੇ ਹਨ ਅਤੇ ਲੋਕਾਂ ਦੇ ਕੰਮ ਮੌਕੇ ਉੱਤੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇੰਨਾ ਕੰਮਾਂ ਲਈ ਲੋਕਾਂ ਨੂੰ ਪਹਿਲਾਂ ਵੱਡੀ ਮੁਸ਼ਕਿਲ ਹੁੰਦੀ ਸੀ, ਪਰ ਅੱਜ ਇਹ ਕੰਮ ਬਿਨਾਂ ਕਿਸੇ ਦਿੱਕਤ ਦੇ ਹੋ ਰਹੇ ਹਨ, ਜੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਉਪਰਾਲਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਰੰਭੀ ‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਹਲਕਾ ਡੇਰਾਬੱਸੀ ਵਿਚ ਲਗਾਏ ਜਾ ਰਹੇ ਕੈਪਾਂ ਦੀ ਲੋਕਾਂ ਵੱਲੋਂ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਮੌਕੇ ਕੈਂਪ ਵਿਚ ਚੱਲ ਰਹੇ ਇਕੱਲੇ-ਇਕੱਲੇ ਕਾਊਂਟਰ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਲੋਕ ਸੇਵਾ ਲਈ ਪੇ੍ਰਿਤ ਕੀਤਾ। ਹਲਕਾ ਵਿਧਾਇਕ ਡੇਰਾਬੱਸੀ ਨੇ ਕਿਹਾ ਕਿ ਆਮ ਲੋਕਾਂ ਦੇ ਸਰਕਾਰ ਨਾਲ ਸਬੰਧਤ ਕੰਮਾਂ ਸਬੰਧੀ ਵੱਖ-ਵੱਖ ਸੇਵਾਵਾਂ ਇਨ੍ਹਾਂ ਕੈਂਪਾਂ ਵਿਚ ਦਿੱਤੀਆਂ ਜਾ ਰਹੀਆਂ ਹਨ, ਉਹ ਵੀ ਲੋਕਾਂ ਦੇ ਬੂਹੇ ਉੱਤੇ ਜਾ ਕੇ ਮਿਲ ਰਹੀਆਂ ਹਨ। ਇਸ ਮੌਕੇ ਹਲਕਾ ਵਿਧਾਇਕ ਦੇ ਛੋਟੇ ਭਰਾ ਸ:ਪਰਮਜੀਤ ਸਿੰਘ ਰੰਧਾਵਾ ,ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ,ਆਮ ਆਦਮੀ ਪਾਰਟੀ ਦੀ ਟੀਮ ਅਤੇ ਸੰਬੰਧਤ ਅਧਿਕਾਰੀ ਮੌਜੁਦ ਰਹੇ।
ਉਨ੍ਹਾਂ ਇਹ ਵੀ ਦੱਸਿਆ ਕਿ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਹਾਸਲ ਕਰਨ ਲਈ ਹੈਲਪ ਲਾਈਨ ਨੰਬਰ 1076 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਇਨ੍ਹਾਂ ਕੈਂਪਾਂ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਯਾਂਗ ਅਤੇ ਆਸ਼ਰਿਤ ਪੈਨਸ਼ਨ, ਜਨਮ ਸਰਟੀਫਿਕੇਟ ‘ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਵਿਆਹ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ,ਐੱਨ.ਆਰ. ਆਈ. ਦੇ ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ‘ਚ ਤਬਦੀਲੀ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
