15 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਆਨੰਦਪੁਰ ਸਾਹਿਬ ਤੋਂ ਵਾਪਸ ਆ ਰਹੀ ਸ਼ਰਧਾਲੂਆਂ ਨਾਲ ਭਰੀ ਇੱਕ ਬੱਸ ਦੇ ਪਲਟ ਜਾਣ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ ਹਨ। ਇਹ ਘਟਨਾ ਮੰਗਲਵਾਰ ਰਾਤ ਕਰੀਬ 10 ਵਜੇ ਬੱਸੀ ਪਠਾਣਾ ਦੇ ਮੋਰਿੰਡਾ-ਚੁੰਨੀ ਰੋਡ ਇਲਾਕੇ ਵਿੱਚ ਹਿੰਮਤਪੁਰਾ ਦੇ ਨੇੜੇ ਵਾਪਰੀ, ਜਦੋਂ ਸ਼ਰਧਾਲੂ ਵਿਸਾਖੀ ਦੇ ਮੌਕੇ ’ਤੇ ਮੱਥਾ ਟੇਕਣ ਤੋਂ ਬਾਅਦ ਰੂਪਨਗਰ ਜ਼ਿਲ੍ਹੇ ਦੇ ਅਨੰਦਪੁਰ ਸਾਹਿਬ ਤੋਂ ਵਾਪਸ ਆ ਰਹੇ ਸਨ।
ਵੇਰਵਿਆਂ ਅਨੁਸਾਰ ਸਾਰੇ ਸ਼ਰਧਾਲੂ ਫਤਿਹਗੜ੍ਹ ਸਾਹਿਬ ਦੇ ਮੈਣ ਮਾਜਰੀ ਦੇ ਰਹਿਣ ਵਾਲੇ ਸਨ।
ਮੁਢਲੀ ਜਾਣਕਾਰੀ ਅਨੁਸਾਰ ਕੁੱਝ ਤਕਨੀਕੀ ਖਰਾਬੀ ਤੋਂ ਬਾਅਦ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਬੱਸ ਪਲਟਣ ਤੋਂ ਪਹਿਲਾਂ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਹਾਦਸੇ ਕਾਰਨ ਮੌਕੇ ਚੀਕ-ਚਿਹਾੜਾ ਮਚ ਗਿਆ ਅਤੇ ਕਈ ਸਵਾਰੀਆਂ ਬੱਸ ਦੇ ਅੰਦਰ ਫਸ ਗਈਆਂ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੌਰਾਨ ਬੱਸ ਵਿੱਚ 40 ਦੇ ਕਰੀਬ ਸ਼ਰਧਾਲੂ ਸਫਰ ਕਰ ਰਹੇ ਸਨ। ਮੌਕੇ ’ਤੇ ਮੌਜੂਦ ਲੋਕਾਂ ਅਤੇ ਸਥਾਨਕ ਪਿੰਡ ਵਾਸੀਆਂ ਨੇ ਜ਼ਖਮੀਆਂ ਨੂੰ ਬੱਸ ਵਿੱਚੋਂ ਕੱਢਣ ਦੀ ਕਾਰਵਾਈ ਸ਼ੁਰੂ ਕੀਤੀ।। ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲੀਸ ਅਤੇ ਐਮਰਜੈਂਸੀ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਜ਼ਖਮੀਆਂ ਨੂੰ ਸ਼ੁਰੂ ਵਿੱਚ ਮੋਰਿੰਡਾ ਅਤੇ ਫਤਿਹਗੜ੍ਹ ਸਾਹਿਬ ਦੇ ਹਸਪਤਾਲਾਂ ਵਿੱਚ ਭੇਜਿਆ ਗਿਆ, ਜਦੋਂ ਕਿ ਗੰਭੀਰ ਰੂਪ ਵਿੱਚ ਜ਼ਖਮੀਆਂ ਨੂੰ ਇਲਾਜ ਲਈ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।
ਇਸ ਦੌਰਾਨ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੋਸ਼ਲ ਮੀਡੀਆ ਪੋਸਟ ਵਿੱਚ ਬਾਦਲ ਨੇ ਕਿਹਾ ਕਿ ਉਹ ਜਾਨੀ ਨੁਕਸਾਨ ਤੋਂ ਦੁਖੀ ਹਨ ਅਤੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਅਰਦਾਸ ਕਰਦੇ ਹਨ।
ਫਤਿਹਗੜ੍ਹ ਸਾਹਿਬ ਦੇ ਡਿਪਟੀ ਸੁਪਰਡੈਂਟ ਆਫ਼ ਪੁਲੀਸ ਰਾਜ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਵਿੱਚ ਇੱਕ ਮਹਿਲਾ ਸਮੇਤ ਛੇ ਵਿਅਕਤੀਆ ਦੀ ਮੌਤ ਹੋ ਗਈ ਹੈ।
