ਨਵੀਂ ਦਿੱਲੀ 21 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਮੌਨਸੂਨ ਦੀ ਵਾਪਸੀ ਸ਼ੁਰੂ ਹੋਣ ਦੇ ਨਾਲ ਹੀ ਇਸ ਵਾਰ ਝੋਨੇ ਦਾ ਉਤਪਾਦਨ ਘਟਣ ਦੀ ਸ਼ੰਕਾ ਵਧ ਗਈ ਹੈ। ਪਹਿਲਾਂ ਮੀਂਹ ਦੀ ਕਮੀ ਕਾਰਨ ਝੋਨੇ ਹੇਠ ਰਕਬਾ ਘਟਿਆ ਅਤੇ ਹੁਣ ਫ਼ਸਲ ਤਿਆਰ ਹੋਣ ਦੇ ਸਮੇਂ ਨਮੀ ਦੀ ਕਮੀ ਨਾਲ ਪ੍ਰਤੀ ਹੈਕਟੇਅਰ ਪੈਦਾਵਾਰ ’ਤੇ ਪ੍ਰਭਾਵ ਪੈਣ ਦਾ ਖ਼ਤਰਾ ਵਧ ਗਿਆ ਹੈ। ਇਸ ਦੌਰਾਨ, ਅਲਨੀਨੋ ਵੀ ਆਉਣ ਵਾਲੇ ਮਹੀਨਿਆਂ ਵਿਚ ਮੌਸਮ ਨੂੰ ਬਹੁਤ ਚੁਣੌਤੀਪੂਰਨ ਬਣਾ ਸਕਦਾ ਹੈ।

ਪਿਛਲੇ ਸਾਲ ਦੇਸ਼ ਵਿਚ ਰਿਕਾਰਡ 15.4 ਕਰੋੜ ਟਨ ਝੋਨੇ ਦਾ ਉਤਪਾਦਨ ਹੋਇਆ ਸੀ ਜਿਸ ਵਿਚ ਇਸ ਵਾਰ ਇਕ ਕਰੋੜ ਟਨ ਦੀ ਕਮੀ ਆ ਸਕਦੀ ਹੈ। ਖੇਤੀ ਮੰਤਰਾਲੇ ਦਾ ਅਨੁਮਾਨ ਲਗਪਗ 14.4 ਕਰੋੜ ਟਨ ਝੋਨੇ ਦੇ ਉਤਪਾਦਨ ਦਾ ਹੈ। ਇਹ ਪਿਛਲੇ ਇਕ ਦਹਾਕੇ ਦੌਰਾਨ ਝੋਨੇ ਦੇ ਉਤਪਾਦਨ ਵਿਚ ਸਭ ਤੋਂ ਵੱਡੀ ਗਿਰਾਵਟ ਹੋਵੇਗੀ। ਅਜਿਹੇ ਵਿਚ, ਨਵੀਂ ਫ਼ਸਲ ਵਿਚ ਕਮੀ ਕਾਰਨ ਬਾਜ਼ਾਰ ਵਿਚ ਕੀਮਤਾਂ ’ਤੇ ਦਬਾਅ ਵਧ ਸਕਦਾ ਹੈ ਅਤੇ ਬਰਾਮਦ ਵੀ ਮਹਿੰਗੀ ਹੋ ਸਕਦੀ ਹੈ। ਪਰ ਸਕੂਨ ਦੀ ਗੱਲ ਇਹ ਹੈ ਕਿ ਯੋਗ ਮਾਤਰਾ ਵਿਚ ਬਫਰ ਸਟਾਕ ਉਪਲਬਧ ਹੈ। ਸਤੰਬਰ ਤੱਕ ਰਾਜਾਂ ਕੋਲ ਝੋਨੇ ਦਾ ਕੁੱਲ ਸਰਕਾਰੀ ਭੰਡਾਰ ਲਗਪਗ 5.96 ਕਰੋੜ ਟਨ ਸੀ, ਜੋ ਜ਼ਰੂਰਤ ਤੋਂ ਕਾਫ਼ੀ ਵੱਧ ਹੈ। ਇਸ ਲਈ, ਉਤਪਾਦਨ ਘਟਣ ਦੇ ਬਾਵਜੂਦ ਘਰੇਲੂ ਸਪਲਾਈ ਅਤੇ ਬਰਾਮਦ ਨੂੰ ਤੁਰੰਤ ਝਟਕਾ ਲੱਗਣਾ ਜ਼ਰੂਰੀ ਨਹੀਂ ਹੈ।

ਭਾਰਤ ਵਿਚ ਇਕ ਜੂਨ ਤੋਂ ਹੁਣ ਤੱਕ ਮੌਨਸੂਨੀ ਬਾਰਿਸ਼ ਆਮ ਨਾਲੋਂ ਲਗਪਗ 15 ਪ੍ਰਤੀਸ਼ਤ ਘੱਟ ਰਹੀ ਹੈ। ਕਈ ਪ੍ਰਮੁੱਖ ਝੋਨਾ ਉਤਪਾਦਕ ਖੇਤਰਾਂ ਵਿਚ ਕਮੀ 42 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। 19 ਸਤੰਬਰ ਤੋਂ ਪੱਛਮੀ ਰਾਜਸਥਾਨ ਤੋਂ ਮੌਨਸੂਨ ਦੀ ਵਾਪਸੀ ਸ਼ੁਰੂ ਹੋ ਗਈ ਹੈ। ਇਸ ਦਾ ਮਤਲਬ ਹੈ ਕਿ ਝੋਨੇ ਦੀ ਫ਼ਸਲ ਲਈ ਬਰਸਾਤ ਦਾ ਮੁੱਖ ਦੌਰ ਲਗਪਗ ਖ਼ਤਮ ਹੋ ਚੁੱਕਾ ਹੈ। ਬਾਰਿਸ਼ ਵਿਚ ਕਮੀ ਦਾ ਪ੍ਰਭਾਵ ਸਿਰਫ਼ ਪੈਦਾਵਾਰ ’ਤੇ ਹੀ ਨਹੀਂ ਪਿਆ ਹੈ। ਖੇਤੀ ਮੰਤਰਾਲੇ ਦੇ ਹਾਲੀਆ ਅੰਕੜਿਆਂ ਅਨੁਸਾਰ, ਝੋਨੇ ਦੀ ਖੇਤੀ ਦਾ ਖੇਤਰ ਪਿਛਲੇ ਸਾਲ ਦੇ 445.92 ਲੱਖ ਹੈਕਟੇਅਰ ਤੋਂ ਘਟ ਕੇ 429.28 ਲੱਖ ਹੈਕਟੇਅਰ ਰਹਿ ਗਿਆ ਹੈ। ਇਸ ਦਾ ਮਤਲਬ ਹੈ ਕਿ 16.64 ਲੱਖ ਹੈਕਟੇਅਰ ਵਿਚ ਇਸ ਵਾਰ ਝੋਨੇ ਦੀ ਲੁਆਈ ਨਹੀਂ ਹੋਈ। ਪ੍ਰਤੀਸ਼ਤ ਵਿਚ ਇਹ ਗਿਰਾਵਟ 3.73 ਹੈ। ਸਾਉਣ ਦੇ ਮੌਸਮ ਵਿਚ ਲਾਇਆ ਜਾਣ ਵਾਲਾ ਝੋਨਾ ਦੇਸ਼ ਦੇ ਕੁੱਲ ਝੋਨਾ ਉਤਪਾਦਨ ਵਿਚ ਲਗਪਗ 80 ਪ੍ਰਤੀਸ਼ਤ ਤੋਂ ਵੱਧ ਯੋਗਦਾਨ ਦਿੰਦਾ ਹੈ। ਇਸ ਲਈ, ਰਕਬੇ ਵਿਚ ਇਹ ਕਮੀ ਸਿੱਧੇ ਤੌਰ ’ਤੇ ਕੁੱਲ ਉਤਪਾਦਨ ’ਤੇ ਦਬਾਅ ਪਾਉਂਦੀ ਹੈ।

ਮੱਕੀ, ਸੋਇਆਬੀਨ ਅਤੇ ਮੂੰਗ ਦਾ ਰਕਬਾ ਵੀ ਘਟਿਆ

ਬਾਰਿਸ਼ ਵਿਚ ਕਮੀ ਦਾ ਪ੍ਰਭਾਵ ਸਿਰਫ਼ ਝੋਨੇ ਤੱਕ ਸੀਮਤ ਨਹੀਂ ਹੈ। ਇਸ ਸਾਲ ਸਾਉਣੀ ਦਾ ਕੁੱਲ ਰਕਬਾ ਪਿਛਲੇ ਸਾਲ ਦੇ 1118.95 ਲੱਖ ਹੈਕਟੇਅਰ ਤੋਂ ਘਟ ਕੇ 1103.90 ਲੱਖ ਹੈਕਟੇਅਰ ਰਹਿ ਗਿਆ ਹੈ। ਇਸ ਦਾ ਮਤਲਬ ਹੈ ਕਿ 15 ਲੱਖ ਹੈਕਟੇਅਰ ਦੀ ਕਮੀ ਹੈ। ਮੱਕੀ ਹੇਠ ਰਕਬਾ 2.23 ਪ੍ਰਤੀਸ਼ਤ ਅਤੇ ਸੋਇਆਬੀਨ ਦਾ 0.72% ਘਟਿਆ ਹੈ। ਮੂੰਗ ਦਾ ਰਕਬਾ ਵੀ ਘਟਿਆ ਹੈ। ਹਾਲਾਂਕਿ ਅਰਹਰ ਅਤੇ ਮਾਂਹ ਵਿਚ ਵਾਧਾ ਹੋਇਆ ਹੈ। ਇਸ ਦਾ ਮਤਲਬ ਹੈ ਕਿ ਕਮਜ਼ੋਰ ਮੌਨਸੂਨ ਦਾ ਪ੍ਰਭਾਵ ਕਈ ਪ੍ਰਮੁੱਖ ਸਾਉਣੀ ਫ਼ਸਲਾਂ ’ਤੇ ਪਿਆ ਹੈ।

320 ਜ਼ਿਲ੍ਹਿਆਂ ਵਿਚ ਬਾਰਿਸ਼ ਦੀ ਕਮੀ 20 ਤੋਂ 59 ਪ੍ਰਤੀਸ਼ਤ

ਮੌਸਮ ਵਿਭਾਗ ਦੇ ਅੰਕੜੇ ਦੱਸਦੇ ਹਨ ਕਿ ਦੇਸ਼ ਦੇ 792 ਵਿੱਚੋਂ 327 ਜ਼ਿਲ੍ਹਿਆਂ ਵਿਚ ਆਮ ਨਾਲੋਂ ਘੱਟ ਮੀਂਹ ਪਿਆ ਹੈ। ਇਨ੍ਹਾਂ ਵਿਚ 320 ਜ਼ਿਲ੍ਹੇ ਅਜਿਹੇ ਹਨ ਜਿੱਥੇ ਕਮੀ 20 ਤੋਂ 59 ਪ੍ਰਤੀਸ਼ਤ ਦੇ ਵਿਚਕਾਰ ਹੈ। ਸੱਤ ਜ਼ਿਲ੍ਹਿਆਂ ਵਿਚ ਮੀਂਹ ਦੀ ਕਮੀ 60 ਪ੍ਰਤੀਸ਼ਤ ਤੋਂ ਵੀ ਵੱਧ ਹੈ। ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼, ਰਾਜਸਥਾਨ, ਪੰਜਾਬ, ਹਰਿਆਣਾ, ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਸਮੇਤ ਕਈ ਸੂਬਿਆਂ ਦੇ ਜ਼ਿਲ੍ਹੇ ਇਸ ਤੋਂ ਪ੍ਰਭਾਵਿਤ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।