ਸ਼੍ਰੀਨਗਰ 10 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ): ਸ਼੍ਰੀ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਲੈ ਕੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸਖ਼ਤ ਰੁਖ਼ ਅਪਣਾਇਆ ਹੈ।
ਸ਼ੁੱਕਰਵਾਰ ਨੂੰ ਬਾਲਟਾਲ ਬੇਸ ਕੈਂਪ ਪਹੁੰਚੇ ਉਪ-ਰਾਜਪਾਲ (LG) ਮਨੋਜ ਸਿਨਹਾ ਨੇ ਸਾਫ਼ ਸ਼ਬਦਾਂ ’ਚ ਕਿਹਾ ਕਿ ਬਾਬਾ ਬਰਫ਼ਾਨੀ ਦੇ ਭਗਤਾਂ ਦੀ ਸਹੂਲਤ ਸਭ ਤੋਂ ਪਹਿਲੀ ਤਰਜੀਹ ਹੈ ਅਤੇ ਯਾਤਰਾ ਦੇ ਹਰ ਪੜਾਅ ਨੂੰ ਪੂਰੀ ਤਰ੍ਹਾਂ ਸੁਰੱਖਿਅਤ, ਸੁਖਾਲਾ ਅਤੇ ਨਿਰਵਿਘਨ ਬਣਾਇਆ ਜਾਵੇ। ਉਨ੍ਹਾਂ ਨੇ ਫਰਜ਼ੀ ਰਜਿਸਟ੍ਰੇਸ਼ਨ ਅਤੇ ਸ਼ਰਧਾਲੂਆਂ ਤੋਂ ਵੱਧ ਪੈਸੇ ਵਸੂਲਣ ਵਾਲਿਆਂ ਖ਼ਿਲਾਫ਼ ਬਿਨਾਂ ਕਿਸੇ ਲਿਹਾਜ਼ ਦੇ ਤੁਰੰਤ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ।
ਬੇਸ ਕੈਂਪ ਹਸਪਤਾਲ, ਆਨ-ਦ-ਸਪਾਟ ਰਜਿਸਟ੍ਰੇਸ਼ਨ ਕੇਂਦਰ, ਟੈਂਟ, ਪੀਣ ਵਾਲੇ ਪਾਣੀ ਅਤੇ ਹੋਰ ਸਹੂਲਤਾਂ ਦਾ ਨਿਰੀਖਣ ਕਰਨ ਤੋਂ ਬਾਅਦ ਉਪ-ਰਾਜਪਾਲ ਨੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰਾਈਨ ਬੋਰਡ, ਪ੍ਰਸ਼ਾਸਨ, ਪੁਲਿਸ, ਫ਼ੌਜ ਅਤੇ ਸਾਰੇ ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ ਹੀ ਯਾਤਰਾ ਦੀ ਸਫ਼ਲਤਾ ਦੀ ਕੁੰਜੀ ਹੈ।
ਸ਼ਰਧਾਲੂਆਂ ਦਾ ਵਿਸ਼ਵਾਸ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ
ਉਪ-ਰਾਜਪਾਲ ਨੇ ਕਿਹਾ ਕਿ ਰਜਿਸਟ੍ਰੇਸ਼ਨ ਤੋਂ ਲੈ ਕੇ ਰਿਹਾਇਸ਼, ਯਾਤਰਾ ਦੇ ਰਸਤੇ, ਸਿਹਤ ਸੇਵਾਵਾਂ ਅਤੇ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਤੱਕ ਹਰ ਵਿਵਸਥਾ ਅਜਿਹੀ ਹੋਣੀ ਚਾਹੀਦੀ ਹੈ ਕਿ ਕਿਸੇ ਵੀ ਸ਼ਰਧਾਲੂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗ ਮਿਲ ਕੇ ਯਾਤਰਾ ਨੂੰ ਸੁਰੱਖਿਅਤ ਅਤੇ ਯਾਦਗਾਰੀ ਬਣਾਉਣ ਵਿੱਚ ਜੁਟੇ ਹੋਏ ਹਨ।
ਮਨੋਜ ਸਿਨਹਾ ਨੇ ਕਿਹਾ ਕਿ ਸ਼੍ਰੀ ਅਮਰਨਾਥ ਯਾਤਰਾ ਸਿਰਫ਼ ਆਸਥਾ ਦਾ ਤਿਉਹਾਰ ਨਹੀਂ ਹੈ, ਬਲਕਿ ਇਹ ਜੰਮੂ-ਕਸ਼ਮੀਰ ਦੀ ਆਰਥਿਕਤਾ ਨੂੰ ਵੀ ਨਵੀਂ ਮਜ਼ਬੂਤੀ ਦੇ ਰਹੀ ਹੈ। ਯਾਤਰੀਆਂ ਦੀ ਵਧਦੀ ਗਿਣਤੀ ਕਾਰਨ ਸਥਾਨਕ ਵਪਾਰੀਆਂ, ਹੋਟਲ ਮਾਲਕਾਂ, ਘੋੜੇ-ਖੱਚਰ ਵਾਲਿਆਂ, ਪਾਲਕੀ ਸੇਵਾ ਪ੍ਰਦਾਤਾਵਾਂ ਅਤੇ ਹੋਰ ਛੋਟੇ ਕਾਰੋਬਾਰੀਆਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ।
ਨੇ ਸਫ਼ਾਈ ਕਰਮਚਾਰੀਆਂ, ਡਾਕਟਰਾਂ, ਲੰਗਰ ਸੇਵਾ ਵਿੱਚ ਜੁਟੇ ਵਾਲੰਟੀਅਰਾਂ ਅਤੇ ਹੋਰ ਸੇਵਾ ਪ੍ਰਦਾਤਾਵਾਂ ਦੇ ਸਮਰਪਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਦੀ ਨਿਸਵਾਰਥ ਸੇਵਾ ਹੀ ਯਾਤਰਾ ਦੀ ਅਸਲ ਤਾਕਤ ਹੈ।
ਸਫ਼ਾਈ ਅਤੇ ਪੀਣ ਵਾਲੇ ਪਾਣੀ ‘ਤੇ ਵਿਸ਼ੇਸ਼ ਫੋਕਸ
ਉਪ-ਰਾਜਪਾਲ ਨੇ ਯਾਤਰਾ ਦੇ ਰਸਤੇ ‘ਤੇ ਸਫ਼ਾਈ ਵਿਵਸਥਾ ਦਾ ਵਿਆਪਕ ਆਡਿਟ ਕਰਵਾਉਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ 24 ਘੰਟੇ ਨਿਰਵਿਘਨ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਅਤੇ ਯਾਤਰਾ ਮਾਰਗ ‘ਤੇ ਲਗਾਏ ਗਏ ਆਰ.ਓ. (RO) ਵਾਟਰ ਪੁਆਇੰਟਾਂ ਦੀ ਗਿਣਤੀ ਵਧਾਉਣ ਦੀ ਸਮੀਖਿਆ ਵੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਰਧਾਲੂਆਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਇੱਕ ਪ੍ਰਭਾਵਸ਼ਾਲੀ ਫੀਡਬੈਕ ਸਿਸਟਮ ਲਾਗੂ ਕੀਤਾ ਗਿਆ ਹੈ।
100 ਬੈੱਡਾਂ ਦੇ ਹਸਪਤਾਲ ਨਿਭਾ ਰਹੇ ਹਨ ਅਹਿਮ ਭੂਮਿਕਾ
ਬਾਲਟਾਲ ਅਤੇ ਚੰਦਨਵਾੜੀ ’ਚ ਸਥਾਪਿਤ 100-100 ਬੈੱਡਾਂ ਵਾਲੇ ਹਸਪਤਾਲ ਪੂਰੀ ਸਮਰੱਥਾ ਨਾਲ ਚੱਲ ਰਹੇ ਹਨ। ਇੱਥੇ ਰੋਜ਼ਾਨਾ ਔਸਤਨ 1300 ਤੋਂ 1400 ਓ.ਪੀ.ਡੀ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਹ ਹਸਪਤਾਲ ਸ਼ਰਧਾਲੂਆਂ ਦੇ ਨਾਲ-ਨਾਲ ਯਾਤਰਾ ਦੀ ਡਿਊਟੀ ‘ਤੇ ਤਾਇਨਾਤ ਕਰਮਚਾਰੀਆਂ ਨੂੰ ਵੀ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ।
ਦੇਸ਼ ਭਰ ਦੇ ਸ਼ਰਧਾਲੂਆਂ ਨੂੰ ਅਪੀਲ
ਉਪ-ਰਾਜਪਾਲ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਸ਼੍ਰਾਈਨ ਬੋਰਡ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਹਰ ਸ਼ਰਧਾਲੂ ਦੀ ਜ਼ਿੰਮੇਵਾਰੀ ਹੈ। ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਹੋਣ ‘ਤੇ ਨੇੜਲੇ ਕੈਂਪ ਡਾਇਰੈਕਟਰ ਜਾਂ ਸੁਰੱਖਿਆ ਕਰਮਚਾਰੀਆਂ ਨਾਲ ਸੰਪਰਕ ਕਰੋ, ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਉਨ੍ਹਾਂ ਦੇਸ਼ ਭਰ ਦੇ ਸ਼ਰਧਾਲੂਆਂ ਨੂੰ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਯਾਤਰਾ ਅਧਿਆਤਮਿਕ ਅਨੁਭਵ ਦੇ ਨਾਲ-ਨਾਲ ਆਤਮ-ਗਿਆਨ ਦਾ ਵੀ ਇੱਕ ਸੁਨਹਿਰੀ ਮੌਕਾ ਹੈ।
ਇੱਕ ਨਜ਼ਰ ਵਿੱਚ:
ਅੱਠਵੇਂ ਦਿਨ ਤੱਕ 1.70 ਲੱਖ ਸ਼ਰਧਾਲੂਆਂ ਨੇ ਕੀਤੇ ਬਾਬਾ ਬਰਫ਼ਾਨੀ ਦੇ ਦਰਸ਼ਨ।
ਬਾਲਟਾਲ ਅਤੇ ਚੰਦਨਵਾੜੀ ਦੇ 100-100 ਬੈੱਡਾਂ ਵਾਲੇ ਹਸਪਤਾਲ ਪੂਰੀ ਸਮਰੱਥਾ ਨਾਲ ਚੱਲ ਰਹੇ ਹਨ।
