ਹੁਸ਼ਿਆਰਪੁਰ 19 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) – ਜ਼ਿਲ੍ਹਾ ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਸ਼ਾਖੋਰੀ ਦੇ ਖ਼ਿਲਾਫ਼ ਵਿੱਢੀ ਗਈ ਵਿਸ਼ੇਸ਼ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਵੱਖ-ਵੱਖ ਥਾਵਾਂ ਤੋਂ ਕਾਰਵਾਈ ਕਰਦੇ ਹੋਏ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ, ਜਦਕਿ ਇੱਕ ਨੌਜਵਾਨ ਨੂੰ ਨਸ਼ੇ ਦੀ ਹਾਲਤ ਵਿੱਚ ਗ੍ਰਿਫ਼ਤਾਰ ਕਰਕੇ ਉਸ ਦਾ ਡੋਪ ਟੈਸਟ ਕਰਵਾਇਆ ਗਿਆ ਹੈ।
1. ਥਾਣਾ ਦਸੂਹਾ: ਪੁਲਿਸ ਨੂੰ ਦੇਖ ਲਿਫਾਫਾ ਸੁੱਟਣ ਵਾਲਾ ‘ਫੌਜੀ’ ਚੜ੍ਹਿਆ ਅੜਿੱਕੇ
ਦਸੂਹਾ ਦੇ ਏ.ਐਸ.ਆਈ. ਮਹਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਪਿੰਡ ਛਾਗਲਾ ਦੇ ਗੁਰਦੁਆਰਾ ਮੋੜ ਨੇੜੇ ਗਸ਼ਤ ’ਤੇ ਸੀ। ਇਸ ਦੌਰਾਨ ਇੱਕ ਨੌਜਵਾਨ ਪੁਲਿਸ ਦੀ ਗੱਡੀ ਦੇਖ ਕੇ ਘਬਰਾ ਗਿਆ ਅਤੇ ਤੇਜ਼ ਕਦਮਾਂ ਨਾਲ ਪਿੱਛੇ ਹਟਣ ਲੱਗਾ। ਸ਼ੱਕ ਪੈਣ ’ਤੇ ਜਦੋਂ ਪੁਲਿਸ ਨੇ ਨਿਗਾਹ ਰੱਖੀ ਤਾਂ ਉਸ ਨੇ ਆਪਣੀ ਕੈਪਰੀ (ਹਾਫ਼ ਪੈਂਟ) ਦੀ ਜੇਬ ਵਿੱਚੋਂ ਇੱਕ ਮੋਮੀ ਲਿਫਾਫਾ ਕੱਢ ਕੇ ਨੇੜੇ ਘਾਹ ਵਿੱਚ ਸੁੱਟ ਦਿੱਤਾ। ਪੁਲਿਸ ਨੇ ਤੁਰੰਤ ਮੁਲਜ਼ਮ ਨੂੰ ਦਬੋਚ ਲਿਆ ਅਤੇ ਜਦੋਂ ਸੁੱਟੇ ਗਏ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 41 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
