ਨਵੀਂ ਦਿੱਲੀ 18 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ 100 ਕਰੋੜ ਰੁਪਏ ਤੋਂ ਵੱਧ ਦੇ ਕਥਿਤ ਬੈਂਕ ਧੋਖਾਧੜੀ ਮਾਮਲੇ ਵਿੱਚ ਆਮ ਆਦਮੀ ਪਾਰਟੀ (AAP) ਦੇ ਆਗੂ ਦੀਪਕ ਸਿੰਗਲਾ ਖ਼ਿਲਾਫ਼ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ। ਈਡੀ ਦੀ ਟੀਮ ਨੇ ਦਿੱਲੀ ਅਤੇ ਗੋਆ ਸਮੇਤ ਉਨ੍ਹਾਂ ਦੇ ਕਈ ਟਿਕਾਣਿਆਂ ‘ਤੇ ਤਾਬੜਤੋੜ ਛਾਪੇਮਾਰੀ ਕੀਤੀ ਹੈ। ਦੂਜੇ ਪਾਸੇ, ਈਡੀ ਦੀ ਇਸ ਕਾਰਵਾਈ ‘ਤੇ ਮਨੀਸ਼ ਸਿਸੋਦੀਆ ਸਮੇਤ ‘ਆਪ’ ਦੇ ਹੋਰਨਾਂ ਆਗੂਆਂ ਨੇ ਭਾਜਪਾ ਅਤੇ ਪੀਐੱਮ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ।
ਈਡੀ ਦੀ ਟੀਮ ਨੇ ਪੂਰਬੀ ਦਿੱਲੀ ਦੇ ਸਵਾਸਥ ਵਿਹਾਰ ਸਥਿਤ ਦੀਪਕ ਸਿੰਗਲਾ ਦੀ ਰਿਹਾਇਸ਼ ‘ਤੇ ਛਾਪਾ ਮਾਰਿਆ। ਫਿਲਹਾਲ ਈਡੀ ਦੀ ਕਾਰਵਾਈ ਜਾਰੀ ਹੈ। ਦੀਪਕ ਸਿੰਗਲਾ ਦੇ ਘਰ ਦੇ ਬਾਹਰ ਅਰਧ-ਸੈਨਿਕ ਬਲਾਂ ਤਾਇਨਾਤ ਕੀਤੇ ਗਏ ਹਨ। ਅਧਿਕਾਰੀਆਂ ਦੀ ਟੀਮ ਅੰਦਰ ਦਸਤਾਵੇਜ਼ਾਂ ਅਤੇ ਇਲੈਕਟ੍ਰਾਨਿਕ ਰਿਕਾਰਡ ਦੀ ਜਾਂਚ ਵਿੱਚ ਜੁਟੀ ਹੋਈ ਹੈ।
ਈਡੀ ਦੀ ਛਾਪੇਮਾਰੀ ‘ਤੇ ਭੜਕੇ ਮਨੀਸ਼ ਸਿਸੋਦੀਆ
ਈਡੀ ਦੀ ਕਾਰਵਾਈ ਤੋਂ ਬਾਅਦ ‘ਆਪ’ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ‘ਐਕਸ’ ‘ਤੇ ਪੋਸਟ ਪਾ ਕੇ ਭਾਜਪਾ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਐਕਸ ‘ਤੇ ਲਿਖਿਆ, “ED, CBI ਅਤੇ ਚੋਣ ਕਮਿਸ਼ਨ ਵਰਗੀਆਂ ਸੰਸਥਾਵਾਂ ਦੀ ਆਪਣੇ ਗੁੰਡਿਆਂ ਵਾਂਗ ਵਰਤੋਂ ਕਰਕੇ ਪੀਐੱਮ ਮੋਦੀ ਵਿਰੋਧੀ ਨੇਤਾਵਾਂ ਨੂੰ ਚੋਣ ਜਿੱਤਣ ਤੋਂ ਰੋਕ ਸਕਦੇ ਹਨ। ਪਰ ਉਹ ਦੇਸ਼ ਦੀ ਆਰਥਿਕਤਾ ਜਾਂ ਰੁਪਏ ਦੀ ਡਿੱਗਦੀ ਕੀਮਤ ਨੂੰ ਨਹੀਂ ਸੰਭਾਲ ਸਕਦੇ।”
