ਨਵੀਂ ਦਿੱਲੀ 13 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਭਾਰਤ ਦਾ ਮੈਨੂਫੈਕਚਰਿੰਗ ਸੈਕਟਰ ਅਤੇ ਬਰਾਮਦ ਲਗਾਤਾਰ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਹੁਣ ਸਰਕਾਰ ਵੱਲੋਂ ਮਿਲੀ ਜਾਣਕਾਰੀ ਮੁਤਾਬਕ, ਭਾਰਤ ਦੀਆਂ ਵਸਤੂਆਂ ਦੀ ਬਰਾਮਦ ਅਕਤੂਬਰ ‘ਚ ਸਾਲਾਨਾ ਆਧਾਰ ‘ਤੇ 45 ਫ਼ੀਸਦੀ ਵਧ ਕੇ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ 49.47 ਅਰਬ ਡਾਲਰ ‘ਤੇ ਪਹੁੰਚ ਗਈ ਹੈ। ਸਰਕਾਰੀ ਅੰਕੜਿਆਂ ਮੁਤਾਬਕ, ਇਸ ਦੌਰਾਨ ਵਸਤੂਆਂ ਦੀ ਦਰਾਮਦ ਸਾਲਾਨਾ ਆਧਾਰ ‘ਤੇ 16.5 ਫ਼ੀਸਦੀ ਵਧ ਕੇ 89.35 ਅਰਬ ਡਾਲਰ ਹੋ ਗਈ।
ਹਾਲਾਂਕਿ, ਦਰਾਮਦ ਦੇ ਮੁਕਾਬਲੇ ਬਰਾਮਦ ਘੱਟ ਹੋਣ ਕਾਰਨ ਭਾਰਤ ਦਾ ਵਸਤੂ ਵਪਾਰ ਘਾਟਾ ਅਕਤੂਬਰ ‘ਚ 39.88 ਅਰਬ ਡਾਲਰ ਰਿਹਾ। ਇਹ ਸਤੰਬਰ 2026 ਦੇ 30.21 ਅਰਬ ਡਾਲਰ ਅਤੇ ਪਿਛਲੇ ਸਾਲ ਅਕਤੂਬਰ ਦੇ 33 ਅਰਬ ਡਾਲਰ ਨਾਲੋਂ ਵੱਧ ਹੈ।
ਚੀਨ, ਜਾਪਾਨ ਅਤੇ ਅਮਰੀਕਾ ‘ਚ ਵਧਿਆ ਨਿਰਯਾਤ
ਵਣਜ ਸਕੱਤਰ ਰਾਜੇਸ਼ ਅਗਰਵਾਲ ਮੁਤਾਬਕ, ਅਕਤੂਬਰ ‘ਚ ਭਾਰਤ ਦੀ ਕੁੱਲ ਬਰਾਮਦ 89.9 ਅਰਬ ਡਾਲਰ ਰਹੀ ਜਿਸ ‘ਚ ਸੇਵਾਵਾਂ ਦੀ ਬਰਾਮਦ ਲਗਪਗ 40.51 ਅਰਬ ਡਾਲਰ ਸੀ। ਅਗਰਵਾਲ ਨੇ ਕਿਹਾ ਕਿ ਅਕਤੂਬਰ ‘ਚ ਵਸਤੂਆਂ ਦਾ ਨਿਰਯਾਤ 49.47 ਅਰਬ ਡਾਲਰ ਦੇ ਨਵੇਂ ਮਾਸਿਕ ਆਲ ਟਾਈਮ ਹਾਈ ਪੱਧਰ ‘ਤੇ ਪਹੁੰਚ ਗਿਆ। ਇਸ ਦੌਰਾਨ ਵੱਖ-ਵੱਖ ਖੇਤਰਾਂ ਅਤੇ ਨਿਰਯਾਤ ਵਾਲੇ ਦੇਸ਼ਾਂ ‘ਚ ਵਾਧਾ ਦੇਖਣ ਨੂੰ ਮਿਲਿਆ। ਉਨ੍ਹਾਂ ਦੱਸਿਆ ਕਿ ਇਸ ਮਹੀਨੇ ਭਾਰਤ ਦੇ ਚੋਟੀ ਦੇ 50 ਨਿਰਯਾਤ ਬਾਜ਼ਾਰਾਂ ‘ਚੋਂ 43 ‘ਚ ਸਕਾਰਾਤਮਕ ਵਾਧਾ ਦਰਜ ਕੀਤਾ ਗਿਆ।
ਸਪੇਨ, ਦੱਖਣੀ ਅਫਰੀਕਾ, ਮਿਸਰ, ਹਾਂਗਕਾਂਗ, ਮਲੇਸ਼ੀਆ, ਘਾਨਾ, ਤੁਰਕੀ, ਓਮਾਨ, ਬ੍ਰਿਟੇਨ ਅਤੇ ਮੈਕਸੀਕੋ ਵਰਗੇ ਬਾਜ਼ਾਰਾਂ ‘ਚ ਨਿਰਯਾਤ ‘ਚ 50 ਫ਼ੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ। ਚੀਨ, ਜਾਪਾਨ ਅਤੇ ਅਮਰੀਕਾ ਨੂੰ ਹੋਣ ਵਾਲੇ ਨਿਰਯਾਤ ‘ਚ 39 ਫ਼ੀਸਦੀ ਤੋਂ 48 ਫ਼ੀਸਦੀ ਵਿਚਾਲੇ ਵਾਧਾ ਹੋਇਆ।
ਮੁਕਤ ਵਪਾਰ ਸਮਝੌਤਿਆਂ (FTA) ਦਾ ਦਿਖਿਆ ਫਾਇਦਾ
ਨਿਊਜ਼ ਏਜੰਸੀ IANS ਮੁਤਾਬਕ, ਇਸ ਮਹੀਨੇ ਵਸਤੂ ਬਰਾਮਦ ‘ਚ ਪੈਟਰੋਲੀਅਮ ਉਤਪਾਦਾਂ, ਇਲੈਕਟ੍ਰੋਨਿਕਸ, ਜੇਮਸ ਐਂਡ ਜਿਊਲਰੀ, ਪ੍ਰੋਸੈਸਡ ਫੂਡ ਆਈਟਮਾਂ ਅਤੇ ਇੰਜੀਨੀਅਰਿੰਗ ਉਤਪਾਦਾਂ ਦਾ ਪ੍ਰਮੁੱਖ ਯੋਗਦਾਨ ਰਿਹਾ। ਅਗਰਵਾਲ ਨੇ ਕਿਹਾ ਕਿ ਅਕਤੂਬਰ ‘ਚ ਭਾਰਤ ਦੇ ਮੁਕਤ ਵਪਾਰ ਸਮਝੌਤਿਆਂ (FTA) ਵਾਲੇ ਭਾਈਵਾਲ ਦੇਸ਼ਾਂ ਦੇ ਬਾਜ਼ਾਰਾਂ ‘ਚ ਬਰਾਮਦ ਦਾ ਪ੍ਰਦਰਸ਼ਨ ਚੰਗਾ ਰਿਹਾ।
