ਜੰਮੂ 13 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਲੱਦਾਖ ’ਚ ਆਗਾਮੀ 4 ਦਸੰਬਰ ਨੂੰ ਹੋਣ ਵਾਲੀਆਂ ਹਿੱਲ ਕੌਂਸਲ ਚੋਣਾਂ ਨੂੰ ਕੜਾਕੇ ਦੀ ਠੰਢ ਵਿਚਾਲੇ ਕਰਵਾਉਣ ਦੇ ਪ੍ਰਸ਼ਾਸਨ ਦੇ ਫ਼ੈਸਲੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਿਆ ਹੈ। ਇਸੇ ਦੌਰਾਨ ਵਾਤਾਵਰਣ ਕਾਰਕੁਨ ਅਤੇ ਲੇਹ ਅਪੈਕਸ ਬਾਡੀ (Leh Apex Body) ਦੇ ਮੈਂਬਰ ਸੋਨਮ ਵਾਂਗਚੁਕ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ।
ਵਾਂਗਚੁਕ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਪੋਸਟ ਪਾ ਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਰਿਹਾਇਸ਼ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਹਥਿਆਰਬੰਦ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਉਨ੍ਹਾਂ ਲਿਖਿਆ, “ਮੈਂ ਹਾਊਸ ਅਰੈਸਟ ਹਾਂ। ਮੇਰੇ ਘਰ ਦੇ ਚਾਰੇ ਪਾਸੇ ਹਥਿਆਰਾਂ ਨਾਲ ਲੈਸ ਦਰਜਨਾਂ ਗਾਰਡ ਤਾਇਨਾਤ ਹਨ, ਜਦਕਿ ਸਰਕਾਰ ਦਾ ਕਹਿਣਾ ਹੈ ਕਿ ‘ਮੈਨੂੰ ਘਰ ਰਹਿਣ ਦੀ ਸਲਾਹ ਦਿੱਤੀ ਗਈ ਹੈ’। ਇਹ ਸਭ ਇਸ ਲਈ ਹੋਇਆ ਕਿਉਂਕਿ ਮੈਂ ਕੁਝ ਤਿੱਖੇ ਸਵਾਲ ਪੁੱਛੇ ਸਨ, ਜਿਵੇਂ ਕਿ ਲੇਹ ਵਿੱਚ ਪਿਛਲੇ ਸਾਲ ਹੋਈਆਂ ਹੱਤਿਆਵਾਂ ਦੀ ‘ਨਿਆਂਇਕ ਜਾਂਚ ਕਮਿਸ਼ਨ’ ਦੀ ਰਿਪੋਰਟ ਵਿੱਚ ਦੇਰੀ ਕਿਉਂ ਹੋ ਰਹੀ ਹੈ? ਅਤੇ ਕੜਾਕੇ ਦੀ ਠੰਢ ਵਿਚਾਲੇ ਲੋਕਾਂ ‘ਤੇ ਇੱਕ ਦਿਖਾਵੇ ਦੀ ਕੌਂਸਲ ਚੋਣ ਇੰਨੀ ਤੇਜ਼ੀ ਨਾਲ ਕਿਉਂ ਥੋਪੀ ਜਾ ਰਹੀ ਹੈ? ਪੂਰਾ ਲੱਦਾਖ ਵਿਰੋਧ ਕਰ ਰਿਹਾ ਹੈ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ, ਸੋਸ਼ਲ ਮੀਡੀਆ ‘ਤੇ ਮੇਰੀ ਪਹੁੰਚ ਨੂੰ ਬੁਰੀ ਤਰ੍ਹਾਂ ਦਬਾ ਦਿੱਤਾ ਗਿਆ ਹੈ।”
ਪ੍ਰਦਰਸ਼ਨ ਵਾਲੀ ਥਾਂ ਤੋਂ ਹਟਾਏ ਗਏ ਸਨ ਸੋਨਮ ਵਾਂਗਚੁਕ
ਇਸ ਤੋਂ ਪਹਿਲਾਂ ਬੁੱਧਵਾਰ ਸ਼ਾਮ ਨੂੰ ਪੁਲਿਸ ਨੇ ਉਨ੍ਹਾਂ ਨੂੰ ਲੇਹ ਦੇ ਐਨ.ਡੀ.ਐਸ. (NDS) ਮੈਮੋਰੀਅਲ ਪਾਰਕ ਸਥਿਤ ਪ੍ਰਦਰਸ਼ਨ ਵਾਲੀ ਥਾਂ ਤੋਂ ਹਟਾ ਦਿੱਤਾ ਸੀ। ਵਾਂਗਚੁਕ ਉੱਥੇ ਅੰਦੋਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਸਨ। ਪੁਲਿਸ ਨੇ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਘਰ ਰਹਿਣ ਦੀ ਸਲਾਹ ਦਿੱਤੀ ਸੀ। ਇਸ ਤੋਂ ਬਾਅਦ ਲੇਹ ਦੇ ਸੀਨੀਅਰ ਪੁਲਿਸ ਕਪਤਾਨ (SSP) ਨੇ ਰਸਮੀ ਰੋਕਥਾਮ ਹੁਕਮ ਜਾਰੀ ਕਰਕੇ ਉਨ੍ਹਾਂ ਦੀਆਂ ਗਤੀਵਿਧੀਆਂ ‘ਤੇ ਪਾਬੰਦੀ ਲਗਾ ਦਿੱਤੀ।
ਪੁਲਿਸ ਹੁਕਮਾਂ ’ਚ ਵਾਂਗਚੁਕ ਦੀਆਂ ਗਤੀਵਿਧੀਆਂ ਦਾ ਹਵਾਲਾ ਦਿੰਦਿਆਂ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਪਹਿਲਾਂ ਵੀ ਜਨਤਕ ਵਿਵਸਥਾ ਪ੍ਰਭਾਵਿਤ ਹੋਈ ਹੈ ਅਤੇ ਭਵਿੱਖ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਨਾਲ ਸ਼ਾਂਤੀ ਭੰਗ ਹੋਣ ਦਾ ਖ਼ਦਸ਼ਾ ਹੈ।
ਪਾਬੰਦੀਆਂ ਅਤੇ ਸਖ਼ਤ ਸੁਰੱਖਿਆ ਵਿਚਾਲੇ ਲੇਹ ’ਚ ਧਰਨਾ
ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਪ੍ਰਸ਼ਾਸਨ ਨੇ ਹਿੱਲ ਕੌਂਸਲ, ਨਗਰ ਪਾਲਿਕਾ ਅਤੇ ਪੰਚਾਇਤ ਚੋਣਾਂ ਤੋਂ ਪਹਿਲਾਂ ਵਿਰੋਧ ਪ੍ਰਦਰਸ਼ਨਾਂ ‘ਤੇ ਰੋਕ ਲਗਾ ਦਿੱਤੀ ਹੈ। ਹਾਲਾਂਕਿ, ਪਾਬੰਦੀਆਂ ਅਤੇ ਲੇਹ ਤੇ ਕਾਰਗਿਲ ਵਿੱਚ ਭਾਰੀ ਸੁਰੱਖਿਆ ਤਾਇਨਾਤੀ ਦੇ ਬਾਵਜੂਦ ਲੇਹ ਅਪੈਕਸ ਬਾਡੀ ਨੇ ਦਾਅਵਾ ਕੀਤਾ ਕਿ ਵੀਰਵਾਰ ਨੂੰ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਸ਼ਾਂਤਮਈ ਧਰਨੇ ਵਿੱਚ ਹਿੱਸਾ ਲਿਆ।
ਲੇਹ ਅਪੈਕਸ ਬਾਡੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਲੋਕਾਂ ਦੀ ਸ਼ਮੂਲੀਅਤ ਸ਼ਾਂਤਮਈ ਅਤੇ ਲੋਕਤੰਤਰੀ ਤਰੀਕੇ ਨਾਲ ਆਪਣੀਆਂ ਮੰਗਾਂ ਉਠਾਉਣ ਪ੍ਰਤੀ ਉਨ੍ਹਾਂ ਦੇ ਵਿਸ਼ਵਾਸ ਨੂੰ ਦਰਸਾਉਂਦੀ ਹੈ। ਸੰਗਠਨ ਨੇ ਕਿਹਾ ਕਿ ਉਨ੍ਹਾਂ ਦਾ ਅੰਦੋਲਨ ਚੋਣਾਂ ਕਰਵਾਉਣ ਦੇ ਖ਼ਿਲਾਫ਼ ਨਹੀਂ, ਸਗੋਂ ਕੜਾਕੇ ਦੀ ਠੰਢ ਦੌਰਾਨ ਚੋਣਾਂ ਕਰਵਾਉਣ ਦੇ ਫ਼ੈਸਲੇ ਦੇ ਵਿਰੋਧ ਵਿੱਚ ਹੈ। ਸੰਗਠਨ ਮੁਤਾਬਕ ਸਰਦੀਆਂ ਵਿੱਚ ਲੱਦਾਖ ਦੀ ਵੱਡੀ ਆਬਾਦੀ ਖੇਤਰ ਤੋਂ ਬਾਹਰ ਰਹਿੰਦੀ ਹੈ।
ਦਸੰਬਰ ’ਚ ਚੋਣਾਂ ਕਾਰਨ 30 ਫ਼ੀਸਦੀ ਵੋਟਰਾਂ ਦੇ ਵਾਂਝੇ ਰਹਿਣ ਦਾ ਖ਼ਦਸ਼ਾ
ਲੇਹ ਅਪੈਕਸ ਬਾਡੀ ਦੇ ਸਹਿ-ਪ੍ਰਧਾਨ ਚੇਰਿੰਗ ਦੋਰਜੇ ਨੇ ਕਿਹਾ ਕਿ ਦਸੰਬਰ ਵਿੱਚ ਚੋਣਾਂ ਕਰਵਾਉਣ ਨਾਲ ਵੱਡੀ ਗਿਣਤੀ ਵਿੱਚ ਯੋਗ ਵੋਟਰ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰਨ ਤੋਂ ਵਾਂਝੇ ਰਹਿ ਸਕਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਰਦੀਆਂ ਦੌਰਾਨ ਲੱਦਾਖ ਦੀ ਕਰੀਬ 30 ਫ਼ੀਸਦੀ ਆਬਾਦੀ ਇਲਾਕੇ ਤੋਂ ਬਾਹਰ ਰਹਿੰਦੀ ਹੈ, ਜਿਸ ਕਾਰਨ ਉਨ੍ਹਾਂ ਲਈ ਵੋਟ ਪਾਉਣਾ ਮੁਸ਼ਕਲ ਹੋ ਜਾਂਦਾ ਹੈ।
ਚੋਣਾਂ ਮੁਲਤਵੀ ਕਰਵਾਉਣ ਲਈ ਰਾਸ਼ਟਰਪਤੀ, ਪੀਐਮ ਅਤੇ ਸ਼ਾਹ ਨੂੰ ਪੱਤਰ
ਇਸ ਤੋਂ ਪਹਿਲਾਂ ਸੋਨਮ ਵਾਂਗਚੁਕ ਅਤੇ ਲੇਹ ਅਪੈਕਸ ਬਾਡੀ ਦੇ ਹੋਰ ਨੁਮਾਇੰਦਿਆਂ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਭੇਜ ਕੇ ਕੜਾਕੇ ਦੀ ਸਰਦੀ ਅਤੇ ਵੋਟਰਾਂ ਦੇ ਵਾਂਝੇ ਰਹਿਣ ਦੇ ਖ਼ਦਸ਼ੇ ਨੂੰ ਦੇਖਦਿਆਂ ਚੋਣਾਂ ਮੁਲਤਵੀ ਕਰਨ ਦੀ ਮੰਗ ਕੀਤੀ ਸੀ।
ਲੱਦਾਖ ਦੇ ਸਾਰੇ ਅੱਠ ਜ਼ਿਲ੍ਹਿਆਂ ਵਿੱਚ ਹੋਣਗੀਆਂ ਚੋਣਾਂ
ਇਨ੍ਹਾਂ ਚੋਣਾਂ ਦੀ ਪ੍ਰਕਿਰਿਆ 20 ਅਕਤੂਬਰ ਨੂੰ ਜਾਰੀ ਨੋਟੀਫਿਕੇਸ਼ਨ ਤੋਂ ਬਾਅਦ ਸ਼ੁਰੂ ਹੋਈ ਹੈ। ਇਸ ਤਹਿਤ ਲੱਦਾਖ ਦੇ ਸਾਰੇ ਅੱਠ ਜ਼ਿਲ੍ਹਿਆਂ ਵਿੱਚ ਹਿੱਲ ਕੌਂਸਲ ਦੇ ਗਠਨ ਦਾ ਰਾਹ ਪੱਧਰਾ ਹੋਇਆ ਹੈ, ਜਿਨ੍ਹਾਂ ਵਿੱਚ ਨਵ-ਗਠਿਤ ਸੰਕੂ ਜ਼ਿਲ੍ਹਾ ਵੀ ਸ਼ਾਮਲ ਹੈ। ਹੁਣ ਤੱਕ ਲੱਦਾਖ ਵਿੱਚ ਸਿਰਫ਼ ਦੋ ਖ਼ੁਦਮੁਖ਼ਤਿਆਰ ਪਹਾੜੀ ਵਿਕਾਸ ਪ੍ਰੀਸ਼ਦਾਂ (Hill Councils) ਸਨ, ਜਿਨ੍ਹਾਂ ਵਿੱਚੋਂ ਇੱਕ ਲੇਹ ਅਤੇ ਦੂਜੀ ਕਾਰਗਿਲ ਵਿੱਚ ਸੀ।
ਮੁੱਖ ਸਕੱਤਰ ਆਸ਼ੀਸ਼ ਕੁੰਦਰਾ ਨੇ ਆਗਾਮੀ ਹਿੱਲ ਕੌਂਸਲ ਚੋਣਾਂ ਨੂੰ ਲੱਦਾਖ ਵਿੱਚ ਲੋਕਤੰਤਰ ਲਈ ਇੱਕ ਇਤਿਹਾਸਕ ਮੌਕਾ ਦੱਸਿਆ ਹੈ। ਚੋਣ ਪ੍ਰੋਗਰਾਮ ਦਾ ਬਚਾਅ ਕਰਦਿਆਂ ਕੁੰਦਰਾ ਨੇ ਕਿਹਾ ਕਿ ਖੇਤਰ ਵਿੱਚ ਸਕੂਲ 15 ਦਸੰਬਰ ਤੱਕ ਖੁੱਲ੍ਹੇ ਰਹਿੰਦੇ ਹਨ। ਉਨ੍ਹਾਂ ਤਰਕ ਦਿੱਤਾ ਕਿ ਜਦੋਂ ਬੱਚੇ ਸਰਦੀਆਂ ਵਿੱਚ ਸਕੂਲ ਜਾ ਸਕਦੇ ਹਨ, ਤਾਂ ਬਾਲਗ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਦੇ ਹਨ। ਹਿੱਲ ਕੌਂਸਲ ਅਤੇ ਪੰਚਾਇਤ ਚੋਣਾਂ ਲਈ ਵੋਟਿੰਗ ਤੋਂ ਬਾਅਦ 8 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।
