ਨਵੀਂ ਦਿੱਲੀ 12 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਰੇਲਵੇ ਵਿਚ ਯਾਤਰੀਆਂ ਦੀ ਗਿਣਤੀ ਵਧਣ ਦੇ ਨਾਲ ਉਨ੍ਹਾਂ ਦੇ ਸਫ਼ਰ ਕਰਨ ਦਾ ਰੁਝਾਨ ਵੀ ਬਦਲ ਰਿਹਾ ਹੈ। ਵੱਡੇ ਸ਼ਹਿਰਾਂ ਵਿਚ ਚੱਲਣ ਵਾਲੀਆਂ ਲੋਕਲ ਟਰੇਨਾਂ ਦੇ ਮੁਕਾਬਲੇ ਹੁਣ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਵਿੱਤੀ ਸਾਲ 2022-23 ਤੋਂ 2024-25 ਦੌਰਾਨ ਦੂਜੇ ਸ਼ਹਿਰਾਂ ਵਿਚਕਾਰ ਰੇਲ ਸਫ਼ਰਾਂ ਦੀ ਗਿਣਤੀ ਵਿਚ 57.7 ਕਰੋੜ ਦਾ ਵਾਧਾ ਹੋਇਆ, ਜਦਕਿ ਲੋਕਲ ਟਰੇਨਾਂ ਦੇ ਸਫ਼ਰ 32 ਕਰੋੜ ਵਧੇ। ਮੌਜੂਦਾ ਵਿੱਤੀ ਸਾਲ ਵਿਚ ਵੀ ਇਹ ਰੁਝਾਨ ਜਾਰੀ ਹੈ।

ਰੇਲਵੇ ਮੰਤਰਾਲੇ ਮੁਤਾਬਕ ਅਪ੍ਰੈਲ ਤੋਂ ਅਕਤੂਬਰ 2026 ਦਰਮਿਆਨ ਰੇਲਵੇ ਰਾਹੀਂ ਸਫ਼ਰਾਂ ਦੀ ਗਿਣਤੀ 443.8 ਕਰੋੜ ਰਹੀ, ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਅੰਕੜਾ 431.4 ਕਰੋੜ ਸੀ। ਇਸ ਮਿਆਦ ਵਿਚ ਦੂਜੇ ਸ਼ਹਿਰਾਂ ਵਿਚਕਾਰ ਚੱਲਣ ਵਾਲੀਆਂ ਟਰੇਨਾਂ ਦੇ ਸਫ਼ਰਾਂ ਵਿਚ 4.2 ਫ਼ੀਸਦੀ ਵਾਧਾ ਹੋਇਆ, ਜਦਕਿ ਲੋਕਲ ਟਰੇਨਾਂ ਦੇ ਸਫ਼ਰ 1.7 ਫ਼ੀਸਦੀ ਵਧੇ। ਅਕਤੂਬਰ ਵਿਚ ਵੀ ਕੁੱਲ 64.72 ਕਰੋੜ ਸਫ਼ਰ ਦਰਜ ਕੀਤੇ ਗਏ, ਜੋ ਪਿਛਲੇ ਸਾਲ ਦੇ ਇਸੇ ਮਹੀਨੇ ਦੇ 63.52 ਕਰੋੜ ਸਫ਼ਰਾਂ ਨਾਲੋਂ ਵੱਧ ਹਨ।

ਦੂਜੇ ਸ਼ਹਿਰਾਂ ਦਰਮਿਆਨ ਰੇਲ ਰਾਹੀਂ ਸਫ਼ਰ ਵਧਣ ਦੇ ਕਈ ਕਾਰਨ ਹਨ। ਰੋਜ਼ਗਾਰ ਲਈ ਛੋਟੇ ਸ਼ਹਿਰਾਂ ਅਤੇ ਕਸਬਿਆਂ ਤੋਂ ਵੱਡੇ ਸ਼ਹਿਰਾਂ ਵੱਲ ਲੋਕਾਂ ਦੀ ਆਵਾਜਾਈ ਵਧੀ ਹੈ। ਉੱਚ ਸਿੱਖਿਆ, ਮੁਕਾਬਲੇ ਦੀਆਂ ਪ੍ਰੀਖਿਆਵਾਂ ਅਤੇ ਬਿਹਤਰ ਇਲਾਜ ਲਈ ਵੀ ਲੋਕ ਦੂਜੇ ਸ਼ਹਿਰਾਂ ਦਾ ਰੁਖ਼ ਕਰ ਰਹੇ ਹਨ। ਕਾਰੋਬਾਰ, ਸੈਰ-ਸਪਾਟੇ ਅਤੇ ਪਰਿਵਾਰਕ ਸਫ਼ਰਾਂ ਵਿਚ ਵੀ ਵਾਧਾ ਹੋਇਆ ਹੈ। ਇਸ ਤੋਂ ਇਲਾਵਾ, ਪਿਛਲੇ ਦਹਾਕੇ ਦੌਰਾਨ ਰੇਲ ਨੈੱਟਵਰਕ ਦੇ ਫੈਲਾਅ ਅਤੇ ਸ਼ਹਿਰਾਂ ਦਰਮਿਆਨ ਰਾਬਤਾ ਬਿਹਤਰ ਹੋਣ ਕਾਰਨ ਰੇਲ ਰਾਹੀਂ ਸਫ਼ਰ ਕਰਨਾ ਪਹਿਲਾਂ ਨਾਲੋਂ ਆਸਾਨ ਹੋ ਗਿਆ ਹੈ।

ਹਾਲਾਂਕਿ, ਇਸ ਦਾ ਮਤਲਬ ਇਹ ਨਹੀਂ ਕਿ ਲੋਕਲ ਟਰੇਨਾਂ ਵਿਚ ਯਾਤਰੀਆਂ ਦੀ ਗਿਣਤੀ ਘੱਟ ਰਹੀ ਹੈ। ਵੱਡੇ ਸ਼ਹਿਰਾਂ ਵਿਚ ਰੋਜ਼ਾਨਾ ਲੱਖਾਂ ਲੋਕ ਕੰਮ-ਕਾਜ ਲਈ ਲੋਕਲ ਟਰੇਨਾਂ ਰਾਹੀਂ ਸਫ਼ਰ ਕਰਦੇ ਹਨ। ਇਸ ਲਈ ਕੁੱਲ ਸਫ਼ਰਾਂ ਦੀ ਗਿਣਤੀ ਅੱਜ ਵੀ ਲੋਕਲ ਟਰੇਨਾਂ ਵਿਚ ਵੱਧ ਹੈ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਇੱਕੋ ਵਿਅਕਤੀ ਦਿਨ ਵਿਚ ਕਈ ਵਾਰ ਲੋਕਲ ਟਰੇਨਾਂ ਰਾਹੀਂ ਜਾਂਦਾ ਹੈ ਅਤੇ ਹਰ ਸਫ਼ਰ ਦੀ ਗਿਣਤੀ ਵੱਖਰੇ ਤੌਰ ’ਤੇ ਹੁੰਦੀ ਹੈ।

ਦੂਜੇ ਸ਼ਹਿਰਾਂ ਵਿਚਕਾਰ ਵਧਦੇ ਸਫ਼ਰ ਰੇਲਵੇ ਸਾਹਮਣੇ ਨਵੀਂ ਚੁਣੌਤੀ ਵੀ ਖੜ੍ਹੀ ਕਰ ਰਹੇ ਹਨ। ਲੰਮੀ ਦੂਰੀ ਦੀਆਂ ਟਰੇਨਾਂ ਵਿਚ ਪਹਿਲਾਂ ਹੀ ਪੱਕੀ ਟਿਕਟ ਮਿਲਣੀ ਔਖੀ ਹੈ। ਯਾਤਰੀਆਂ ਦੀ ਗਿਣਤੀ ਵਧਣ ਨਾਲ ਉਡੀਕ ਸੂਚੀ ਲੰਮੀ ਹੋ ਸਕਦੀ ਹੈ ਤੇ ਭੀੜ ਵੀ ਵਧ ਸਕਦੀ ਹੈ। ਅਜਿਹੇ ਵਿਚ ਸਿਰਫ਼ ਨਵੀਆਂ ਟਰੇਨਾਂ ਚਲਾਉਣਾ ਕਾਫ਼ੀ ਨਹੀਂ ਹੋਵੇਗਾ। ਜਿਨ੍ਹਾਂ ਰੂਟਾਂ ’ਤੇ ਯਾਤਰੀਆਂ ਦੀ ਮੰਗ ਵੱਧ ਹੈ, ਉੱਥੇ ਵਾਧੂ ਡੱਬੇ ਲਾਉਣ, ਟਰੇਨਾਂ ਦੀ ਗਿਣਤੀ ਵਧਾਉਣ ਤੇ ਪਟੜੀਆਂ ਦੀ ਸਮਰੱਥਾ ਦਾ ਵਿਸਥਾਰ ਕਰਨ ਦੀ ਲੋੜ ਹੋਵੇਗੀ। ਆਮ ਅਤੇ ਸਲੀਪਰ ਸ਼੍ਰੇਣੀ ਵਿਚ ਢੁੱਕਵੀਂ ਥਾਂ ਮੁਹੱਈਆ ਕਰਵਾਉਣਾ ਵੀ ਜ਼ਰੂਰੀ ਹੈ। ਵਧਦੀ ਮੰਗ ਮੁਤਾਬਕ ਸਹੂਲਤਾਂ ਦੇਣਾ ਹੀ ਰੇਲਵੇ ਲਈ ਅਸਲ ਚੁਣੌਤੀ ਹੋਵੇਗੀ। ਯਾਦ ਰਹੇ, ਲੋਕਲ ਟਰੇਨਾਂ ਵਿਚ ਸਫ਼ਰ ਵੱਧ ਕੀਤੇ ਗਏ ਹਨ ਕਿਉਂਕਿ ਮਹਾਨਗਰਾਂ ਵਿਚ ਰੋਜ਼ਾਨਾ ਲੱਖਾਂ ਲੋਕ ਛੋਟੀ ਦੂਰੀ ਦਾ ਸਫ਼ਰ ਕਰਦੇ ਹਨ। ਦੂਜੇ ਸ਼ਹਿਰਾਂ ਦਰਮਿਆਨ ਸਫ਼ਰਾਂ ਦੀ ਗਿਣਤੀ ਘੱਟ ਹੈ ਪਰ ਇਨ੍ਹਾਂ ਦੀ ਔਸਤ ਦੂਰੀ ਲਗਪਗ ਦਸ ਗੁਣਾ ਵੱਧ ਹੁੰਦੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।