ਚੰਡੀਗੜ੍ਹ 08 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਧਰਮ ਪਰਿਵਰਤਨ ਕਰਕੇ ਈਸਾਈ ਬਣਨ ਵਾਲੇ ਲੋਕ ਸਰਕਾਰੀ ਸਹੂਲਤਾਂ ਖੁੱਸਣ ਦੇ ਡਰ ਕਾਰਨ ਹੁਣ ਮਰਦਮਸ਼ੁਮਾਰੀ ਵਿਚ ਈਸਾਈ ਧਰਮ ਲਿਖਾਉਣ ਨੂੰ ਲੈ ਕੇ ਦੁਬਿਧਾ ਵਿਚ ਫਸੇ ਹੋਏ ਹਨ। ਹਾਲਾਂਕਿ ਮਰਦਮਸ਼ੁਮਾਰੀ ਦੇ ਪਹਿਲੇ ਦੌਰ ਵਿਚ ਸਿਰਫ਼ ਰਿਹਾਇਸ਼, ਮਕਾਨ ਅਤੇ ਜਾਤ ਦਾ ਵੇਰਵਾ ਪੁੱਛਿਆ ਜਾ ਰਿਹਾ ਹੈ, ਪਰ ਧਰਮ ਦੇ ਮੁੱਦੇ ’ਤੇ ਇਹ ਲੋਕ ਖਾਸ ਕਰਕੇ ਸਰਕਾਰੀ ਸੁੱਖ ਸੁਵਿਧਾਵਾਂ ਲੈਣ ਵਾਲੇ ਧਾਰਮਿਕ ਸੰਕਟ ਵਿਚ ਫਸੇ ਹੋਏ ਮਹਿਸੂਸ ਕਰ ਰਹੇ ਹਨ। ਦੂਜੇ ਪਾਸੇ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਸੰਸਥਾਵਾਂ ਅਤੇ ਰਾਜਸੀ ਆਗੂਆਂ ਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਇਸ ਵਾਰ ਸੂਬੇ ਵਿਚ ਅਨੁਸੂਚਿਤ ਜਾਤੀ ਵਰਗ ਦੀ ਗਿਣਤੀ ਵਿਚ ਗਿਰਾਵਟ ਆ ਸਕਦੀ ਹੈ। ਪੰਜਾਬ ਦੇਸ਼ ਦਾ ਪਹਿਲਾਂ ਸੂਬਾ ਹੈ, ਜਿਸ ਵਿਚ ਸਾਲ 2011 ਦੀ ਜਨਗਣਨਾ ਅਨੁਸਾਰ ਸਭ ਤੋਂ ਵੱਧ 33 ਫ਼ੀਸਦੀ ਦੇ ਕਰੀਬ ਅਨੁਸੂਚਿਤ ਜਾਤੀ ਵਰਗ ਦੀ ਵਸੋਂ ਹੈ।
ਦੇਸ਼ ਵਿਚ ਧਰਮ ਪਰਿਵਰਤਨ ਦਾ ਮਾਮਲਾ ਵੱਡਾ ਮੁੱਦਾ ਬਣਿਆ ਹੋਇਆ ਹੈ। ਇਹ ਚਰਚਾਵਾਂ ਚੱਲ ਰਹੀਆਂ ਹਨ ਕਿ ਦੇਸ਼ ਵਿਚ ਗਰੀਬ ਲੋਕਾਂ ਖਾਸ ਕਰਕੇ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਲੋਕਾਂ ਨੂੰ ਵੱਖ ਵੱਖ ਤਰ੍ਹਾਂ ਦੇ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਪੰਜਾਬ ਵਿਚ ਵੀ ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਵਿਚ ਪਿਛਲੇ ਅਰਸੇ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਵਲੋਂ ਈਸਾਈ ਧਰਮ ਨਾਲ ਜੁੜਨ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ।
ਪਹਿਲਾਂ ਵੱਡੇ ਸ਼ਹਿਰਾਂ ਵਿਚ ਹੀ ਚਰਚ ਸਨ, ਪਰ ਹੁਣ ਕਸਬਿਆਂ ਅਤੇ ਪਿੰਡਾਂ ਵਿਚ ਚਰਚ ਸਥਾਪਿਤ ਹੋ ਗਏ ਹਨ। ਹਾਲਾਂਕਿ ਪੰਜਾਬ ਵਿਚ ਈਸਾਈ ਧਰਮ ਦੇ ਚਾਰ ਵੱਡੇ ਪਾਸਟਰ ਜਨਰਲ ਵਰਗ ਜੱਟ ਅਤੇ ਖੱਤਰੀ ਸਿੱਖ ਭਾਈਚਾਰੇ ਨਾਲ ਸਬੰਧਤ ਹਨ (ਇਨ੍ਹਾਂ ਵਿਚੋਂ ਇੱਕ ਜੇਲ੍ਹ ਵਿਚ ਹੈ), ਪਰ ਹੇਠਲੇ ਪੱਧਰ ’ਤੇ ਧਰਮ ਪਰਿਵਰਤਨ ਕਰਨ ਵਾਲਿਆਂ ਵਿਚ ਜ਼ਿਆਦਾ ਲੋਕ ਗਰੀਬ ਤੇ ਅਨੁਸੂਚਿਤ ਜਾਤੀ ਵਰਗ ਨਾਲ ਦੱਸੇ ਜਾਂਦੇ ਹਨ।
ਕੇਂਦਰ ਸਰਕਾਰ ਵਲੋਂ ਧਰਮ ਪਰਿਵਰਤਨ ’ਤੇ ਰੋਕ ਲਗਾਉਣ ਲਈ ਸਖ਼ਤ ਕਾਨੂੰਨ ਬਣਾਇਆ ਗਿਆ ਹੈ। ਇਸਦੇ ਆਧਾਰ ’ਤੇ ਕਈ ਸੂਬਿਆਂ ਨੇ ਵੀ ਜਬਰੀ ਧਰਮ ਪਰਿਵਰਤਨ ਕਰਵਾਉਣ ਵਾਲਿਆਂ ’ਤੇ ਸਖ਼ਤੀ ਨਾਲ ਨਜਿੱਠਣ ਲਈ ਕਾਨੂੰਨ ਬਣਾਇਆ ਹੈ। ਦੱਸਿਆ ਜਾਂਦਾ ਹੈ ਕਿ ਈਸਾਈ ਧਰਮ ਵਿਚ ਊਚ ਨੀਚ ਜਾਂ ਜਾਤ ਪਾਤ ਨਹੀਂ ਹੈ। ਈਸਾਈ ਬਣਨ ਵਾਲਾ ਹਰੇਕ ਵਿਅਕਤੀ ਬਰਾਬਰ ਹੈ, ਉਸਨੇ ਭਾਵੇਂ ਕਿਸੇ ਵੀ ਜਾਤ ਜਾਂ ਧਰਮ ਵਿਚ ਪਹਿਲਾਂ ਜਨਮ ਲਿਆ ਹੋਵੇ।
ਕਾਨੂੰਨ ਮੁਤਾਬਿਕ ਹਿੰਦੂ, ਸਿੱਖ, ਬੋਧੀ ਧਰਮ ਨਾਲ ਸਬੰਧਤ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਰਾਖਵਾਂਕਰਨ ਸਮੇਤ ਹੋਰ ਸੁਵਿਧਾਵਾਂ ਦਾ ਲਾਭ ਮਿਲ ਸਕਦਾ ਹੈ, ਈਸਾਈ ਧਰਮ ਦੇ ਲੋਕਾਂ ਨੂੰ ਨਹੀਂ। ਕੇਂਦਰ ਸਰਕਾਰ ਦੀ ਸਖ਼ਤੀ ਅਤੇ ਕਾਨੂੰਨ ਬਣਨ ਕਰਕੇ ਈਸਾਈ ਧਰਮ ਅਪਨਾਉਣ ਵਾਲੇ ਲੋਕ ਦੁਬਿਧਾ ਵਿਚ ਫਸੇ ਹੋਏ ਹਨ ਕਿ ਉਹ ਮਰਦਮਸ਼ੁਮਾਰੀ ਵਿਚ ਆਪਣਾ ਕਿਹੜਾ ਧਰਮ ਲਿਖਾਉਣਗੇ।
ਈਸਾਈ ਧਰਮ ਦੇ ਪੈਰੋਕਾਰ ਬਣੇ ਰਵਿੰਦਰ ਕੁਮਾਰ, ਬਲਵਿੰਦਰ ਸਿੰਘ ਅਤੇ ਬਲਵੀਰ ਸਿੰਘ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੀ ਈਸਾਈ ਧਰਮ ਵਿਚ ਆਸਥਾ ਹੈ। ਰਵਿੰਦਰ ਕੁਮਾਰ ਤੇ ਬਲਵੀਰ ਸਿੰਘ ਦਾ ਕਹਿਣਾ ਹੈ ਕਿ ਉਹ ਮੂਲ ਰੂਪ ਵਿਚ ਸਿੱਖ ਹਨ, ਪਰ ਅਨੁਸੂਚਿਤ ਜਾਤੀ ਵਰਗ ਨਾਲ ਕੁੱਝ ਧਰਮ ਦੇ ਠੇਕੇਦਾਰਾਂ ਵਲੋਂ ਵਖਰੇਵਾਂ ਹੋਣ ਕਾਰਨ ਉਹਨਾਂ ਦਾ ਮਨ ਖੱਟਾ ਹੋਇਆ। ਉਹਨਾਂ ਦੱਸਿਆ ਕਿ ਜਿਹੜੇ ਲੋਕਾਂ ਨੇ ਆਪਣਾ ਨਾਮ ਬਦਲ ਲਿਆ ਹੈ, ਭਾਵ ਨਾਮ ਨਾਲ ਮਸੀਹ, ਯੂਸਫ ਜਾਂ ਹੋਰ ਕੁਝ ਲਿਖ ਰਹੇ ਹਨ, ਉਹ ਤਾਂ ਆਪਣਾ ਧਰਮ ਈਸਾਈ ਹੀ ਲਿਖਾਉਣਗੇ ਪਰ ਜਿਹਨਾਂ ਨੇ ਨਾਮ ਨਹੀਂ ਬਦਲਿਆਂ ਉਹ ਅਜੇ ਦੁਬਿਧਾ ਵਿਚ ਹਨ।
ਇਹ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਧਰਮ ਪਰਿਵਰਤਨ ਕਰਨ ਵਾਲੇ ਲੋਕ ਮਰਦਮਸ਼ੁਮਾਰੀ ਵਿਚ ਆਪਣਾ ਕਿਹੜਾ ਧਰਮ ਲਿਖਾਉਂਦੇ ਹਨ, ਪਰ ਇਹ ਗੱਲ ਸਪਸ਼ਟ ਹੈ ਕਿ ਇਸਦਾ ਅਸਰ ਅਨੁਸੂਚਿਤ ਜਾਤੀ ਦੀ ਵਸੋਂ ’ਤੇ ਜਰੂਰ ਪਵੇਗਾ।
