ਟਰੈਫਿਕ, ਆਵਾਜਾਈ ਅਤੇ ਸਕੂਲ ਸਿੱਖਿਆ ਵਿਭਾਗ ਨੂੰ ਐਨ.ਜੀ.ਓਜ਼ ਨਾਲ ਮਿਲ ਕੇ ਜਾਗਰੂਕਤਾ ਰੈਲੀ ਅਤੇ ਸੈਮੀਨਾਰ ਕਰਨ ਦੀ ਵੀ ਕੀਤੀ ਹਦਾਇਤ

ਹੁਸ਼ਿਆਰਪੁਰ, 15 ਜਨਵਰੀ:
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸੜਕ ਸੁਰੱਖਿਆ ਮਹੀਨਾ ਸਬੰਧੀ ਮੀਟਿੰਗ ਕਰਕੇ ਉਨ੍ਹਾਂ ਨੂੰ ਦਿਸ਼ਾ- ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਹੋਣ ਵਾਲੇ ਹਾਦਸਿਆਂ ਦੀ ਗੰਭੀਰ ਸਥਿਤੀ ਤੋਂ ਜਾਣੂ ਕਰਵਾਉਂਦੇ ਹੋਏ ਟਰੈਫਿਕ ਨਿਯਮਾਂ ਬਾਰੇ ਖੁੱਦ ਸਾਵਧਾਨ ਹੋਣ ਅਤੇ ਹੋਰਨਾਂ ਨੂੰ ਵੀ ਜਾਗਰੂਕ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ  ਨਾਲ ਐਸ.ਐਸ.ਪੀ ਸੁਰੇਂਦਰ ਲਾਂਬਾ, ਸਕੱਤਰ ਆਰ.ਟੀ.ਏ ਰਵਿੰਦਰ ਸਿੰਘ ਗਿੱਲ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੁਰਾਣੇ ਸੜਕ ਹਾਦਸਿਆਂ ਨਾਲ ਸਬੰਧਤ 44 ਬਲੈਕ ਸਪਾਟ ਸਨ, ਜੋ ਕਿ ਇਸ ਸਮੇਂ ਘੱਟ ਹੋ ਕੇ 23 ਰਹਿ ਗਏ ਹਨ। ਉਨ੍ਹਾਂ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ, ਲੋਕ ਨਿਰਮਾਣ ਵਿਭਾਗ, ਮੰਡੀ ਬੋਰਡ ਅਤੇ ਨਗਰ ਨਿਗਮ ਹੁਸ਼ਿਆਰਪੁਰ ਨੂੰ ਹਦਾਇਤ ਕੀਤੀ ਕਿ ਸਬੰਧਤ ਟਰੈਫਿਕ ਇੰਚਾਰਜ ਨੂੰ ਲੈ ਕੇ ਇਨ੍ਹਾਂ ਬਲੈਕ ਸਪਾਟ ਦਾ ਨਿਰੀਖਣ ਕਰਕੇ ਉਨ੍ਹਾਂ ਨੂੰ ਠੀਕ ਕਰਨ ਬਾਰੇ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇ। ਇਸ ਤੋਂ ਇਲਾਵਾ ਸੜਕ ਕਿਨਾਰੇ ਲੱਗੇ ਘਾਹ, ਬੂਟੀ ਨੂੰ ਸਾਫ ਕਰਵਾਇਆ ਜਾਵੇ, ਤਾਂ ਜੋ ਸੜਕ ’ਤੇ ਬਣੀ ਸਫੇਦ ਪੱਟੀ ਵਾਹਨ ਚਾਲਕਾਂ ਨੂੰ ਸਾਫ ਦਿਖਾਈ ਦੇਵੇ। ਉਨ੍ਹਾਂ ਨੇ ਟਰੈਫਿਕ ਪੁਲਿਸ, ਟਰਾਂਸਪੋਰਟ ਵਿਭਾਗ, ਸਕੂਲ ਸਿੱਖਿਆ ਵਿਭਾਗ ਨੂੰ ਐਨ.ਜੀ.ਓਜ਼ ਨਾਲ ਮਿਲ ਕੇ ਰੋਡ ਸੇਫਟੀ ਜਾਗਰੂਕਤਾ ਰੈਲੀ ਅਤੇ ਜਾਗਰੂਕਤਾ ਸੈਮੀਨਾਰਾਂ ਦੇ ਆਯੋਜਨ ਸਬੰਧੀ ਹਦਾਇਤ ਕੀਤੀ।
ਕੋਮਲ ਮਿੱਤਲ ਨੇ ਕਿਹਾ ਕਿ ਹਰ ਵਾਹਨ ’ਤੇ ਰਿਫਲੈਕਟਰ ਲੱਗਾ ਹੋਣਾ ਜ਼ਰੂਰੀ ਹੈ ਕਿਉਂਕਿ ਵਾਹਨਾਂ ’ਤੇ ਰਿਫਲੈਕਟਰ ਨਾ ਹੋਣ ਕਾਰਨ ਹਨੇਰੇ ਅਤੇ ਧੁੰਦ ਵਿੱਚ ਹਾਦਸੇ ਹੋ ਜਾਂਦੇ ਹਨ। ਉਨ੍ਹਾਂ ਰਿਜਨਲ ਟਰਾਂਸਪੋਰਟ ਅਥਾਰਟੀ ਅਤੇ ਟਰੈਫਿਕ ਪੁਲਿਸ ਨੂੰ ਹਦਾਇਤ ਕੀਤੀ ਕਿ ਵਾਹਨਾਂ ’ਤੇ ਰਿਫਲੈਕਟਰ ਲਗਾਉਣ ਦੇ ਕੰਮ ਨੂੰ ਮੁਹਿੰਮ ਦੇ ਰੂਪ ਵਿੱਚ ਲਿਆ ਜਾਵੇ ਅਤੇ ਲੋਕਾਂ ਵਿੱਚ ਟਰੈਫਿਕ ਨਿਯਮ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਹੀ ਸੜਕ ਹਾਦਸੇ ਹੁੰਦੇ ਹਨ, ਇਸ ਲਈ ਟਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਰਿਜਨਲ ਟਰਾਂਸਪੋਰਟ ਅਫ਼ਸਰ ਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਵਿਭਾਗ ਵਲੋਂ ਲਗਾਤਾਰ ਵਾਹਨਾਂ ’ਤੇ ਰਿਫਲੈਕਟਰ ਲਗਾਏ ਜਾ ਰਹੇ ਅਤੇ ਅਵਾਰਾ ਪਸ਼ੂਆਂ ਦੇ ਗਲਿਆਂ ਵਿੱਚ ਵੀ ਰੇਡਿਅਮ ਬੈਲਟ ਪਾਏ ਗਏ ਹਨ, ਤਾਂ ਜੋ ਧੁੰਦ ਵਿੱਚ ਹਾਦਸਿਆਂ ਨੂੰ ਰੋਕਿਆ ਜਾ ਸਕੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।