ਨਵੀਂ ਦਿੱਲੀ 03 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) : ਕ੍ਰਿਪਟੋਕਰੰਸੀ ਬੈਨ (Cryptocurrency Ban) ਨੂੰ ਕਾਨੂੰਨੀ ਮਾਨਤਾ ਨੂੰ ਲੈ ਕੇ ਲੰਬੇ ਸਮੇਂ ਤੋਂ ਬਹਿਸ ਚੱਲ ਰਹੀ ਹੈ। ਇਸ ਦੌਰਾਨ ਭਾਰਤੀ ਰਿਜ਼ਰਵ ਬੈਂਕ ਨੇ ਇਕ ਸੰਸਦੀ ਕਮੇਟੀ ਨੂੰ ਦੱਸਿਆ ਕਿ ਕ੍ਰਿਪਟੋਕਰੰਸੀ ਵਰਗੀਆਂ ਵਰਚੁਅਲ ਡਿਜੀਟਲ ਸੰਪਤੀਆਂ ਭਾਰਤ ਵਰਗੇ ਉਭਰ ਰਹੇ ਅਰਥਚਾਰੇ ਲਈ ਖ਼ਤਰਾ ਹਨ ਤੇ ਅਜਿਹੀਆਂ ਜਾਇਦਾਦਾਂ ਨੂੰ ਦੇਸ਼ ਵਿਚ ਕਾਨੂੰਨੀ ਰੂਪ ਨਹੀਂ ਦਿੱਤਾ ਜਾਣਾ ਚਾਹੀਦਾ ਹੈ।
RBI ਨੇ ਸੰਸਦ ਮੈਂਬਰ ਭਰਤਹਿਰੀ ਮਹਿਤਾਬ ਦੀ ਅਗਵਾਈ ਵਾਲੀ ਸੰਸਦੀ ਸਥਾਈ ਕਮੇਟੀ (ਵਿੱਤ) ਨੂੰ ਇਹ ਵੀ ਦੱਸਿਆ ਕਿ ਚੀਨ ਅਤੇ ਕਤਰ ਉਨ੍ਹਾਂ ਦੇਸ਼ਾਂ ‘ਚ ਸ਼ਾਮਲ ਹਨ ਜਿਨ੍ਹਾਂ ਨੇ ਅਜਿਹੀਆਂ ਵਿੱਤੀ ਗਤੀਵਿਧੀਆਂ ‘ਤੇ ਪਾਬੰਦੀ ਲਗਾ ਦਿੱਤੀ ਹੈ, ਜਦੋਂਕਿ ਯੂਰਪ ਨੇ ਬਹੁਤ ਸਖਤ ਤੇ ਰੈਗੂਲੇਟਿਡ ਤਰੀਕੇ ਨਾਲ ਵਰਚੁਅਲ ਡਿਜੀਟਲ ਐਸੇਟਸ ਦੀ ਇਜਾਜ਼ਤ ਦਿੱਤੀ ਹੈ।
RBI ਜਲਦੀ ਹੀ ਰਿਪੋਰਟ ਪੇਸ਼ ਕਰੇਗਾ
RBI ਦੇ ਡਿਪਟੀ ਗਵਰਨਰ ਰੋਹਿਤ ਜੈਨ ਤੇ ਕਾਰਜਕਾਰੀ ਨਿਰਦੇਸ਼ਕ ਪੀ ਵਾਸੂਦੇਵਨ ਨੇ ਕੇਂਦਰੀ ਬੈਂਕ ਵੱਲੋਂ ਭਾਜਪਾ ਦੇ ਸੰਸਦ ਮੈਂਬਰ ਭਰਤਰਿਹਰੀ ਮਹਿਤਾਬ ਦੀ ਅਗਵਾਈ ਵਾਲੀ ਵਿੱਤ ਮਾਮਲਿਆਂ ਬਾਰੇ ਸੰਸਦੀ ਸਥਾਈ ਕਮੇਟੀ ਸਾਹਮਣੇ ਆਪਣੇ ਵਿਚਾਰ ਪੇਸ਼ ਕੀਤੇ।ਇਹ ਵਰਚੁਅਲ ਡਿਜੀਟਲ ਐਸੇਟਸ ਬਾਰੇ ਕਮੇਟੀ ਦੀ ਸੱਤਵੀਂ ਮੀਟਿੰਗ ਸੀ। ਹੁਣ ਤਕ ਕਮੇਟੀ ਨੇ ਆਰਥਿਕ ਮਾਮਲਿਆਂ ਦੇ ਵਿਭਾਗ, ਐਫਆਈਯੂ, ਸੀਬੀਡੀਟੀ ਅਤੇ ਵੀਡੀਏ ਖੇਤਰ ਦੀਆਂ ਕਈ ਪ੍ਰਾਈਵੇਟ ਕੰਪਨੀਆਂ ਤੋਂ ਜਾਣਕਾਰੀ ਤੇ ਸਬੂਤ ਲਏ ਹਨ। ਮਹਿਤਾਬ ਨੇ ET ਨੂੰ ਦੱਸਿਆ, ‘ਅਸੀਂ ਜਲਦ ਹੀ ਇਸ ਬਾਰੇ ਆਪਣੀ ਰਿਪੋਰਟ ਪੇਸ਼ ਕਰ ਸਕਦੇ ਹਾਂ।’
