ਨਵੀਂ ਦਿੱਲੀ 26 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਪ੍ਰੋਵੀਡੈਂਟ ਫੰਡ (PF) ਵਿੱਚ ਪੈਸਾ ਜਮ੍ਹਾਂ ਕਰਵਾਉਣ ਵਾਲੇ ਕਰੋੜਾਂ ਮੁਲਾਜ਼ਮਾਂ ਲਈ ਸਾਲ 2027 ਕਈ ਵੱਡੇ ਬਦਲਾਅ ਲੈ ਕੇ ਆ ਸਕਦਾ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਆਪਣੀਆਂ ਸੇਵਾਵਾਂ ਨੂੰ ਪਹਿਲਾਂ ਨਾਲੋਂ ਵਧੇਰੇ ਆਸਾਨ ਅਤੇ ਤੇਜ਼ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਤਹਿਤ ਹੁਣ ਪੀਐੱਫ ਦਾ ਪੈਸਾ ਕਢਵਾਉਣ ਲਈ ਲੰਬੀ ਆਨਲਾਈਨ ਪ੍ਰਕਿਰਿਆ ਤੋਂ ਰਾਹਤ ਮਿਲ ਸਕਦੀ ਹੈ। ਖਾਤਾਧਾਰਕ UPI ਰਾਹੀਂ ਵੀ ਆਪਣਾ ਪੈਸਾ ਕਢਵਾ ਸਕਣਗੇ। ਇਸ ਦੇ ਨਾਲ ਹੀ ਰਿਟਾਇਰਮੈਂਟ ਤੋਂ ਬਾਅਦ ਪੂਰਾ ਫੰਡ ਇਕੱਠਾ ਕਢਵਾਉਣ ਦੀ ਬਜਾਏ ਹਰ ਮਹੀਨੇ, ਤਿੰਨ ਮਹੀਨਿਆਂ ਜਾਂ ਛੇ ਮਹੀਨਿਆਂ ਬਾਅਦ ਕਿਸ਼ਤਾਂ ਵਿੱਚ ਲੈਣ ਦਾ ਵਿਕਲਪ ਵੀ ਮਿਲ ਸਕਦਾ ਹੈ।
EPFO ਨੇ 19 ਨਵੰਬਰ ਨੂੰ ਹੋਈ ਸੈਂਟਰਲ ਬੋਰਡ ਆਫ਼ ਟਰੱਸਟੀਜ਼ (CBT) ਦੀ 240ਵੀਂ ਬੈਠਕ ਵਿੱਚ ਪੈਸੇ ਕਢਵਾਉਣ ਨਾਲ ਜੁੜੇ ਕਈ ਅਹਿਮ ਬਦਲਾਵਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿੱਚ ਪੀਐੱਫ ਖਾਤੇ ਵਿੱਚ ਘੱਟੋ-ਘੱਟ ਬਕਾਇਆ ਰੱਖਣ ਦੀ ਸ਼ਰਤ ਘਟਾਉਣਾ ਅਤੇ ਨੌਕਰੀ ਛੱਡਣ ਤੋਂ ਬਾਅਦ ਅੰਤਿਮ ਨਿਕਾਸੀ ਲਈ ਉਡੀਕ ਦੀ ਮਿਆਦ ਘਟਾਉਣਾ ਸ਼ਾਮਲ ਹੈ। ਇਸ ਤੋਂ ਇਲਾਵਾ EPFO 3.0 ਤਹਿਤ ਤਕਨੀਕੀ ਪ੍ਰਣਾਲੀ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ। ਆਓ ਜਾਣਦੇ ਹਾਂ ਇਹ ਚਾਰ ਵੱਡੇ ਬਦਲਾਅ ਕੀ ਹਨ ਅਤੇ ਇਨ੍ਹਾਂ ਨਾਲ ਪੀਐੱਫ ਖਾਤਾਧਾਰਕਾਂ ਨੂੰ ਕਿਵੇਂ ਫ਼ਾਇਦਾ ਮਿਲੇਗਾ।
1. EPFO 3.0 ਨਾਲ ਬਦਲ ਜਾਵੇਗਾ ਪੂਰਾ ਸਿਸਟਮ
EPFO ਆਪਣੀ ਤਕਨੀਕੀ ਪ੍ਰਣਾਲੀ ਨੂੰ ਅਪਗ੍ਰੇਡ ਕਰਨ ਲਈ EPFO 3.0 ’ਤੇ ਕੰਮ ਕਰ ਰਿਹਾ ਹੈ। ਇਸ ਦਾ ਮਕਸਦ ਪੀਐੱਫ ਖਾਤਿਆਂ ਦਾ ਪ੍ਰਬੰਧਨ ਆਸਾਨ ਬਣਾਉਣਾ ਅਤੇ ਕਲੇਮ ਦੇ ਨਿਪਟਾਰੇ ਦੀ ਪ੍ਰਕਿਰਿਆ ਤੇਜ਼ ਕਰਨਾ ਹੈ। ਨਵਾਂ ਸਿਸਟਮ ਅਗਲੇ 50 ਸਾਲਾਂ ਦੌਰਾਨ ਕਰੀਬ 200 ਕਰੋੜ ਮੁਲਾਜ਼ਮਾਂ ਦਾ ਡਾਟਾ ਸੰਭਾਲਣ ਦੀ ਸਮਰੱਥਾ ਦੇ ਹਿਸਾਬ ਨਾਲ ਤਿਆਰ ਕੀਤਾ ਜਾ ਰਿਹਾ ਹੈ।ਰਿਪੋਰਟਾਂ ਮੁਤਾਬਕ, EPFO 3.0 ਨੂੰ ਫਰਵਰੀ 2027 ਵਿੱਚ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਤਹਿਤ ਕਾਗਜ਼ ਰਹਿਤ ਸੇਵਾਵਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਕੋਰ ਬੈਂਕਿੰਗ ਸਿਸਟਮ ਵਾਂਗ ਇਕ ਕੇਂਦਰੀਕ੍ਰਿਤ ਪ੍ਰਣਾਲੀ ਵਿਕਸਿਤ ਕੀਤੀ ਜਾਵੇਗੀ।
2. UPI ਰਾਹੀਂ ਕਢਵਾ ਸਕੋਗੇ PF ਦਾ ਪੈਸਾ
ਖਾਤਾਧਾਰਕਾਂ ਲਈ ਦੂਜਾ ਵੱਡਾ ਬਦਲਾਅ UPI ਰਾਹੀਂ ਪੈਸੇ ਕਢਵਾਉਣ ਦੀ ਸਹੂਲਤ ਹੋ ਸਕਦਾ ਹੈ। EPFO ਇਸ ਸਹੂਲਤ ਨੂੰ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਲਈ BHIM ਐਪ ਦੀ ਵਰਤੋਂ ਕੀਤੀ ਜਾ ਸਕਦੀ ਹੈ। UPI ਰਾਹੀਂ ਪੀਐੱਫ ਦੀ ਨਿਕਾਸੀ ਦੀ ਸਹੂਲਤ ਦਸੰਬਰ 2026 ਦੇ ਅੰਤ ਤੱਕ ਸ਼ੁਰੂ ਹੋਣ ਦੀ ਉਮੀਦ ਹੈ।
ਇਸ ਰਾਹੀਂ ਖਾਤਾਧਾਰਕ ਆਪਣੇ ਪੀਐੱਫ ਦਾ ਕੁੱਲ ਬਕਾਇਆ, ਕਢਵਾਉਣ ਲਈ ਯੋਗ ਰਕਮ ਅਤੇ ਖਾਤੇ ਵਿੱਚ ਸੁਰੱਖਿਅਤ ਰੱਖਣ ਲਈ ਲੋੜੀਂਦੀ ਰਕਮ ਦੀ ਜਾਣਕਾਰੀ ਹਾਸਲ ਕਰ ਸਕਣਗੇ।
3. ਰਿਟਾਇਰਮੈਂਟ ਤੋਂ ਬਾਅਦ ਕਿਸ਼ਤਾਂ ਵਿੱਚ ਮਿਲੇਗਾ PF ਦਾ ਪੈਸਾ
ਤੀਜਾ ਵੱਡਾ ਬਦਲਾਅ ਰਿਟਾਇਰਮੈਂਟ ਤੋਂ ਬਾਅਦ ਪੀਐੱਫ ਦੀ ਰਕਮ ਕਢਵਾਉਣ ਦੇ ਤਰੀਕੇ ਵਿੱਚ ਹੋ ਸਕਦਾ ਹੈ। ਫਿਲਹਾਲ ਮੁਲਾਜ਼ਮ ਰਿਟਾਇਰਮੈਂਟ ਤੋਂ ਬਾਅਦ ਆਪਣਾ ਪੂਰਾ ਪੀਐੱਫ ਫੰਡ ਇਕੱਠਾ ਕਢਵਾ ਸਕਦੇ ਹਨ। ਪਰ ਨਵੀਂ ਪ੍ਰਣਾਲੀ ਵਿੱਚ ਉਨ੍ਹਾਂ ਨੂੰ ਕਿਸ਼ਤਾਂ ਵਿੱਚ ਪੈਸੇ ਲੈਣ ਦਾ ਵਿਕਲਪ ਵੀ ਮਿਲੇਗਾ।
EPFO ਦੇ ਪ੍ਰਸਤਾਵ ਤਹਿਤ ਰਿਟਾਇਰ ਹੋਏ ਮੁਲਾਜ਼ਮ ਆਪਣੀ ਸਹੂਲਤ ਅਨੁਸਾਰ ਹਰ ਮਹੀਨੇ, ਤਿੰਨ ਮਹੀਨਿਆਂ ਜਾਂ ਛੇ ਮਹੀਨਿਆਂ ਬਾਅਦ ਪੀਐੱਫ ਦੀ ਰਕਮ ਕਢਵਾ ਸਕਣਗੇ। ਇਸ ਨੂੰ ਸਿਸਟਮੈਟਿਕ ਵਿਦਡਰਾਅ ਪਲਾਨ (SWP) ਕਿਹਾ ਜਾ ਰਿਹਾ ਹੈ।
ਸ਼ੁਰੂਆਤੀ ਪੜਾਅ ਵਿੱਚ 55 ਸਾਲ ਤੋਂ ਵੱਧ ਉਮਰ ਅਤੇ ਪੰਜ ਲੱਖ ਰੁਪਏ ਤੋਂ ਜ਼ਿਆਦਾ ਪੀਐੱਫ ਬਕਾਇਆ ਰੱਖਣ ਵਾਲੇ ਕਰੀਬ 6.32 ਲੱਖ ਮੈਂਬਰਾਂ ਨੂੰ ਇਸ ਦਾ ਲਾਭ ਮਿਲਣ ਦੀ ਉਮੀਦ ਹੈ। ਜੇਕਰ ਕਿਸ਼ਤਾਂ ਮਿਲਣ ਦੌਰਾਨ ਮੈਂਬਰ ਦੀ ਮੌਤ ਹੋ ਜਾਂਦੀ ਹੈ ਤਾਂ ਨਾਮਜ਼ਦ ਵਿਅਕਤੀ ਜਾਂ ਆਸ਼ਰਿਤ ਬਾਕੀ ਰਕਮ ਕਢਵਾ ਸਕਦੇ ਹਨ ਜਾਂ ਕਿਸ਼ਤਾਂ ਜਾਰੀ ਰੱਖ ਸਕਦੇ ਹਨ। ਹਾਲਾਂਕਿ, ਇਸ ਨੂੰ ਲਾਗੂ ਕਰਨ ਲਈ ਸਬੰਧਤ ਨਿਯਮਾਂ ਵਿੱਚ ਸੋਧ ਹੋਣੀ ਅਜੇ ਬਾਕੀ ਹੈ।
4. ਹੁਣ ਖੁਦ ਵੀ PF ਖਾਤੇ ਵਿੱਚ ਕਰ ਸਕੋਗੇ ਯੋਗਦਾਨ
ਚੌਥਾ ਬਦਲਾਅ ਪੀਐੱਫ ਵਿੱਚ ਯੋਗਦਾਨ ਜਮ੍ਹਾਂ ਕਰਵਾਉਣ ਦੇ ਤਰੀਕੇ ਨਾਲ ਜੁੜਿਆ ਹੈ। EPFO ਅਜਿਹੀ ਪ੍ਰਣਾਲੀ ਤਿਆਰ ਕਰ ਰਿਹਾ ਹੈ, ਜਿਸ ਤਹਿਤ ਲੋਕ ਆਪਣੇ UAN (ਯੂਨੀਵਰਸਲ ਅਕਾਊਂਟ ਨੰਬਰ) ਰਾਹੀਂ ਸਿੱਧੇ ਪੀਐੱਫ ਖਾਤੇ ਵਿੱਚ ਆਪਣੀ ਮਰਜ਼ੀ ਨਾਲ ਯੋਗਦਾਨ ਪਾ ਸਕਣਗੇ।
ਇਸ ਤੋਂ ਇਲਾਵਾ ਤੀਜੀ ਧਿਰ ਰਾਹੀਂ ਵੀ ਪੀਐੱਫ ਖਾਤੇ ਵਿੱਚ ਛੋਟੀਆਂ-ਛੋਟੀਆਂ ਰਕਮਾਂ ਜਮ੍ਹਾਂ ਕਰਵਾਉਣ ਦੀ ਸਹੂਲਤ ਦੇਣ ਦਾ ਪ੍ਰਸਤਾਵ ਹੈ। ਉਦਾਹਰਨ ਵਜੋਂ, ਕਿਸੇ ਡਿਲਿਵਰੀ ਪਾਰਟਨਰ ਨੂੰ ਗਾਹਕ ਵੱਲੋਂ ਮਿਲਣ ਵਾਲੀ ਟਿਪ ਜਾਂ ਕਿਸੇ ਹੋਰ ਵਿਅਕਤੀ ਅਤੇ ਸੰਸਥਾ ਵੱਲੋਂ ਕੀਤਾ ਗਿਆ ਯੋਗਦਾਨ।
