22 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਵਿਸ਼ੇਸ਼ ਕਾਰਜਕਾਰੀ ਮੈਜਿਸਟਰੇਟ ਨੇ ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਆਗੂਆਂ ਸੌਰਵ ਦਾਸ ਤੇ ਆਸ਼ੂਤੋਸ਼ ਰਾਂਕਾ ਦੇ ਅਦਾਲਤੀ ਹਿਰਾਸਤ ਦੀ ਮਿਆਦ ਮੁੱਕਣ ਮਗਰੋਂ ਅੱਜ ਦੇਰ ਰਾਤ ਦੋਵਾਂ ਦੀ ਜੇਲ੍ਹ ’ਚੋਂ ਰਿਹਾਈ ਹੋ ਗਈ। ਪਾਰਟੀ ਦੇ ਸਹਿ-ਕਨਵੀਨਰਾਂ ਨੂੰ ਅੱਜ ਹਿਰਾਸਤ ਦੀ ਮਿਆਦ ਖ਼ਤਮ ਹੋਣ ਮਗਰੋਂ ਮੰਦਰ ਮਾਰਗ ਥਾਣੇ ਵਿੱਚ ਐੱਸ ਈ ਐੱਮ ਕੋਲ ਪੇਸ਼ ਕੀਤਾ ਗਿਆ, ਜਿੱਥੇ ਕਾਰਵਾਈ ਦੌਰਾਨ ਉਨ੍ਹਾਂ ਦੀਆਂ ਜ਼ਾਮਨੀਆਂ ਭਰੀਆਂ ਗਈਆਂ। ਐੱਸ ਈ ਐੱਮ ਰਿਤੂ ਰਾਜ ਨੇ ਜ਼ਾਮਨੀਆਂ ਸਵੀਕਾਰ ਕਰਦਿਆਂ ਦੋਵਾਂ ਦੀ ਰਿਹਾਈ ਦੇ ਹੁਕਮ ਦਿੱਤੇ।
ਸੌਰਵ ਦਾਸ ਤੇ ਰਾਂਕਾ ਨੂੰ 14 ਅਕਤੂਬਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਇਨ੍ਹਾਂ ’ਤੇ ਦੋਸ਼ ਹੈ ਕਿ ਉਹ ਜੰਤਰ ਮੰਤਰ, ਜਿੱਥੇ ਹੁਣ ਮੁਜ਼ਾਹਰੇ ਕਰਨ ਦੀ ਇਜਾਜ਼ਤ ਨਹੀਂ ਹੈ, ਵਿੱਚ ਦਾਖ਼ਲ ਹੋਏ ਅਤੇ ਸ਼ਾਂਤੀ ਬਣਾਈ ਰੱਖਣ ਸਬੰਧੀ ਦਿੱਤੇ ਗਏ ਮੁਚੱਲਕਿਆਂ ਦੀ ਉਲੰਘਣਾ ਕੀਤੀ। ਮਗਰੋਂ ਕੋਰਟ ਨੇ ਇਨ੍ਹਾਂ ਨੂੰ ਪੰਜ ਦਿਨਾ ਅਦਾਲਤੀ ਹਿਰਾਸਤ ਵਿੱਚ ਭੇਜ ਦਿੱਤਾ ਸੀ। ਸੋਮਵਾਰ (19 ਅਕਤੂਬਰ) ਨੂੰ ਇਨ੍ਹਾਂ ਦੇ ਅਦਾਲਤੀ ਹਿਰਾਸਤ ਦੀ ਮਿਆਦ ਦੋ ਦਿਨ ਹੋਰ ਵਧਾ ਦਿੱਤੀ ਗਈ, ਜੋ ਅੱਜ ਖ਼ਤਮ ਹੋ ਗਈ ਸੀ। ਸੁਣਵਾਈ ਦੌਰਾਨ ਦਿੱਲੀ ਪੁਲੀਸ ਦੀ ਟੀਮ ਨੇ ਅਦਾਲਤੀ ਹਿਰਾਸਤ ’ਚ ਪੰਜ ਦਿਨਾਂ ਦੇ ਵਾਧੇ ਦੀ ਮੰਗ ਕੀਤੀ ਸੀ।
ਉੱਧਰ, ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੀ ਜੇ ਪੀ ਆਗੂਆਂ ਦੀ ਰਿਹਾਈ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਪੂਰਾ ਦੇਸ਼ ਉਨ੍ਹਾਂ ਨਾਲ ਖੜ੍ਹਾ ਹੈ। ਸਾਬਕਾ ਮੁੱਖ ਮੰਤਰੀ ਨੇ ਐਕਸ ਉੱਤੇ ਕਿਹਾ, ‘‘ਆਸ਼ੂਤੋਸ਼ ਤੇ ਸੌਰਵ ਨੂੰ ਜ਼ਮਾਨਤ ਮਿਲਣ ਦੀ ਵਧਾਈ। ਦੇਸ਼ ਲਈ ਇੰਝ ਹੀ ਲੜਾਈ ਲੜਦੇ ਰਹੋ। ਪੂਰਾ ਦੇਸ਼ ਤੁਹਾਡੇ ਨਾਲ ਖੜ੍ਹਾ ਹੈ।’’
