22 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਦੇਸ਼ ਦੇ ਸਭ ਤੋਂ ਵੱਡੇ ਭਾਰਤੀ ਬੈਂਕ ਸਟੇਟ ਬੈਂਕ (ਐੱਸ ਬੀ ਆਈ) ਨੇ ਦੱਸਿਆ ਕਿ ਉਹ ਡਾਰਕ ਵੈੱਬ ’ਤੇ ਆਪਣੇ 3,897 ਗਾਹਕਾਂ ਦੇ ਨਿੱਜੀ ਰਿਕਾਰਡ ਲੀਕ ਹੋਣ ਦੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਬੈਂਕ ਨੂੰ 16 ਅਕਤੂਬਰ ਨੂੰ ਡਿਫੈਂਸ ਸਾਈਬਰ ਏਜੰਸੀ ਅਤੇ ਸੀ ਈ ਆਰ ਟੀ-ਇਨ ਵੱਲੋਂ ਇਸ ਸਬੰਧੀ ਚਿਤਾਵਨੀ ਮਿਲੀ ਸੀ। ਬੈਂਕ ਮੁਤਾਬਕ ਡਾਰਕ ਵੈੱਬ ’ਤੇ ਮੌਜੂਦ ਤਕਰੀਬਨ 3.75 ਲੱਖ ਰਿਕਾਰਡਾਂ ਦੀ ਮੁੱਢਲੀ ਜਾਂਚ ’ਚੋਂ 3,897 ਗਾਹਕਾਂ ਦੇ ਸੰਵੇਦਨਸ਼ੀਲ ਰਿਕਾਰਡ ਮਿਲੇ ਹਨ। ਇਨ੍ਹਾਂ ਵਿੱਚ ਰਜਿਸਟਰਡ ਮੋਬਾਈਲ ਨੰਬਰ, ਜਨਮ ਤਰੀਕ, ਨਾਮ, ਲਿੰਗ, ਈਮੇਲ ਅਤੇ ਰਿਹਾਇਸ਼ੀ ਪਤੇ ਸ਼ਾਮਲ ਹਨ। ਇਸ ਤੋਂ ਇਲਾਵਾ ਬਰਾਂਚ, ਸੀ ਆਈ ਐੱਫ ਅਤੇ ਕਰਜ਼ੇ ਨਾਲ ਸਬੰਧਤ ਹੋਰ ਫਾਈਲਾਂ ਵੀ ਲੀਕ ਹੋਈਆਂ ਹਨ।

ਐੱਸ ਬੀ ਆਈ ਨੇ ਕਿਹਾ ਕਿ ਅੰਕੜਿਆਂ ਦੀ ਪ੍ਰਮਾਣਿਕਤਾ, ਲੀਕ ਹੋਣ ਦੇ ਸਰੋਤ ਅਤੇ ਖ਼ਤਰਿਆਂ ਦਾ ਪਤਾ ਲਾਉਣ ਲਈ ਡੂੰਘਾਈ ਨਾਲ ਜਾਂਚ ਦੀ ਲੋੜ ਹੈ। ਬੈਂਕ ਨੇ ਆਪਣੇ ਸਾਈਬਰ ਸੁਰੱਖਿਆ ਪ੍ਰੋਟੋਕੋਲ ਲਾਗੂ ਕਰ ਦਿੱਤੇ ਹਨ ਅਤੇ ਸੀ ਈ ਆਰ ਟੀ-ਇਨ ਦੀ ਮਾਨਤਾ ਪ੍ਰਾਪਤ ਆਜ਼ਾਦ ਏਜੰਸੀ ਨੂੰ ਜਾਂਚ ਸੌਂਪੀ ਹੈ। ਬੈਂਕ ਅਨੁਸਾਰ ਇਸ ਘਟਨਾ ਦਾ ਉਸ ਦੇ ਮੁੱਖ ਅਤੇ ਵਿੱਤੀ ਕੰਮਕਾਜ ’ਤੇ ਕੋਈ ਅਸਰ ਨਹੀਂ ਪਿਆ।

ਪਿਛਲੇ ਹਫ਼ਤੇ ਸੀ ਈ ਆਰ ਟੀ-ਇਨ ਨੇ ਐਡਵਾਈਜ਼ਰੀ ਜਾਰੀ ਕਰ ਕੇ ਚਿਤਾਵਨੀ ਦਿੱਤੀ ਸੀ ਕਿ ਆਟੋਨੋਮਸ ਏ ਆਈ ਏਜੰਟਾਂ ਨੇ ਭਾਰਤੀ ਸੰਸਥਾਵਾਂ ਦੇ ਲਾਈਵ ਸਿਸਟਮਾਂ ਅਤੇ ਖੁਫ਼ੀਆ ਡੇਟਾ ਤੱਕ ਗ਼ੈਰ-ਕਾਨੂੰਨੀ ਪਹੁੰਚ ਕੀਤੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।