22 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ਜੰਗ ਖ਼ਤਮ ਕਰਨ ਬਾਰੇ ਵਾਸ਼ਿੰਗਟਨ ਅਤੇ ਕੀਵ ਨਾਲ ਤਿੰਨ ਧਿਰੀ ਗੱਲਬਾਤ ਮੁੜ ਸ਼ੁਰੂ ਕਰਨ ਦੀ ਸਹਿਮਤੀ ਦਿੱਤੀ ਹੈ। ਪੂਤਿਨ ਦੇ ਵਿਦੇਸ਼ ਮਾਮਲਿਆਂ ਬਾਰੇ ਸਲਾਹਕਾਰ ਯੁਰੀ ਉਸ਼ਾਕੋਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰੂਸੀ ਸਦਰ 10 ਨਵੰਬਰ ਤੋਂ ਬਾਅਦ ਗੱਲਬਾਤ ਮੁੜ ਸ਼ੁਰੂ ਕਰਨ ਲਈ ‘ਸਿਧਾਂਤਕ ਤੌਰ ’ਤੇ’ ਸਹਿਮਤ ਹੋ ਗਏ ਹਨ। ਉਨ੍ਹਾਂ ਸੇਂਟ ਪੀਟਰਜ਼ਬਰਗ ਵਿੱਚ ਪੂਤਿਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਏਲਚੀ ਸਟੀਵ ਵਿਟਕੌਫ ਦਰਮਿਆਨ ਹੋਈ ਬੈਠਕ ਤੋਂ ਬਾਅਦ ਇਹ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਤਿੰਨ ਧਿਰੀ ਗੱਲਬਾਤ ‘ਟਕਰਾਅ ਖ਼ਤਮ ਹੋਣ ਮਗਰੋਂ ਰੂਸ ਅਤੇ ਯੂਕਰੇਨ ਲਈ ਸੁਰੱਖਿਆ ਪ੍ਰਣਾਲੀ ਕਾਇਮ ਕਰਨ’ ਉੱਤੇ ਕੇਂਦਰਤ ਹੋਵੇਗੀ।

ਇਸ ਤੋਂ ਪਹਿਲਾਂ ਵਿਟਕੌਫ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਯੂਕਰੇਨ ’ਤੇ ਰੂਸੀ ਹਮਲਿਆਂ ਬਾਰੇ ਗੱਲਬਾਤ ਕੀਤੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਲੜਾਈ ਰੋਕਣ ਲਈ ਕੀਵ (ਯੂਕਰੇਨ) ’ਤੇ ਸਮਝੌਤਾ ਕਰਨ ਲਈ ਜ਼ੋਰ ਪਾ ਰਹੇ ਹਨ। ਪੂਤਿਨ ਨੇ ਕਿਹਾ ਕਿ ਉਹ ਅਮਰੀਕਾ-ਰੂਸ ਆਰਥਿਕ ਸਬੰਧਾਂ ਦੀ ਬਹਾਲੀ ਦੀਆਂ ਸੰਭਾਵਨਾਵਾਂ ’ਤੇ ਚਰਚਾ ਲਈ ਤਿਆਰ ਹਨ ਅਤੇ ਉਹ ਇਰਾਨ-ਅਮਰੀਕਾ ਟਕਰਾਅ ਬਾਰੇ ਗੱਲਬਾਤ ਕਰਨ ਤੇ ਅਮਨ ਬਹਾਲੀ ਵਿਚ ਮਦਦ ਲਈ ਤਹਿਰਾਨ ਨਾਲ ਆਪਣੇ ਵਿਸ਼ੇਸ਼ ਰਿਸ਼ਤਿਆਂ ਦੀ ਵਰਤੋਂ ਕਰਨ ਲਈ ਵੀ ਤਿਆਰ ਹਨ।

ਪੂਤਿਨ ਨੇ ਜੰਗ ਦੇ ਖ਼ਾਤਮੇ ਲਈ ਕੀਤੇ ਜਾ ਰਹੇ ਯਤਨਾਂ ਵਾਸਤੇ ਟਰੰਪ ਤੇ ਵਿਟਕੌਫ ਦਾ ਧੰਨਵਾਦ ਕੀਤਾ। ਵਿਟਕੌਫ ਨਾਰਵੇ ਦੀ ਰਾਜਧਾਨੀ ਓਸਲੋ ਵਿੱਚ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਅਤੇ ਕੁਝ ਯੂਰਪੀ ਆਗੂਆਂ ਨਾਲ ਮੁਲਾਕਾਤ ਕਰਨ ਤੋਂ ਇੱਕ ਦਿਨ ਬਾਅਦ ਮਾਸਕੋ ਪੁੱਜੇ ਹਨ। ਵਿਟਕੌਫ ਦੀਆਂ ਮੀਟਿੰਗਾਂ ਤੋਂ ਸੰਕੇਤ ਮਿਲਦਾ ਹੈ ਕਿ ਆਗੂ ਅਮਰੀਕਾ ਦੀ ਅਗਵਾਈ ਵਾਲੀਆਂ ਸ਼ਾਂਤੀ ਕੋਸ਼ਿਸ਼ਾਂ ਵਿੱਚ ਨਵੀਂ ਰਫ਼ਤਾਰ ਲਿਆਉਣ ਦੇ ਇੱਛੁਕ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।