ਅੰਮ੍ਰਿਤਸਰ 12 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਨੇ ਦੋ ਹੋਰ ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਅੰਮ੍ਰਿਤਸਰ ਦੀ ਅਜਨਾਲਾ ਵਿਧਾਨ ਸਭਾ ਸੀਟ ਤੋਂ ਦਲਜੀਤ ਸਿੰਘ ਕਲਸੀ ਅਤੇ ਮੋਗਾ ਵਿਧਾਨ ਸਭਾ ਸੀਟ ਤੋਂ ਗੁਰਮੀਤ ਸਿੰਘ ਬੁੱਕਣਵਾਲਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਦੋਵੇਂ ਉਮੀਦਵਾਰ ਫਿਲਹਾਲ ਜੇਲ੍ਹ ‘ਚ ਬੰਦ ਹਨ। ਦਲਜੀਤ ਸਿੰਘ ਕਲਸੀ ਅਤੇ ਗੁਰਮੀਤ ਸਿੰਘ ਬੁੱਕਣਵਾਲਾ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਤਹਿਤ ਹਿਰਾਸਤ ‘ਚ ਰੱਖਿਆ ਗਿਆ ਹੈ। ਦੋਵਾਂ ਨੂੰ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਮੰਨਿਆ ਜਾਂਦਾ ਹੈ। ਅੰਮ੍ਰਿਤਪਾਲ ਸਿੰਘ ਵੀ ਡਿਬਰੂਗੜ੍ਹ ਜੇਲ੍ਹ ‘ਚ ਬੰਦ ਹਨ ਅਤੇ ਲੋਕ ਸਭਾ ਚੋਣਾਂ ਜੇਲ੍ਹ ਤੋਂ ਲੜ ਕੇ ਜਿੱਤੇ ਸਨ।
ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਅੰਮ੍ਰਿਤਸਰ ‘ਚ ਦੋਵਾਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਪਾਰਟੀ ਦਾ ਕਹਿਣਾ ਹੈ ਕਿ ਜੇਲ੍ਹ ‘ਚ ਬੰਦ ਹੋਣ ਦੇ ਬਾਵਜੂਦ ਉਮੀਦਵਾਰ ਚੋਣ ਮੈਦਾਨ ‘ਚ ਉਤਰਨਗੇ। ਇਸ ਤੋਂ ਪਹਿਲਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਬਸੀ ਪਠਾਣਾ ਵਿਧਾਨ ਸਭਾ ਸੀਟ ਤੋਂ ਸਤਵੰਤ ਸਿੰਘ ਨੂੰ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਸੀ। ਸਤਵੰਤ ਸਿੰਘ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਕੇਸ ‘ਚ ਦੋਸ਼ੀ ਠਹਿਰਾਏ ਗਏ ਕੇਹਰ ਸਿੰਘ ਦੇ ਪੁੱਤਰ ਹਨ।
ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵੱਲੋਂ ਲਗਾਤਾਰ ਉਮੀਦਵਾਰਾਂ ਦੇ ਨਾਂ ਘੋਸ਼ਿਤ ਕੀਤੇ ਜਾਣ ਨਾਲ ਪੰਜਾਬ ਦੀ ਰਾਜਨੀਤੀ ‘ਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਵਧਣ ਲੱਗੀਆਂ ਹਨ। ਪਾਰਟੀ ਜੇਲ੍ਹ ‘ਚ ਬੰਦ ਨੇਤਾਵਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਚੋਣ ਮੈਦਾਨ ‘ਚ ਉਤਾਰ ਕੇ ਸਿਆਸੀ ਸੰਦੇਸ਼ ਦੇਣ ਦੀ ਤਿਆਰੀ ‘ਚ ਹੈ। ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ‘ਚ ਰਹਿੰਦਿਆਂ ਪਾਰਟੀ ਦੀ ਚੋਣ ਰਣਨੀਤੀ ‘ਤੇ ਵੀ ਸਿਆਸੀ ਪਾਰਟੀਆਂ ਦੀ ਨਜ਼ਰ ਬਣੀ ਹੋਈ ਹੈ। 2027 ਦੇ ਵਿਧਾਨ ਸਭਾ ਚੋਣਾਂ ‘ਚ ਵਾਰਿਸ ਪੰਜਾਬ ਦੇ ਦੇ ਉਮੀਦਵਾਰ ਕਿੰਨੀਆਂ ਸੀਟਾਂ ‘ਤੇ ਮੈਦਾਨ ‘ਚ ਉਤਰਨਗੇ, ਇਸ ਨੂੰ ਲੈ ਕੇ ਆਉਣ ਵਾਲੇ ਦਿਨਾਂ ‘ਚ ਤਸਵੀਰ ਹੋਰ ਸਾਫ਼ ਹੋਣ ਦੀ ਸੰਭਾਵਨਾ ਹੈ।
