ਲੁਧਿਆਣਾ 13 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ’ਚ ਕਾਂਗਰਸ ਪਾਰਟੀ ਵੱਲੋਂ ‘ਜਵਾਨੀ ਸੰਭਾਲ ਯਾਤਰਾ, ਪੰਜਾਬ ਮੰਗਦਾ ਇਨਸਾਫ਼’ ਤਹਿਤ ਕੱਢੀ ਜਾ ਰਹੀ ਸਾਈਕਲ ਯਾਤਰਾ ਸ਼ੁੱਕਰਵਾਰ ਨੂੰ ਲੁਧਿਆਣਾ ਪਹੁੰਚੀ।
ਇਸ ਯਾਤਰਾ ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਕਰਮਜੀਤ ਸਿੰਘ ਬਾਜਵਾ ਸਮੇਤ ਕਾਂਗਰਸ ਦੇ ਕਈ ਸੀਨੀਅਰ ਆਗੂ ਅਤੇ ਪਾਰਟੀ ਵਰਕਰ ਸ਼ਾਮਲ ਹੋਏ।

ਹਾਲਾਂਕਿ, ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੂਜੇ ਦਿਨ ਵੀ ਨਜ਼ਰ ਨਹੀਂ ਆਏ। ਯਾਤਰਾ ਦੌਰਾਨ ਚੰਡੀਗੜ੍ਹ ਰੋਡ ਦੇ ਝੱਬੇਵਾਲ, ਜਮਾਲਪੁਰ ਸਮੇਤ ਆਸ-ਪਾਸ ਦੇ ਇਲਾਕਿਆਂ ’ਚ ਕਾਂਗਰਸੀ ਆਗੂਆਂ ਦਾ ਥਾਂ-ਥਾਂ ‘ਤੇ ਸਵਾਗਤ ਕੀਤਾ ਗਿਆ। ਲਗਾਤਾਰ ਦੂਜੇ ਦਿਨ ਗੈਰ-ਮੌਜੂਦਗੀ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਸਭ ਠੀਕ ਹੋਣ ਦੇ ਦਾਅਵਿਆਂ ‘ਤੇ ਸਵਾਲ ਉੱਠਣ ਲੱਗੇ ਹਨ। ਹਾਲਾਂਕਿ ਸੂਚਨਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੇ ਰੁਝੇਵਿਆਂ ਭਰੇ ਸ਼ਡਿਊਲ ਕਾਰਨ ਸ਼ਹਿਰ ਤੋਂ ਬਾਹਰ ਹਨ।

ਮੁੱਖ ਸੜਕ ‘ਤੇ ਯਾਤਰਾ ਦੇ ਪਹੁੰਚਣ ਦੌਰਾਨ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਵਿਚਕਾਰ ਦੇਖ ਕੇ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਨਾਲ ਸੈਲਫੀ ਲੈਣ ਲਈ ਉਮੜ ਪਏ। ਨੌਜਵਾਨਾਂ ਦੇ ਨਾਲ-ਨਾਲ ਸਥਾਨਕ ਲੋਕਾਂ ਨੇ ਵੀ ਉਨ੍ਹਾਂ ਨਾਲ ਤਸਵੀਰਾਂ ਖਿਚਵਾ ਕੇ ਆਪਣਾ ਉਤਸ਼ਾਹ ਜ਼ਾਹਰ ਕੀਤਾ।
