ਰੂਪਨਗਰ, 21 ਫ਼ਰਵਰੀ ( ਪੰਜਾਬੀ ਖ਼ਬਰਨਾਮਾ)
ਪੰਜਾਬ ਸਰਕਾਰ ਤੋਂ ਪ੍ਰਾਪਤ ਵਿੱਤੀ ਗ੍ਰਾਂਟ ਤਹਿਤ ਹੁਨਰ ਸੁਧਾਰ ਅਤੇ ਵਿਦਿਆਰਥੀ ਵਿਕਾਸ ਦੇ ਉਦੇਸ਼ ਤਹਿਤ ਵਿਦਿਆਰਥੀਆਂ ਵੱਲੋਂ ਐਕਟਿਵ ਕਲੋਥਿੰਗ ਇੰਡਸਟਰੀ ਬਡਾਲੀ ਆਲ਼ਾ ਸਿੰਘ ਸ੍ਰੀ ਫਤਹਿਗੜ੍ਹ ਸਾਹਿਬ ਦਾ ਦੌਰਾ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਤੋਂ ਪ੍ਰਾਪਤ ਹੋਈ ਵਿੱਤੀ ਗ੍ਰਾਂਟ ਨਾਲ ਵਿਦਿਆਰਥੀਆਂ ਲਈ ਕਿੱਤੇ ਨਾਲ ਸਬੰਧਤ ਉਦਯੋਗਿਕ ਇਕਾਈਆਂ ਦੇ ਦੌਰੇ ਕਰਵਾਏ ਜਾ ਰਹੇ ਹਨ ਅਤੇ ਉਨ੍ਹਾਂ ਨੇ ਹਰੀ ਝੰਡੀ ਦੇ ਕੇ ਵਿਦਿਆਰਥੀਆਂ ਨੂੰ ਇਸ ਦੌਰੇ ਲਈ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਉਦਯੋਗਿਕ ਦੌਰਿਆਂ ਨਾਲ ਵਿਦਿਆਰਥੀਆਂ ਵਿੱਚ ਚੰਗੇ ਉੱਦਮੀ ਬਣਨ ਲਈ ਉਤਸ਼ਾਹ ਪੈਦਾ ਹੋਵੇਗਾ।
ਪਲੇਸਮੈਂਟ ਸੈੱਲ ਦੇ ਕਨਵੀਨਰ ਪ੍ਰੋ. ਅਰਵਿੰਦਰ ਕੌਰ, ਡਾ. ਦਲਵਿੰਦਰ ਸਿੰਘ, ਪ੍ਰੋ. ਕੁਲਵਿੰਦਰ ਕੌਰ, ਪ੍ਰੋ. ਕੀਰਤੀ ਭਾਗੀਰਥ ਅਤੇ ਪ੍ਰੋ. ਜਗਜੀਤ ਸਿੰਘ ਦੀ ਅਗਵਾਈ ਹੇਠ 100 ਵਿਦਿਆਰਥੀਆਂ ਵੱਲੋਂ ਇਸ ਦੌਰੇ ਦਾ ਲਾਭ ਉਠਾਇਆ ਗਿਆ।
ਇੰਡਸਟਰੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਰਾਜੇਸ਼ ਮਹਿਰਾ ਅਤੇ ਸੀ.ਈ.ਓ. ਕਲਿਕਾ ਮਹਿਰਾ ਨੇ ਵਿਦਿਆਰਥੀਆਂ ਨੂੰ ਯੂਨਿਟ ਬਾਰੇ ਜਾਣਕਾਰੀ ਹਾਸਲ ਕਰਨ ਦੀ ਆਗਿਆ ਦਿੱਤੀ। ਐੱਚ.ਆਰ. ਹੈੱਡ ਰਾਜੀਵ ਖੰਨਾਂ ਨੇ ਵਿਦਿਆਰਥੀਆਂ ਨੂੰ 25-25 ਦੇ ਗਰੁੱਪਾਂ ਵਿੱਚ ਵੰਡ ਕੇ ਯੂਨਿਟ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਅਤੇ ਕਪੜੇ ਦੀ ਬੁਣਾਈ ਤੇ ਉਣਾਈ ਸਬੰਧੀ ਵੀ ਵਿਵਹਾਰਕ ਜਾਣਕਾਰੀ ਦਿੱਤੀ। ਇੰਡਸਟਰੀ ਦੇ ਮੈਨੇਜਰ ਜਤਿਨ ਖੁਰਾਨਾ ਅਤੇ ਐੱਚ.ਆਰ ਐਗਜੀਕਿਊਟਿਵ ਕਰਨ ਸਿੰਘ ਨੇ ਧਾਗੇ ਅਤੇ ਕੱਪੜਿਆਂ ਤੇ ਲੱਗਣ ਵਾਲੇ ਟੈਗ ਦੀ ਸਟੋਰੇਜ, ਕੱਪੜਿਆਂ ਦੀ ਬੁਣਾਈ, ਧੁਆਈ, ਫਿਨਿਸ਼ਿੰਗ ਅਤੇ ਪੈਕਿੰਗ ਸਬੰਧੀ ਵਿਸਥਾਰ ਪੂਰਵਿਕ ਜਾਣਕਾਰੀ ਦਿੱਤੀ ਅਤੇ ਪੂਰੇ ਯੁਨਿਟ ਦਾ ਦੌਰਾ ਕਰਵਾਉਂਦੇ ਸਮੇਂ ਮਸ਼ੀਨਾਂ ਬਾਰੇ ਅਤੇ ਰਿਸਰਚ ਲੈਬ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ।
ਵਾਪਸੀ ਸਮੇਂ ਵਿਦਿਆਰਥੀਆਂ ਨੇ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਦਰਸ਼ਨ ਕੀਤੇ ਅਤੇ ਫਤਹਿ ਬੁਰਜ, ਚੱਪੜਚਿੜੀ ਵੀ ਦੇਖਿਆ।
ਇਹ ਦੌਰਾ ਵਿਦਿਆਰਥੀਆਂ ਲਈ ਟੈਕਸਟਾਈਲ ਇੰਡਸਟਰੀ ਵਿੱਚ ਹੁੰਦੇ ਸਾਰੇ ਕੰਮਾਂ ਦੀ ਜਾਣਕਾਰੀ ਹਾਸਲ ਕਰਨ ਲਈ ਵਧੀਆ ਮੌਕਾ ਰਿਹਾ। ਯੂਨਿਟ ਵੱਲੋਂ ਚਾਹਵਾਨ ਵਿਦਿਆਰਥੀਆਂ ਨੂੰ ਟ੍ਰੇਨਿੰਗ ਅਤੇ ਪਲੇਸਮੈਂਟ ਲਈ ਹਰ ਤਰ੍ਹਾ ਦੀ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ।