ਨਵੀਂ ਦਿੱਲੀ 15 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ) : NEET ਪੇਪਰ ਲੀਕ ਤੇ CBSE ਦੇ ਆਨ-ਸਕ੍ਰੀਨ ਮਾਰਕਿੰਗ ਸਿਸਟਮ ਨੂੰ ਲੈ ਕੇ ਬੇਂਗਲੁਰੂ ‘ਚ ਹੋਏ ਵਿਰੋਧ ਪ੍ਰਦਰਸ਼ਨ ‘ਚ ਅਦਾਕਾਰ ਪ੍ਰਕਾਸ਼ ਰਾਜ, ਕਲਾਈਮੇਟ ਐਕਟੀਵਿਸਟ ਤੇ ਸਿੱਖਿਆ ਸ਼ਾਸਤਰੀ ਸੋਨਮ ਵਾਂਗਚੁਕ ਤੇ CJP (ਕਾਕਰੋਚ ਜਨਤਾ ਪਾਰਟੀ) ਦੇ ਫਾਊਂਡਰ ਅਭਿਜੀਤ ਦੀਪਕੇ ਸ਼ਾਮਲ ਹੋਏ। ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਨਹਿਤ ਦੇ ਮੁੱਦਿਆਂ ‘ਤੇ ਆਵਾਜ਼ ਉਠਾਉਣ ਕਾਰਨ ਐਕਟੀਵਿਸਟਾਂ ਨੂੰ ਪਾਕਿਸਤਾਨੀ ਜਾਂ ਦੇਸ਼ ਧ੍ਰੋਹੀ ਕਹਿ ਕੇ ਡਰਾਇਆ ਨਹੀਂ ਜਾ ਸਕੇਗਾ।

ਦਿੱਲੀ ਤੋਂ ਬਾਅਦ ਬੇਂਗਲੁਰੂ ‘ਚ ਅੰਦੋਲਨ’

ਭਾਰੀ ਬਾਰਿਸ਼ ਦੇ ਬਾਵਜੂਦ ਫ੍ਰੀਡਮ ਪਾਰਕ ‘ਚ ਹੋਈ ਇਹ ਰੈਲੀ, ਪ੍ਰੀਖਿਆ ਨਾਲ ਜੁੜੀਆਂ ਬੇਨਿਯਮੀਆਂ ਲਈ ਜਵਾਬਦੇਹੀ ਦੀ ਮੰਗ ਨੂੰ ਲੈ ਕੇ CJP ਵੱਲੋਂ ਸ਼ੁਰੂ ਕੀਤੀ ਗਈ ਦੇਸ਼ ਵਿਆਪੀ ਮੁਹਿੰਮ ਦਾ ਹਿੱਸਾ ਸੀ। ਪਾਰਟੀ ਨੇ ਇਸ ਅੰਦੋਲਨ ਨੂੰ 20 ਜੂਨ ਨੂੰ ਨਵੀਂ ਦਿੱਲੀ ਦੇ ਜੰਤਰ-ਮੰਤਰ ਤੋਂ ਸ਼ੁਰੂ ਕੀਤਾ ਸੀ।

ਪਾਕਿਸਤਾਨੀ ਕਹਿ ਕੇ ਚੁੱਪ ਨਹੀਂ ਕਰਵਾਇਆ ਜਾ ਸਕਦਾ : ਪ੍ਰਕਾਸ਼ ਰਾਜ

ਭੀੜ ਨੂੰ ਸੰਬੋਧਨ ਕਰਦਿਆਂ ਪ੍ਰਕਾਸ਼ ਰਾਜ (Prakash Raj) ਨੇ ਕਿਹਾ ਕਿ ਕਾਰਕੁਨਾਂ ਨੂੰ ਦੇਸ਼-ਵਿਰੋਧੀ, ਪਾਕਿਸਤਾਨੀ ਜਾਂ ਗੱਦਾਰ ਦੱਸ ਕੇ ਚੁੱਪ ਨਹੀਂ ਕਰਵਾਇਆ ਜਾ ਸਕਦਾ। ਇਸ ਤੋਂ ਬਾਅਦ ਉਨ੍ਹਾਂ ਨੌਜਵਾਨਾਂ ਨੂੰ ਆਪਣੇ ਭਵਿੱਖ ਦੀ ਵਾਗਡੋਰ ਸੰਭਾਲਣ ਦੀ ਅਪੀਲ ਕੀਤੀ ਤੇ ਚੁਣੇ ਹੋਏ ਆਗੂਆਂ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਨਾ ਕਰ ਪਾਉਣ ਦੀ ਨਾਕਾਮੀ ਦੀ ਆਲੋਚਨਾ ਕੀਤੀ।

ਰਾਜ ਨੇ ਕਿਹਾ, ‘ਤੁਸੀਂ ਸਾਨੂੰ ਡਰਾਉਣ ਅਤੇ ਸਾਡੀ ਆਵਾਜ਼ ਦਬਾਉਣ ਲਈ ਪਾਕਿਸਤਾਨੀ ਜਾਂ ਗੱਦਾਰ ਕਹਿ ਸਕਦੇ ਹੋ, ਪਰ ਅਸੀਂ ਡਰਨ ਵਾਲੇ ਨਹੀਂ ਹਾਂ’। ਉਨ੍ਹਾਂ ਕਿਹਾ, “ਚੁਣੇ ਹੋਏ ਨੇਤਾਵਾਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ। ਤੁਸੀਂ ਸਮੀਕਰਨ ਕਿਉਂ ਬਦਲ ਦਿੱਤਾ? ਤੁਸੀਂ ਰਾਜਨੀਤੀ ਕਰ ਰਹੇ ਹੋ, ਜਦਕਿ ਸਾਨੂੰ ਆਪਣਾ ਕੰਮ ਕਰਨਾ ਹੈ। ਨਹੀਂ! ਦੇਸ਼ ਦੇ ਨੌਜਵਾਨਾਂ ਨੇ ਆਪਣੀ ਲੜਾਈ ਖੁਦ ਲੜਨ ਦਾ ਫੈਸਲਾ ਕੀਤਾ ਹੈ।’

ਸੀਜੇਪੀ ਨੇ ਕੀਤੀ ਇਹ ਮੰਗ

ਇਸ ਤੋਂ ਪਹਿਲਾਂ ਲਖਨਊ ‘ਚ ਬੋਲਦਿਆਂ CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਕਿਹਾ ਕਿ ਜਦੋਂ ਤਕ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਅਸਤੀਫਾ ਨਹੀਂ ਦਿੰਦੇ, ਉਦੋਂ ਤਕ ਵਿਰੋਧ ਪ੍ਰਦਰਸ਼ਨ ਜਾਰੀ ਰਹਿਣਗੇ। ਉਨ੍ਹਾਂ ਨੇ ਦੇਸ਼ ਭਰ ਦੇ ਵਿਦਿਆਰਥੀਆਂ ਨੂੰ 20 ਜੂਨ ਨੂੰ ਜੰਤਰ-ਮੰਤਰ ‘ਤੇ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।

CJP ਬਾਰੇ

‘ਕਾਕਰੋਚ ਜਨਤਾ ਪਾਰਟੀ’ (CJP) ਇਕ ਵਿਅੰਗਾਤਮਕ ਰਾਜਨੀਤਕ ਅੰਦੋਲਨ ਅਤੇ ਆਨਲਾਈਨ ਸਮੂਹ ਹੈ, ਜਿਸਦੀ ਸਥਾਪਨਾ ਮਈ 2026 ‘ਚ ਰਾਜਨੀਤਕ ਰਣਨੀਤੀਕਾਰ ਅਭਿਜੀਤ ਦੀਪਕੇ ਨੇ ਕੀਤੀ ਸੀ। ਇਹ ਸਮੂਹ ਉਦੋਂ ਹੋਂਦ ‘ਚ ਆਇਆ ਜਦੋਂ ਭਾਰਤ ਦੇ ਮੁੱਖ ਜੱਜ ਸੂਰਿਆਕਾਂਤ ਦੀ ਉਸ ਟਿੱਪਣੀ ‘ਤੇ ਵਿਆਪਕ ਬਹਿਸ ਤੇ ਆਲੋਚਨਾ ਹੋਈ, ਜਿਸ ਵਿਚ ਉਨ੍ਹਾਂ ਨੇ ਬੇਰੁਜ਼ਗਾਰ ਨੌਜਵਾਨਾਂ ਤੇ ਕਾਰਕੁਨਾਂ ਦੀ ਤੁਲਨਾ ‘ਕਾਕਰੋਚ’ ਨਾਲ ਕੀਤੀ ਸੀ। ਉਦੋਂ ਤੋਂ CJP ਨੌਜਵਾਨਾਂ ਦੀ ਅਗਵਾਈ ਵਾਲੀ ਇਕ ਅਜਿਹੀ ਮੁਹਿੰਮ ਵਜੋਂ ਵਿਕਸਤ ਹੋਇਆ ਹੈ ਜੋ ਬੇਰੁਜ਼ਗਾਰੀ, ਪ੍ਰੀਖਿਆ ‘ਚ ਬੇਨਿਯਮੀਆਂ ਤੇ ਜਨਤਕ ਸੰਸਥਾਵਾਂ ‘ਚ ਜਵਾਬਦੇਹੀ ਵਰਗੇ ਮੁੱਦਿਆਂ ‘ਤੇ ਕੇਂਦਰਿਤ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।