ਗੁਰਦਾਸਪੁਰ, 20 ਫਰਵਰੀ (ਪੰਜਾਬੀ ਖ਼ਬਰਨਾਮਾ)
ਪਸ਼ੂ ਪਾਲਣ ਵਿਭਾਗ ਵੱਲੋਂ ਕਿਸਾਨਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਹਾਇਕ ਧੰਦੇ ਮੁਰਗ਼ੀ ਪਾਲਣ ਦੇ ਕਿੱਤੇ ਸਬੰਧੀ ਵਿਸ਼ੇਸ਼ ਟਰੇਨਿੰਗ ਸਰਕਾਰੀ ਸੂਰ ਫਾਰਮ ਸੱਦਾ ਵਿਖੇ ਜਾਰੀ ਹੈ। ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ, ਗੁਰਦਾਸਪੁਰ, ਡਾ. ਸ਼ਾਮ ਸਿੰਘ ਨੇ ਦੱਸਿਆ ਕਿ ਇਸ ਟਰੇਨਿੰਗ ਵਿੱਚ 45 ਸਿੱਖਿਆਰਥੀ ਭਾਗ ਲੈ ਰਹੇ ਹਨ ਅਤੇ ਪੋਲਟਰੀ ਇੰਸਪੈਕਟਰ ਜਸਕਰਨਜੀਤ ਸਿੰਘ ਵੱਲੋਂ ਸਿੱਖਿਆਰਥੀਆਂ ਨੂੰ ਪੋਲਟਰੀ ਫਾਰਮ ਸ਼ੁਰੂ ਕਰਨ ਦੇ ਗੁਰ ਦੱਸੇ ਜਾ ਰਹੇ ਹਨ।
ਡਾ. ਸ਼ਾਮ ਸਿੰਘ ਨੇ ਕਿਹਾ ਕਿ 5 ਰੋਜ਼ਾ ਇਸ ਟਰੇਨਿੰਗ ਵਿੱਚ ਮੁਰਗ਼ੀ ਪਾਲਣ ਕਿੱਤੇ ਦੀਆਂ ਸਾਰੀਆਂ ਬਾਰੀਕੀਆਂ, ਮੁਰਗ਼ੀਆਂ ਦੇ ਪਾਲਣ-ਪੋਸਣ, ਮਾਰਕੀਟਿੰਗ ਆਦਿ ਬਾਰੇ ਦੱਸਣ ਦੇ ਨਾਲ ਇਸ ਕਿੱਤੇ ਨੂੰ ਸ਼ੁਰੂ ਕਰਨ ਲਈ ਸਰਕਾਰ ਵੱਲੋਂ ਦਿੱਤੀ ਜਾ ਰਹੀ ਵਿੱਤੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆਰਥੀ ਇਸ ਸਿਖਲਾਈ ਨੂੰ ਪੂਰੇ ਧਿਆਨ ਨਾਲ ਮੁਕੰਮਲ ਕਰਨ ਉਪਰੰਤ ਪੋਲਟਰੀ ਦੇ ਕਿੱਤੇ ਨੂੰ ਸ਼ੁਰੂ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰਨ।