14 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਵਿਸਾਖੀ ਦੇ ਸ਼ੁਭ ਦਿਹਾੜੇ ’ਤੇ ਜਲੰਧਰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਅਧਿਕਾਰਤ ਤੌਰ ’ਤੇ ਸ਼ੁਰੂ ਹੋ ਗਈ ਹੈ, ਪਰ ਕਿਸਾਨਾਂ ਅਤੇ ਆੜ੍ਹਤੀਆਂ ਦੇ ਚਿਹਰਿਆਂ ’ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਦਿਖਾਈ ਦੇ ਰਹੀਆਂ ਹਨ। ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਵਿੱਚ ਲਗਭਗ 1,400 ਮੀਟ੍ਰਿਕ ਟਨ ਕਣਕ ਪਹੁੰਚੀ, ਜਿਸ ਵਿੱਚੋਂ ਹਾਲੇ ਤੱਕ ਸਿਰਫ਼ 250 ਮੀਟ੍ਰਿਕ ਟਨ ਦੀ ਹੀ ਖਰੀਦ ਹੋ ਸਕੀ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਖ਼ਰਾਬ ਮੌਸਮ ਕਾਰਨ ਕਣਕ ਦਾ ਦਾਣਾ ਸੁੰਗੜ ਗਿਆ ਹੈ ਅਤੇ ਉਸ ਵਿੱਚ ਪਹਿਲਾਂ ਵਰਗੀ ਚਮਕ ਨਹੀਂ ਰਹੀ। ਇਸ ਸਥਿਤੀ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮਾਂ ਨੇ ਕਰਤਾਰਪੁਰ, ਭੋਗਪੁਰ ਅਤੇ ਮਹਿਤਪੁਰ ਵਰਗੀਆਂ ਮੁੱਖ ਮੰਡੀਆਂ ਦਾ ਦੌਰਾ ਕਰਕੇ ਨਮੂਨੇ ਇਕੱਤਰ ਕੀਤੇ ਹਨ, ਜਿਨ੍ਹਾਂ ਦੀ ਰਿਪੋਰਟ ਅਗਲੇ ਕੁਝ ਦਿਨਾਂ ਵਿੱਚ ਆਉਣ ਦੀ ਉਮੀਦ ਹੈ। ਕੁਦਰਤ ਦੀ ਮਾਰ ਕਾਰਨ ਇਸ ਵਾਰ ਕਣਕ ਦੇ ਝਾੜ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਜਿਸ ਨਾਲ ਕਿਸਾਨਾਂ ਦੇ ਆਰਥਿਕ ਸਮੀਕਰਨ ਵਿਗੜ ਗਏ ਹਨ। ਮੀਰਪੁਰ ਅਤੇ ਫ਼ਿਰੋਜ਼ ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਪ੍ਰਤੀ ਏਕੜ ਲਗਭਗ 15,000 ਰੁਪਏ ਖਰਚਾ ਕਰਨ ਦੇ ਬਾਵਜੂਦ ਉਤਪਾਦਨ ਉਮੀਦ ਨਾਲੋਂ ਬਹੁਤ ਘੱਟ ਰਿਹਾ ਹੈ।
