ਨਵੀਂ ਦਿੱਲੀ 28 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਅਮਰੀਕਾ ਦੇ ਵ੍ਹਾਈਟ ਹਾਊਸ ਕੌਰਸਪੋਂਡੈਂਟਸ ਡਿਨਰ (WHCD) ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਰਿਪੋਰਟਾਂ ਅਨੁਸਾਰ, ਮੁਲਜ਼ਮ ਕੋਲ ਟਾਮਸ ਐਲਨ ਨੇ ਹਮਲੇ ਤੋਂ ਪਹਿਲਾਂ ਇੱਕ ਘੋਸ਼ਣਾ ਪੱਤਰ (ਮੈਨੀਫੈਸਟੋ) ਜਾਰੀ ਕੀਤਾ ਸੀ, ਜਿਸ ਵਿੱਚ ਉਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਸੀ ਪਰ FBI ਦੇ ਸੰਭਾਵੀ ਨਿਰਦੇਸ਼ਕ ਕਾਸ਼ ਪਟੇਲ ਦਾ ਨਾਮ ਖ਼ਾਸ ਤੌਰ ‘ਤੇ ਵੱਖ ਰੱਖਿਆ ਗਿਆ ਸੀ।
ਕਾਸ਼ ਪਟੇਲ ਨੂੰ ਕਿਉਂ ਨਹੀਂ ਬਣਾਇਆ ਨਿਸ਼ਾਨਾ
‘ਨਿਊਯਾਰਕ ਪੋਸਟ’ ਦੀ ਰਿਪੋਰਟ ਮੁਤਾਬਕ ਜਾਂਚ ਏਜੰਸੀਆਂ ਇਸ ਗੱਲ ਦੀ ਪੜਤਾਲ ਕਰ ਰਹੀਆਂ ਹਨ ਕਿ ਐਲਨ ਨੇ ਕਾਸ਼ ਪਟੇਲ ਨੂੰ ਆਪਣੀ ਲਿਸਟ ਵਿੱਚ ਕਿਉਂ ਨਹੀਂ ਰੱਖਿਆ।
ਧਾਰਮਿਕ ਕਾਰਨ: ਸੂਤਰਾਂ ਅਨੁਸਾਰ, ਹਮਲਾਵਰ ਐਲਨ ਨੂੰ ‘ਈਸਾਈ ਵਿਰੋਧੀ’ ਮੰਨਿਆ ਜਾ ਰਿਹਾ ਹੈ। ਕਾਸ਼ ਪਟੇਲ ਹਿੰਦੂ ਹਨ, ਸ਼ਾਇਦ ਇਸੇ ਕਰਕੇ ਉਨ੍ਹਾਂ ਨੂੰ ਨਿਸ਼ਾਨੇ ਤੋਂ ਬਾਹਰ ਰੱਖਿਆ ਗਿਆ ਸੀ।
ਰਣਨੀਤਕ ਕਾਰਨ: ਇਕ ਹੋਰ ਪਹਿਲੂ ਇਹ ਵੀ ਹੈ ਕਿ ਹਮਲਾਵਰ ਜਾਂਚ ਏਜੰਸੀਆਂ ਦੇ ਸਿੱਧੇ ਟਕਰਾਅ ਤੋਂ ਬਚਣਾ ਚਾਹੁੰਦਾ ਸੀ ਅਤੇ ਉਸ ਦਾ ਪੂਰਾ ਧਿਆਨ ਸਿਰਫ਼ ਟਰੰਪ ‘ਤੇ ਕੇਂਦਰਿਤ ਸੀ।
ਮੈਨੀਫੈਸਟੋ ‘ਚ ਕੀ ਲਿਖਿਆ ਸੀ
1,052 ਸ਼ਬਦਾਂ ਦੇ ਇਸ ਦਸਤਾਵੇਜ਼ ਵਿੱਚ ਐਲਨ ਨੇ ਸਪੱਸ਼ਟ ਲਿਖਿਆ ਸੀ।
“ਪ੍ਰਸ਼ਾਸਨਿਕ ਅਧਿਕਾਰੀ (ਪਟੇਲ ਨੂੰ ਛੱਡ ਕੇ) ਮੇਰੇ ਨਿਸ਼ਾਨੇ ‘ਤੇ ਹਨ, ਜਿਨ੍ਹਾਂ ਨੂੰ ਅਹੁਦੇ ਦੇ ਕ੍ਰਮ ਅਨੁਸਾਰ ਤਰਜੀਹ ਦਿੱਤੀ ਗਈ ਹੈ।”
ਐਲਨ ਨੇ ਹਮਲੇ ਤੋਂ ਪਹਿਲਾਂ ਆਪਣੇ ਪਰਿਵਾਰ ਤੋਂ ਮਾਫੀ ਵੀ ਮੰਗੀ ਸੀ ਅਤੇ ਲਿਖਿਆ ਸੀ ਕਿ ਉਹ ਜੋ ਕਰਨ ਜਾ ਰਿਹਾ ਹੈ, ਉਸ ਲਈ ਉਸ ਨੂੰ ਮਾਫੀ ਦੀ ਉਮੀਦ ਨਹੀਂ ਹੈ। ਉਸ ਨੇ ਆਪਣੇ ਨਿਯਮਾਂ ਵਿੱਚ ਇਹ ਵੀ ਲਿਖਿਆ ਸੀ ਕਿ ਹੋਟਲ ਸਟਾਫ ਜਾਂ ਮਹਿਮਾਨਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਅਤੇ ਸੀਕਰੇਟ ਸਰਵਿਸ ਦੇ ਲੋਕਾਂ ‘ਤੇ ਸਿਰਫ਼ ਜ਼ਰੂਰਤ ਪੈਣ ‘ਤੇ ਹੀ ਗੋਲੀ ਚਲਾਈ ਜਾਵੇਗੀ।
ਜਾਂਚ ‘ਚ ਸਹਿਯੋਗ ਨਹੀਂ ਕਰ ਰਿਹਾ ਹਮਲਾਵਰ
ਕਾਰਜਕਾਰੀ ਅਟਾਰਨੀ ਜਨਰਲ ਟੌਡ ਬਲੈਂਚ ਨੇ ਦੱਸਿਆ ਕਿ 31 ਸਾਲਾ ਕੋਲ ਟਾਮਸ ਐਲਨ ਗ੍ਰਿਫਤਾਰੀ ਤੋਂ ਬਾਅਦ ਜਾਂਚ ਏਜੰਸੀਆਂ ਨਾਲ ਬਿਲਕੁਲ ਵੀ ਸਹਿਯੋਗ ਨਹੀਂ ਕਰ ਰਿਹਾ। ਸੋਮਵਾਰ ਨੂੰ ਜਦੋਂ ਉਸ ਨੂੰ ਸੰਘੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਉਸ ਦਾ ਵਤੀਰਾ ਕਾਫ਼ੀ ਅੜੀਅਲ ਸੀ।
ਸਜ਼ਾ: ਜੇਕਰ ਐਲਨ ‘ਤੇ ਲੱਗੇ ‘ਰਾਸ਼ਟਰਪਤੀ ਦੀ ਹੱਤਿਆ ਦੀ ਕੋਸ਼ਿਸ਼’ ਦੇ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।
