ਨਵੀਂ ਦਿੱਲੀ 30 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਭਾਰਤੀ ਸ਼ੇਅਰ ਬਾਜ਼ਾਰ ਲਗਾਤਾਰ ਦੂਜੇ ਦਿਨ ਵੀ ਤੇਜ਼ੀ ਨਾਲ ਬੰਦ ਹੋਏ। ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਨਿਫਟੀ 23,000 ਦੇ ਪੱਧਰ ਤੋਂ ਉੱਪਰ ਰਿਹਾ। ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ 591.55 ਅੰਕ ਜਾਂ 0.79 ਫ਼ੀਸਦੀ ਚੜ੍ਹ ਕੇ 74,742.59 ਦੇ ਪੱਧਰ ’ਤੇ ਪਹੁੰਚ ਗਿਆ। ਉੱਥੇ ਹੀ ਨਿਫਟੀ 181.35 ਅੰਕ ਜਾਂ 0.79 ਫ਼ੀਸਦੀ ਦੀ ਤੇਜ਼ੀ ਨਾਲ 23,118.10 ’ਤੇ ਪਹੁੰਚ ਗਿਆ। ਹਾਲਾਂਕਿ, ਇਸ ਤੋਂ ਬਾਅਦ ਬਾਜ਼ਾਰ ਵਿੱਚ ਕੁਝ ਗਿਰਾਵਟ ਵੀ ਦੇਖਣ ਨੂੰ ਮਿਲੀ।
ਬ੍ਰੈਂਟ ਕਰੂਡ ਦੀ ਕੀਮਤ 2 ਫ਼ੀਸਦੀ ਵਧ ਕੇ ਲਗਭਗ 117 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਈ। ਇਸ ਦਾ ਕਾਰਨ ਇਹ ਚਿੰਤਾ ਹੈ ਕਿ ਅਮਰੀਕਾ ਈਰਾਨ ਵਿਰੁੱਧ ਮੁੜ ਫ਼ੌਜੀ ਹਮਲੇ ਸ਼ੁਰੂ ਕਰ ਸਕਦਾ ਹੈ। ਇਸ ਨਾਲ ਖੇਤਰ ਵਿੱਚ ਨਵਾਂ ਤਣਾਅ ਪੈਦਾ ਹੋਣ ਅਤੇ ਊਰਜਾ ਸਪਲਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ।
ਕਾਰੋਬਾਰ ਦੀ ਸਮਾਪਤੀ ’ਤੇ ਸੈਂਸੇਕਸ 308.49 ਅੰਕ ਜਾਂ 0.42 ਫ਼ੀਸਦੀ ਦੀ ਤੇਜ਼ੀ ਨਾਲ 74,459.53 ਦੇ ਪੱਧਰ ’ਤੇ ਬੰਦ ਹੋਇਆ। ਨਿਫਟੀ ਵੀ 116.35 ਅੰਕ ਜਾਂ 0.51 ਫ਼ੀਸਦੀ ਚੜ੍ਹ ਕੇ 23,053.10 ’ਤੇ ਬੰਦ ਹੋਇਆ। ਇਸ ਦੌਰਾਨ 1,233 ਸ਼ੇਅਰਾਂ ਵਿੱਚ ਤੇਜ਼ੀ ਦਰਜ ਕੀਤੀ ਗਈ, ਜਦਕਿ 2,788 ਸ਼ੇਅਰਾਂ ਵਿੱਚ ਗਿਰਾਵਟ ਆਈ। ਇਸ ਤੋਂ ਇਲਾਵਾ 146 ਸ਼ੇਅਰਾਂ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ।
ਕਿਹੜੇ ਸ਼ੇਅਰਾਂ ਵਿੱਚ ਸਭ ਤੋਂ ਵੱਧ ਤੇਜ਼ੀ ਅਤੇ ਕਿਨ੍ਹਾਂ ਵਿੱਚ ਆਈ ਗਿਰਾਵਟ?
ਨਿਫਟੀ ’ਤੇ ਸਭ ਤੋਂ ਵੱਧ ਤੇਜ਼ੀ ਦਰਜ ਕਰਨ ਵਾਲੇ ਸ਼ੇਅਰਾਂ ਵਿੱਚ ਟ੍ਰੈਂਟ, ਇੰਟਰਗਲੋਬ ਏਵੀਏਸ਼ਨ, ਐੱਚਸੀਐੱਲ ਟੈਕਨਾਲੋਜੀਜ਼, ਇੰਫੋਸਿਸ ਅਤੇ ਸਨ ਫਾਰਮਾ ਸ਼ਾਮਲ ਰਹੇ। ਦੂਜੇ ਪਾਸੇ ਅਡਾਨੀ ਪੋਰਟਸ, ਸ਼੍ਰੀਰਾਮ ਫਾਈਨੈਂਸ, ਅਡਾਨੀ ਐਂਟਰਪ੍ਰਾਈਜ਼ਿਜ਼, ਐੱਮਐਂਡਐੱਮ ਅਤੇ ਕੋਲ ਇੰਡੀਆ ਦੇ ਸ਼ੇਅਰਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ।ਸੈਕਟਰਾਂ ਦੀ ਗੱਲ ਕਰੀਏ ਤਾਂ ਆਈਟੀ ਇੰਡੈਕਸ ਵਿੱਚ 2.5 ਫ਼ੀਸਦੀ ਅਤੇ ਫਾਰਮਾ ਇੰਡੈਕਸ ਵਿੱਚ 1.7 ਫ਼ੀਸਦੀ ਦੀ ਤੇਜ਼ੀ ਦਰਜ ਕੀਤੀ ਗਈ। ਇਸ ਦੇ ਉਲਟ ਕੰਜ਼ਿਊਮਰ ਡਿਊਰੇਬਲਜ਼, ਐਨਰਜੀ ਅਤੇ ਮੀਡੀਆ ਸੈਕਟਰ ਵਿੱਚ 1 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਰਹੀ। ਆਟੋ, ਨਿਫਟੀ ਬੈਂਕ, ਪੀਐੱਸਯੂ ਬੈਂਕ ਅਤੇ ਐੱਫਐੱਮਸੀਜੀ ਸੈਕਟਰਾਂ ਵਿੱਚ ਵੀ 0.5 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
