ਮੁਹਾਲੀ 13 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਦੇ ਜੰਗਲਾਤ ਵਿਭਾਗ ਵਿਚ ਲਗਭਗ ਪਿਛਲੇ ਡੇਢ ਦਹਾਕੇ ਤੋਂ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਉਡੀਕ ਹੁਣ ਖ਼ਤਮ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਜ 516 ਜੰਲਗਾਤ ਕਾਮਿਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਨਿਯੁਕਤੀ ਪੱਤਰ ਵੰਡਣਗੇ।
ਇਸ ਸਬੰਧੀ ਮੁਹਾਲੀ ਦੇ ਫੇਜ਼-8 ਸਥਿਤ ਵਿਕਾਸ ਭਵਨ ਵਿਖੇ ਨਿਯੁਕਤ ਪੱਤਰ ਵੰਡ ਸਮਾਰੋਹ ਕਰਵਾਇਆ ਜਾ ਰਿਹਾ ਹੈ। ਸੀਐਮ ਮਾਨ ਅੱਜ ਦੁਪਹਿਰ ਕਰੀਬ 12 ਵਜੇ ਪਹੁੰਚਣਗੇ।
ਕਾਬਿਲੇਗੌਰ ਹੈ ਕਿ ਬੀਤੀ 6 ਜੁਲਾਈ ਨੂੰ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਮੋਹਰੀ ਆਗੂਆਂ ਦੀ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਪੈਨਲ ਬੈਠਕ ਹੋਈ ਸੀ। ਜਿਸ ਵਿਚ ਮੰਤਰੀ ਨੇ ਉਕਤ ਜੰਗਲਾਤ ਕਾਮਿਆਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਅਤੇ ‘ਆਪ’ ਦੇ ਚੋਣ ਵਾਅਦੇ ਮੁਤਾਬਕ ਕੱਚੇ ਕਾਮਿਆਂ ਨੂੰ ਜਲਦੀ ਪੱਕੇ ਕਰਨ ਦਾ ਭਰੋਸਾ ਦਿੱਤਾ ਸੀ।ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸੰਕਰ ਅਤੇ ਸੂਬਾ ਸਕੱਤਰ ਜਸਵਿੰਦਰ ਸਿੰਘ ਸੌਜਾ ਨੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਵਿਭਾਗੀ ਜਾਣਕਾਰੀ ਨਾਲ ਸਾਂਝੀ ਕਰਦਿਆਂ ਕਿਹਾ ਕਿ ਜਥੇਬੰਦੀਆਂ ਦੀਆਂ ਕੋਸ਼ਿਸ਼ਾਂ, ਮੁਲਾਜ਼ਮ ਸੰਘਰਸ਼ ਲਹਿਰ ਤਹਿਤ ਕੀਤੇ ਗਏ ਲੜੀਵਾਰ ਸੰਘਰਸ਼ ਨੂੰ ਬੂਰ ਪੈ ਗਿਆ ਹੈ ਅਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਜੰਗਲਾਤ ਵਿਭਾਗ ਦੇ 516 ਕੱਚੇ ਕਾਮਿਆਂ ਨੂੰ ਵਿਕਾਸ ਭਵਨ ਮੁਹਾਲੀ ਵਿਖੇ ਨਿਯੁਕਤੀ ਪੱਤਰ ਵੰਡਣਗੇ।
